ਇਤਿਹਾਸ ਜਿਨ੍ਹਾਂ ਨੇ ਸਿਰਜਿਆ ਪਾ ਰਤੜਾ ਚੋਲਾ ਲੋਕ ਮਨਾਉਂਦੇ ਹੋਲੀਆਂ ਸਿੰਘ ਖੇਡਣ ਹੋਲਾ

ਇਤਿਹਾਸ ਜਿਨ੍ਹਾਂ ਨੇ ਸਿਰਜਿਆ ਪਾ ਰਤੜਾ ਚੋਲਾ ਲੋਕ ਮਨਾਉਂਦੇ ਹੋਲੀਆਂ ਸਿੰਘ ਖੇਡਣ ਹੋਲਾ

ਬਰਾਡਸ਼ਾਅ ਸੈਕਰਾਮੈਂਟ ਵਿਖੇ ਹੋਲੇ ਮਹੱਲੇ ਦੇ ਪਹਿਲੇ ਨਗਰ ਕੀਰਤਨ ’ਤੇ ਸੰਗਤਾਂ ਠਾਠਾਂ ਮਾਰਦਾ ਇਕੱਠ
ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) : ਸਿੱਖ ਸੋਸਾਇਟੀ ਵਲੋਂ ਗੁਰਦੁਆਰਾ ਸਾਹਿਬ ਬਰਾਡਸ਼ਾਅ ਰੋਡ ਵਿਖੇ ਅੱਜ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿਚ ਇਲਾਕੇ ਦੀਆਂ ਹਜ਼ਾਰਾਂ ਸੰਗਤਾਂ ਨੇ ਸ਼ਮੂਲੀਅਤ ਕੀਤੀ। ਗੁਰਦੁਆਰਾ ਸਾਹਿਬ ਵਿਚ ਕਰੀਬ ਦੋ ਹਫਤਿਆਂ ਤੋਂ ਪੰਜਾਬ ’ਚੋਂ ਆਏ ਅਲੱਗ ਅਲੱਗ ਕੀਰਤਨ ਤੇ ਕਥਾਵਾਚਕ ਜੱਥਿਆ ਨੇ ਜਿਨ੍ਹਾਂ ਵਿਚ ਭਾਈ ਪਿੰਦਰਪਾਲ ਸਿੰਘ (ਕਥਾਵਾਚਕ), ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਭਾਈ ਸਰਬਜੀਤ ਸਿੰਘ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸਤਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਹਰਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸੁਖਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਡਾ. ਗਗਨਦੀਪ ਸਿੰਘ ਹੋਰਾਂ ਨੇ ਪਹੁੰਚ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ।
ਇਸ ਦੌਰਾਨ ਸ਼ੁੱਕਰਵਾਰ ਨੂੰ ਨਗਰ ਕੀਰਤਨ ਤੋਂ ਪਹਿਲਾਂ ਭਾਰੀ ਅਸਤਵਾਜ਼ੀ ਹੋਈ ਅਤੇ ਨਿਸ਼ਾਨ ਸਾਹਿਬ ਦੇ ਝੋਲਾ ਸਾਹਿਬ ਬਦਲੇ ਗਏ ਅਤੇ ਸ਼ਾਮ ਦੇ ਕੀਰਤਨ ਦਰਬਾਰ ਹੋਏ। ਸ਼ਨੀਵਾਰ ਨੂੰ ਸਵੇਰੇ ਅੰਮ੍ਰਿਤ ਸੰਚਾਰ ਕੀਤਾ ਗਿਆ, ਜਿਸ ਵਿਚ ਸੈਂਕੜੇ ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ। ਸ਼ਾਮ ਦੇ ਦੀਵਾਨ ਵਿਚ ਵੱਖ-ਵੱਖ ਸਿੱਖ ਆਗੂਆਂ ਨੇ ਆਪਣੀਆਂ ਤਕਰੀਰਾਂ ਰਾਹੀਂ ਪੰਜਾਬ ਦੀ ਮੌਜੂਦਾ ਸਥਿਤੀ ਪ੍ਰਤੀ ਚਿੰਤਾ ਜ਼ਾਹਰ ਕੀਤੀ ਤੇ ਇਸ ਸਥਿਤੀ ਲਈ ਸਥਾਨਕ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਇਹ ਅਪੀਲਾਂ ਵੀ ਕੀਤੀਆਂ ਕਿ ਸਿੱਖ ਨੌਜਵਾਨਾਂ ਦੀ ਫੜਾ ਫੜਾਈ ਬੰਦ ਹੋਵੇ ਅਤੇ ਫੜੇ ਗਏ ਨੌਜਵਾਨਾਂ ਨੂੰ ਸਰਕਾਰ ਰਿਹਾ ਕਰੇ। ਕੁੱਝ ਬੁਲਾਰਿਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਭਾਈ ਅਮ੍ਰਿੰਤਪਾਲ ਸਿੰਘ ਬਾਰੇ ਪੰਜਾਬ ਤੇ ਕੇਂਦਰ ਸਰਕਾਰ ਡਰਾਮਾ ਕਰ ਰਹੀ ਹੈ ਅਸਲ ਵਿਚ ਭਾਈ ਅਮ੍ਰਿੰਤਪਾਲ ਸਿੰਘ ਪੁਲਿਸ ਹਿਰਾਸਤ ਵਿਚ ਹੈ। ਉਹਨਾਂ ਨੇ ਭਗਵੰਤ ਮਾਨ ਸਰਕਾਰ ਨੂੰ ਤਾੜਨਾ ਕੀਤੀ ਕਿ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਤੇ ਹਿਰਾਸਤ ਵਿੱਚ ਲਏ ਸਿੱਖ ਨੌਜਵਾਨਾਂ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਸਰਕਾਰਾਂ ਨੂੰ ਸਿੱਟੇ ਭੁਗਤਨੇ ਪੈਣਗੇ। ਸਾਰੇ ਬੁਲਾਰਿਆਂ ਨੇ ਗੁਰਦੁਆਰਾ ਸਾਹਿਬ ਬਰਾਡਸ਼ਾਅ ਰੋਡ ਦੇ ਪ੍ਰਬੰਧਕਾਂ ਨੂੰ ਇਸ ਪਹਿਲੇ ਨਗਰ ਕੀਰਤਨ ਆਯੋਜਨ ਕਰਨ ’ਤੇ ਵਧਾਈਆਂ ਵੀ ਪੇਸ਼ ਕੀਤੀਆਂ। ਇਨ੍ਹਾਂ ਬੁਲਾਰਿਆਂ ਵਿਚ ਅਮਰੀਕਨ ਅਧਿਕਾਰੀਆਂ ਤੋਂ ਇਲਾਵਾ ਸਿੱਖ ਆਗੂਆਂ ਵਿਚੋਂ ਮੁੱਖ ਤੌਰ ’ਤੇ ਅਮਰੀਕਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੋਆਡੀਨੇਟਰ ਡਾ.ਪ੍ਰਿਤਪਾਲ ਸਿੰਘ ਅਤੇ ਪ੍ਰਧਾਨ ਭਾਈ ਸੰਤ ਸਿੰਘ ਹੋਠੀ, ਅਜੂਬਾ ਸਿਟੀ ਤੋਂ ਗੁਰਨਾਮ ਸਿੰਘ ਪੰਮਾ ਅਤੇ ਮੁਖਤਿਆਰ ਚੀਮਾ ਤੋਂ ਇਲਾਵਾ ਯੂਨਾਇਟਡਨੇਸ਼ਨ ਵਿਚ ਸਿੱਖਾਂ ਬਾਰੇ ਗੱਲ ਰੱਖਣ ਵਾਲੇ ਹੋਰ ਕਈ ਸਿੱਖ ਆਗੂਆਂ ਨੇ ਆਪੋ ਆਪਣੇ ਵਿਚਾਰ ਰੱਖੇ।
ਨਗਰ ਕੀਰਤਨ ਵਾਲੇ ਦਿਨ ਰਾਗੀ ਤੇ ਕਥਾਕਾਰਾਂ ਵਲੋਂ ਮਨੋਹਰ ਕੀਰਤਨ ਕੀਤਾ ਗਿਆ। ਇਸ ਦੌਰਾਨ ਭਾਰੀ ਸੰਗਤਾਂ ਨੇ ਸਵੇਰ ਦੇ ਦੀਵਾਨ ਵਿਚ ਹਾਜ਼ਰੀ ਲਗਾਈ। ਇਸ ਤੋਂ ਬਾਅਦ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਦੇਹ ਨੂੰ ਸੁੰਦਰ ਫਲੋਟ ਵਿਚ ਸਜਾਇਆ ਗਿਆ। ਨਗਰ ਕੀਰਤਨ ਵਿਚ ਕਰੀਬ 12 ਹਜ਼ਾਰ ਤੋਂ ਉਪਰ ਸੰਗਤਾਂ ਨੇ ਸ਼ਮੂਲੀਅਤ ਕੀਤੀ ਤੇ ਵੱਖ-ਵੱਖ ਹੋਰ ਫਲੋਟ ਵੀ ਨਗਰ ਕੀਰਤਨ ਵਿਚ ਸ਼ਾਮਲ ਹੋਏ। ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਪੁਲਿਸ ਸਕਿਊਰਟੀ ਅਤੇ ਪ੍ਰਾਈਵੇਟ ਸਕਿਊਰਟੀ ਦਾ ਭਾਰੀ ਪ੍ਰਬੰਧ ਕੀਤਾ ਗਿਆ ਸੀ।
ਨਗਰ ਕੀਰਤਨ ਦੌਰਾਨ ਸ਼ਰਾਰਤੀ ਅਨਸਰ ਵਲੋਂ ਖਲਲ: ਭਾਵੇਂ ਗੁਰਦਵਾਰਾ ਪ੍ਰਬੰਧਕਾਂ ਵੱਲੋਂ ਸਕਿਉਰਟੀ ਦਾ ਭਾਰੀ ਪ੍ਰਬੰਧ ਕੀਤਾ ਗਿਆ ਸੀ ਪਰ ਫੇਰ ਵੀ ਬਾਹਰੋਂ ਆਏ ਸ਼ਰਾਰਤੀ ਅਨਸਰਾਂ ਵਲੋਂ ਪੁਰ ਸਕੂਨ ਚਲ ਰਹੇ ਧਾਰਮਿਕ ਸਮਾਗਮ ਵਿੱਚ ਖਲਲ ਪਾਇਆ ਗਿਆ। ਇਹ ਮੰਦਭਾਗਾ ਹੈ ਕਿ ਕੁਝ ਕੁ ਗੁੰਮਰਾਹ ਲੋਕਾਂ ਨੇ ਧਾਰਮਿਕ ਸਮਾਗਮ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਸੀ। ਮਿਲੀ ਜਾਣਕਾਰੀ ਅਨੁਸਾਰ ਇਹ ਝਗੜਾ ਬਾਹਰੋਂ ਆਏ ਦੋ ਧੜਿਆ ਵਿਚਕਾਰ ਹੋਇਆ ਤੇ ਇਸ ਦੌਰਾਨ ਗੋਲ਼ੀ ਚੱਲਣ ਨਾਲ ਦੋ ਵਿਅਕਤੀ ਜ਼ਖਮੀ ਹੋਏ। ਪਤਾ ਲੱਗਾ ਹੈ ਕਿ ਇਹ ਗੋਲਾਬਾਰੀ ਵਿਚ ਇੰਦਰਰਾਜ ਸਿੰਘ ਉਰਫ਼ ਫ਼ੌਜੀ ਤੇ ਤਨਵੀਰ ਸਿੰਘ ਉਰਫ਼ ਤਰਨੀ ਜ਼ਖਮੀ ਹੋ ਗਏ। ਇਸ ਮੌਕੇ ਇੰਦਰਰਾਜ ਸਿੰਘ ਫ਼ੌਜੀ ਦੇ ਗਲੇ ਵਿਚ ਗੋਲੀ ਲੱਗੀ ਜਦੋਂਕਿ ਤਨਵੀਰ ਸਿੰਘ ਤਰਨੀ ਦੇ ਲੱਕ ਵਿਚ ਗੋਲੀ ਵੱਜੀ ਦੱਸੀ ਜਾਂਦੀ ਹੈ। ਗੰਭੀਰ ਜ਼ਖਮੀ ਹੋਇਆ ਇੰਦਰਾਜ ਫੌਜੀ ਕੋਲੋਂ ਪਹਿਲਾ ਵੀ ਅਸਲਾ ਬਰਾਮਦ ਹੋ ਚੁੱਕਾ ਹੈ ਤੇ ਉਸਦੇ ਪਹਿਲਾਂ ਹੀ ਲੱਤ ਵਿਚ ਕੜਾ ਪਾਇਆ ਹੋਇਆ ਸੀ ਭਾਵ ਉਹ ਪਹਿਲਾਂ ਹੀ ਆਪਣਾ ਏਰੀਆ ਛੱਡ ਕੇ ਦੂਜੀ ਜਗ੍ਹਾ ਨਹੀਂ ਜਾ ਸਕਦਾ ਸੀ ਪਰ ਪਤਾ ਲੱਗਾ ਉਹ ਝਗੜੇ ਤੋਂ ਸਿਰਫ 10 ਮਿੰਟ ਪਹਿਲਾ ਹੀ ਗੁਰਦਵਾਰਾ ਸਾਹਿਬ ਵਿਚ ਆਇਆ ਸੀ। ਜਾਣਕਾਰੀ ਅਨੁਸਾਰ ਦੋਨੋਂ ਧਿਰਾਂ ਦੇ ਆਪਸ ਵਿਚ ਬਹਿਸ ਹੋਈ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਆਪਣੀਆਂ ਗੱਡੀਆਂ ਵਿਚੋਂ ਗੰਨਾਂ ਲਿਆਦੀਆਂ। ਮਿਲੇ ਸਬੂਤਾਂ ਤੋਂ ਇਸ ਮੌਕੇ ਚਾਰ ਗੋਲੀਆਂ ਦੇ ਖੋਲ ਮਿਲੇ ਜੋ ਫ਼ਰੰਜੀਵਲ (fmj) ਦੇ ਫਾਇਅਰ ਸਨ। ਇਹ ਵੀ ਜਣਕਾਰੀ ਮਿਲੀ ਹੈ ਜਿਨ੍ਹਾਂ ਨੇ ਉਥੇ ਗੋਲਾਬਾਰੀ ਕੀਤੀ ਉਨ੍ਹਾਂ ਵਿਚੋਂ ਦੋ ਤੋਂ ਵੱਧ ਮੁਜ਼ਰਮ ਫਰਾਰ ਹਨ ਭਾਵੇਂ ਕਿ ਪੁਲਿਸ ਨੇ ਸ਼ੱਕੀ ਮੁੰਡਿਆਂ ਨੂੰ ਫੜ ਲਿਆ ਸੀ ਉਹਨਾਂ ਵਿਚੋਂ ਇਕ ਲੜਕਾ (ਨਾਮ ਨਸ਼ਰ ਨਹੀਂ ਕਰ ਰਹੇ ਨਾਮ ਗੁਪਤ ਹੈ) ਜੋ ਮਹਿਜ਼ 15 ਸਾਲ ਦਾ ਹੈ ਫੜਿਆ ਗਿਆ। ਉਸ ਤੋਂ ਇਲਾਵਾ ਚਾਰ ਹੋਰ ਲੜਕਿਆਂ ਨੂੰ ਫੜਿਆ ਤੇ ਤਫ਼ਤੀਸ਼ ਕਰਨ ਤੋਂ ਬਾਅਦ ਛੱਡ ਦਿੱਤਾ। ਘਟਨਾ ਵਾਲੀ ਥਾਂ ਉਤੇ ਕਾਫ਼ੀ ਖ਼ੂਨ ਡੁਲਿਆ ਹੋਇਆ ਸੀ ਅਤੇ ਬਹੁਤ ਸਾਰਾ ਸਮਾਨ ਤੇ ਜੁੱਤੀਆਂ ਖਿੱਲਰੀਆਂ ਪਈਆਂ ਸਨ ਜੋ ਕਿ ਪੁਲਿਸ ਤਫਤੀਸ਼ ਤੋਂ ਬਾਅਦ ਪ੍ਰਬੰਧਕਾਂ ਵਲੋਂ ਸਾਫ਼ ਕੀਤਾ ਗਿਆ। ਇਸ ਘਟਨਾ ਦੀ ਸੋਸ਼ਲ ਮੀਡੀਆ ਉਤੇ ਵਿਸ਼ਵ ਵਿਆਪੀ ਨਿੰਦਾ ਕੀਤੀ ਗਈ ਹੈ ਕਿਉਂਕਿ ਕੁਝ ਕੁ ਸ਼ਰਾਰਤੀ ਅਨਸਰਾਂ ਵਲੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਪੂਰੇ ਸਿੱਖ ਭਾਈਚਾਰੇ ਨੂੰ ਬਦਨਾਮ ਕਰਦੇ ਹਨ। ਸਥਾਨਕ ਅੰਗਰੇਜ਼ੀ ਮੀਡੀਆ ਨੇ ਵੀ ਇਸ ਘਟਨਾ ਨੂੰ ਨਗਰ ਕੀਰਤਨ ਤੋਂ ਅਲੱਗ ਦੱਸਿਆ। ਇਸ ਘਟਨਾ ਤੋਂ ਬਾਅਦ ਪੁਲਿਸ ਵਲੋਂ ਗੁਰਦਵਾਰਾ ਸਾਹਿਬ ਦੀ ਹਦੂਦ ਨੂੰ ਕੁਝ ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਤੇ ਪੁਲਿਸ ਵੱਲੋਂ ਸੰਗਤ ਨੂੰ ਹੈਲੀਕਾਪਟਰ ਤੋਂ ਅਨਾਊਂਸ ਕਰ ਕੇ ਘਰੇ ਜਾਣ ਲਈ ਕਿਹਾ ਪਰ ਕੁਝ ਸਮੇਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਦੇਹ ਨੂੰ ਮੁੜ ਗੁਰੂ ਘਰ ਲਿਆਉਣ ਦੀ ਇਜਾਜ਼ਤ ਦੇ ਦਿੱਤੀ ਗਈ। ਬਿਨਾਂ ਸ਼ੱਕ ਇਸ ਘਟਨਾ ਤੋਂ ਬਾਅਦ ਸਾਰੀ ਸੰਗਤ ਅਤੇ ਪ੍ਰਬੰਧਕਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਗਦੇ ਦੇਖੇ ਗਏ ਜਿਨ੍ਹਾਂ ਨੇ ਹਰ ਦੇਖਣ ਵਾਲੇ ਦੇ ਸੀਨੇ ਨੂੰ ਪਸੀਜ਼ ਕੇ ਰੱਖ ਦਿੱਤਾ।