ਸ਼ਹੀਦ ਦਲੀਪ ਸਿੰਘ ਸਾਹੋਵਾਲ

ਸ਼ਹੀਦ ਦਲੀਪ ਸਿੰਘ ਸਾਹੋਵਾਲ

ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਮਹੰਤ ਨਰੈਣ ਦਾਸ ਦੀਆਂ ਮਾੜੀਆਂ ਕਾਰਵਾਈਆਂ ਦੀ ਚਰਚਾ ਸਾਰੇ ਸਿੱਖ ਪੰਥ ਵਿਚ ਫੈਲੀ ਹੋਈ ਸੀ। ਮਹੰਤ ਨੇ ਜਥੇਦਾਰ ਕਰਤਾਰ ਸਿੰਘ ਝੱਬਰ ਅਤੇ ਬੂਟਾ ਸਿੰਘ ਵਕੀਲ ਸ਼ੇਖੂਪੁਰੇ ਆਦਿ ਪੰਥਕ ਮੁਖੀਆਂ ਨਾਲ ਗੱਲਬਾਤ ਵੀ ਤੋਰੀ ਹੋਈ ਸੀ ਤੇ ਟਾਲ-ਮਟੋਲ ਵੀ ਕਰਦਾ ਆ ਰਿਹਾ ਸੀ। ਇਸੇ ਸਿਲਸਲੇ ਵਿਚ ਇੱਕ ਇਕੱਤਰਤਾ 14 ਫਰਵਰੀ 1921 ਨੂੰ ਬੂਟਾ ਸਿੰਘ ਵਕੀਲ ਦੀ ਕੋਠੀ ਵਿੱਚ ਹੋਣੀ ਸੀ ਪਰ ਮਹੰਤ ਦਾ ਸੁਨੇਹਾ ਪੁੱਜ ਗਿਆ ਕਿ ਇਹ ਗੱਲ 15 ਫਰਵਰੀ ਨੂੰ ਲਾਹੌਰ ਆ ਕੇ ਕੀਤੀ ਜਾਵੇ। ਬੂਟਾ ਸਿੰਘ ਅਤੇ ਕਰਤਾਰ ਸਿੰਘ ਝੱਬਰ ਲਾਹੌਰ ਵਿਚ ‘ਲਾਇਲ ਗਜ਼ਟ’ ਅਖ਼ਬਾਰ ਦੇ ਦਫ਼ਤਰ ਵਿਚ ਅਮਰ ਸਿੰਘ ਕੋਲ ਚਲੇ ਗਏ ਤੇ ਮਹੰਤ ਨੂੰ ਸੱਦਾ ਭੇਜਿਆ। ਇਸੇ ਮੌਕੇ ਝੱਬਰ ਜੀ ਦਾ ਸੂਹੀਆ ਅਵਤਾਰ ਸਿੰਘ ਜੋ ਮਹੰਤ ਦੇ ਨਾਲ ਹੀ ਰਹਿੰਦਾ ਸੀ, ਉਚੇਚਾ ਆ ਕੇ ਮਿਲਿਆ ਅਤੇ ਉਸ ਨੇ ਦੱਸਿਆ ਕਿ ਮਹੰਤ ਨੇ ਰਾਮ ਗਲੀ ਵਾਲੇ ਮਕਾਨ ਵਿਚ ਇਕ ਗੁਪਤ ਮੀਟਿੰਗ ਕੀਤੀ ਹੈ। ਇਸ ਵਿਚ ਥੰਮਨ ਦਾ ਮਹੰਤ ਅਰਜਨ ਦਾਸ, ਬੱਘਿਆਂ ਵਾਲੇ ਦਾ ਜਗਨ ਨਾਥ, ਮਾਨਕ ਗੁਰਦੁਆਰੇ ਦਾ ਬਸੰਤ ਦਾਸ ਤੇ ਚਾਰ ਪੰਜ ਹੋਰ ਵਿਅਕਤੀ ਸਨ। ਮਹੰਤ ਨੇ ਬਦਮਾਸ਼ਾਂ ਨੂੰ ਡੇਢ ਲੱਖ ਰੁਪਿਆ ਦੇਣਾ ਕੀਤਾ ਹੈ। ਉਹ ਬਦਮਾਸ਼ 12 ਭਗੌੜੇ ਕਾਤਲ ਨਾਲ ਲੈ ਕੇ 6 ਮਾਰਚ 1921 ਨੂੰ ਨਨਕਾਣਾ ਸਾਹਿਬ ਉਸ ਵੇਲੇ ਪੁੱਜਣਗੇ, ਜਿਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਕੱਠ ਕੀਤਾ ਹੋਵੇਗਾ। ਇਹ ਪੰਥਕ ਇਕੱਠ ’ਤੇ ਹੱਲਾ ਕਰਕੇ ਦੌੜਣਗੇ ਤੇ ਮਹੰਤ ਜੁੰਡਲੀ ਉਨ੍ਹਾਂ ਨੂੰ ਫੜਨ ਦਾ ਤਮਾਸ਼ਾ ਕਰੇਗੀ।

ਸੂਹੀਏ ਦੀ ਸੂਚਨਾ ਨੇ ਜਥੇਦਾਰ ਝੱਬਰ ਹੋਰਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ। ਮਹੰਤ ਵੱਲੋਂ ਵੀ ਨਾਂਹ ਆ ਗਈ ਕਿ ਉਹ ਬੇਦੀ ਕਰਤਾਰ ਸਿੰਘ ਦੀ ਕੋਠੀ ਜਾ ਰਿਹਾ ਹੈ ਅਤੇ ਉਸ ਦਾ ਆਉਣਾ ਅਸੰਭਵ ਹੈ। ਜਥੇਦਾਰ ਝੱਬਰ ਉਸੇ ਵੇਲੇ ਗੱਡੀ ਚੜ੍ਹ ਕੇ ਚੂਹੜਕਾਣੇ ਗੁਰਦੁਆਰੇ ‘ਖਰਾ ਸੌਦਾ’ ਪੁੱਜ ਗਏ। ਜਥੇ ਨੂੰ ਹੁਣ ਤੱਕ ਦੀ ਸਾਰੀ ਬੀਤੀ ਸੁਣਾਈ ਅਤੇ ਵਿਉਂਤ ਬਣਾਈ ਕਿ 19-20 ਫਰਵਰੀ ਨੂੰ ਜਦੋਂ ਲਾਹੌਰ ਵਿਚ ਸਨਾਤਨ ਸਿੱਖ ਕਾਨਫਰੰਸ ਹੋਣੀ ਹੈ, ਜਿਸ ਵਿਚ ਮਹੰਤ ਨਰੈਣ ਦਾਸ ਨੇ ਵੀ ਜਾਣਾ ਹੈ, ਉਸ ਵੇਲੇ ਗੁਰਦੁਆਰਾ ਨਨਕਾਣਾ ਸਾਹਿਬ ਦੀ ਸੇਵਾ-ਸੰਭਾਲ ਦਾ ਚੰਗਾ ਮੌਕਾ ਹੋਵੇਗਾ। ਇਸ ਦੀ ਸਲਾਹ ਖ਼ਾਲਸਾ ਦੀਵਾਨ ਦੇ ਮੁਖੀਆਂ ਭਾਈ ਲਛਮਣ ਸਿੰਘ, ਭਾਈ ਟਹਿਲ ਸਿੰਘ ਅਤੇ ਲਾਇਲਪੁਰ ਤੋਂ ਭਾਈ ਬੂਟਾ ਸਿੰਘ ਚੱਕ ਨੰ: 204 ਅਤੇ ਸੰਤ ਤੇਜਾ ਸਿੰਘ ਨਾਲ ਵੀ ਹੋ ਗਈ। ਫ਼ੈਸਲਾ ਹੋ ਗਿਆ ਕਿ 10 ਫੱਗਣ ਮੁਤਾਬਕ 20 ਫਰਵਰੀ 1921 ਨੂੰ ਚਾਰ-ਪੰਜ ਹਜ਼ਾਰ ਦਾ ਜਥਾ ਲੈ ਕੇ ਨਨਕਾਣਾ ਸਾਹਿਬ ਪੁੱਜਿਆ ਜਾਵੇ। ਭਾਈ ਲਛਮਣ ਸਿੰਘ ਦੇ ਜੱਥੇ ਨੇ ਧਾਰੋਵਾਲ ਤੋਂ ਚੱਲ ਕੇ ਝੱਬਰ ਦੇ ਜੱਥੇ ਨੂੰ ਨਨਕਾਣਾ ਸਾਹਿਬ ਤੋਂ ਪੰਜ ਮੀਲ ਪਿੱਛੇ ਚੰਦਰ ਕੋਟ ਦੀ ਝਾਲ ’ਤੇ ਮਿਲਣਾ ਸੀ ਅਤੇ ਲਾਇਲਪੁਰ ਤੋਂ ਆਏ ਸਿੰਘਾਂ ਨੇ ਇਨ੍ਹਾਂ ਨੂੰ 20 ਫਰਵਰੀ ਸਵੇਰੇ ਚਾਰ ਵਜੇ ਨਨਕਾਣਾ ਸਾਹਿਬ ਦੇ ਨੇੜੇ ਭੱਠਿਆਂ ’ਤੇ ਮਿਲਣਾ ਸੀ।

ਇਹ ਸਾਰੀ ਵਿਉਂਤਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਗੁਪਤ ਰੱਖੀ ਜਾ ਰਹੀ ਸੀ ਕਿਉਂਕਿ ਕਮੇਟੀ ਨੇ 6 ਮਾਰਚ ਦੇ ਉਲੀਕੇ ਇਕੱਠ ਦੇ ਮੱਦੇਨਜ਼ਰ ਸਹਿਮਤ ਨਹੀਂ ਹੋਣਾ ਸੀ ਪਰ ਮਾਸਟਰ ਤਾਰਾ ਸਿੰਘ ਤੇ ਸਰਦਾਰ ਤੇਜਾ ਸਿੰਘ ਸਮੁੰਦਰੀ ਨੂੰ ਪਤਾ ਲੱਗ ਗਿਆ। ਉਨ੍ਹਾਂ 19 ਫਰਵਰੀ ਸਵੇਰੇ ਪੰਜ ਵਜੇ ਚੂਹੜਕਾਣੇ ਤੋਂ ਲੰਘਦੇ ਹੋਏ ਸੁੱਚਾ ਸਿੰਘ ਜੈਦਚੱਕ ਵਾਲੇ ਦੇ ਹੱਥੀਂ ਝੱਬਰ ਨੂੰ ਸੁਨੇਹਾ ਭੇਜਿਆ ਕਿ ਜਥਾ ਨਾ ਭੇਜਿਆ ਜਾਵੇ। ਫਿਰ ਲਾਹੌਰ ਪੁੱਜ ਕੇ ਇਹ ਹੀ ਸੁਨੇਹਾ ਭਾਈ ਦਲੀਪ ਸਿੰਘ ਸਾਹੇਵਾਲ ਤੇ ਜਸਵੰਤ ਸਿੰਘ ਝਬਾਲ ਰਾਹੀਂ ਚੂਹੜਕਾਣੇ ਭੇਜਿਆ। ਉੱਧਰ ਇਸ ਵੇਲੇ ਤੱਕ ਵਿਰਕਾਇਤ ਦੇ ਬਹੁਤ ਸਾਰੇ ਸਿੰਘ ਪੁੱਜ ਚੁੱਕੇ ਸਨ। ਸੰਤ ਤੇਜਾ ਸਿੰਘ (ਸਾਬਕਾ ਹੈੱਡ ਗ੍ਰੰਥੀ ਨਨਕਾਣਾ ਸਾਹਿਬ) ਵੀ ਲਾਇਲਪੁਰ ਤੋਂ 60 ਸਿੰਘਾਂ ਸਮੇਤ ਪੁੱਜੇ ਹੋਏ ਸਨ। 15 ਕੋਹ ਦੀ ਦੂਰੀ ’ਤੇ ਬੈਠਾ ਜਥਾ ਤੁਰਨ ਦੇ ਆਹਰ ਵਿਚ ਸੀ। ਉਸੇ ਵੇਲੇ ਭਾਈ ਦਲੀਪ ਸਿੰਘ ਹੋਰੀਂ ਜਥੇ ਨੂੰ ਰੋਕਣ ਦਾ ਹੁਕਮ ਲੈ ਕੇ ਪੁੱਜ ਗਏ।

ਡੂੰਘਾ ਵਿਚਾਰ-ਵਟਾਂਦਰਾ ਹੋਇਆ। ਸੰਤ ਤੇਜਾ ਸਿੰਘ ਨੇ ਕਿਹਾ ਕਿ ਝੱਬਰ ਸਾਹਿਬ ਸ਼੍ਰੋਮਣੀ ਪੰਥਕ ਜੱਥੇ ਦੇ ਹੁਕਮ ਦੀ ਉਲੰਘਣਾ ਕਰਕੇ ਚਲੇ ਗਏ ਤਾਂ ਤੁਸੀਂ ਪੰਥ ਅਤੇ ਗੁਰੂ ਦੇ ਦੇਣਦਾਰ ਹੋਵੋਗੇ। ਝੱਬਰ ਦਾ ਸਵਾਲ ਸੀ ਕਿ ਆਪੋ ਵਿਚ ਤੈਅ ਫ਼ੈਸਲੇ ਅਨੁਸਾਰ ਜਥੇਦਾਰ ਲਛਮਣ ਸਿੰਘ ਹੋਰੀਂ ਜਾਂ ਹੋਰ ਜੱਥੇ ਨਨਕਾਣਾ ਸਾਹਿਬ ਪੁੱਜ ਗਏ ਤਾਂ ਉਸ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੋਵੇਗਾ?

ਭਾਈ ਦਲੀਪ ਸਿੰਘ ਨੇ ਛਾਤੀ ਠੋਕਦਿਆਂ ਰੋਕਣ ਦੀ ਸੇਵਾ ਜ਼ਿੰਮੇ ਲੈ ਲਈ। ਇਕ ਚਿੱਠੀ ਲਿਖੀ ਗਈ ਜਿਸ ’ਤੇ ਭਾਈ ਦਲੀਪ ਸਿੰਘ ਤੇ ਭਾਈ ਜਸਵੰਤ ਸਿੰਘ ਝਬਾਲ ਆਦਿ ਛੇ ਸਿੰਘਾਂ ਨੇ ਦਸਤਖ਼ਤ ਕੀਤੇ। ਭਾਈ ਦਲੀਪ ਸਿੰਘ ਹੋਰੀਂ ਚਾਰ ਘੋੜ ਸਵਾਰ ਜਥੇਦਾਰ ਲਛਮਣ ਸਿੰਘ ਦੇ ਜਥੇ ਨੂੰ ਰੋਕਣ ਲਈ ਤੁਰ ਪਏ। ਚੰਦਰਕੋਟ ਤੇ ਆਲੇ ਦੁਆਲੇ ਸਾਰੀ ਰਾਤ ਜਥੇ ਦੀ ਭਾਲ ਵਿਚ ਫਿਰਦੇ ਰਹੇ। ਅੰਮ੍ਰਿਤ ਵੇਲੇ ਚਾਰ ਵਜੇ ਦੇ ਕਰੀਬ ਇਹ ਨਨਕਾਣਾ ਸਾਹਿਬ ਨੇੜੇ ਵੀ ਵੇਖਦੇ ਰਹੇ ਪਰ ਜਥਾ ਨਾ ਮਿਲਿਆ। ਭਾਈ ਦਲੀਪ ਸਿੰਘ ਥੱਕ ਟੁੱਟ ਕੇ ਸਰਦਾਰ ਉੱਤਮ ਸਿੰਘ ਦੇ ਕਾਰਖਾਨੇ ਪੁੱਜ ਗਏ। ਉੱਥੋਂ ਭਾਈ ਵਰਿਆਮ ਸਿੰਘ ਭੋਜੀਏ (ਸੂਹੀਏ ਝੱਬਰ) ਜੋ ਕਿ ਉੱਤਮ ਸਿੰਘ ਕੋਲ ਫਰਜ਼ੀ ਮੁਨਸ਼ੀ ਬਣੇ ਰਹਿੰਦੇ ਸਨ, ਨੂੰ ਚਿੱਠੀ ਦੇ ਕੇ ਜਥੇ ਦੀ ਭਾਲ ਕਰਨ ਨੂੰ ਭੇਜਿਆ।

ਭਾਈ ਲਛਮਣ ਸਿੰਘ 22 ਹੋਰ ਸਿੰਘ-ਸਿੰਘਣੀਆਂ ਸਮੇਤ 9 ਫੱਗਣ ਰਾਤ ਦੇ ਸਾਢੇ ਅੱਠ ਵਜੇ ਆਪਣੇ ਪਿੰਡ ਧਾਰੋਵਾਲ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲੈ ਕੇ ਨਜ਼ਾਮਪੁਰ ਦੇਵਾ ਸਿੰਘ ਵਾਲਾ ਨੂੰ ਤੁਰ ਪਏ ਸਨ। ਇਥੋਂ ਰਾਤ ਦੇ ਦਸ ਵਜੇ ਸਾਰੇ ਸਿੰਘਾਂ ਨੇ ਕੂਚ ਕੀਤਾ। ਨਨਕਾਣਾ ਸਾਹਿਬ ਤੋਂ 6 ਕੁ ਮੀਲ ਦੂਰ ਮੋਹਲਣ ਜਥੇ ਨੇ ਥੋੜ੍ਹਾ ਪੜਾਅ ਕੀਤਾ। ਸਫ਼ਰ ਘੱਟ ਰੱਖਣ ਦੇ ਖਿਆਲ ਨਾਲ ਭਾਈ ਦਿਆਲ ਸਿੰਘ ਜੀ ਪੰਜ ਸਿੰਘਾਂ ਸਮੇਤ ਝੱਬਰ ਸਾਹਿਬ ਦੇ ਜਥੇ ਨੂੰ ਨਾਲ ਮਿਲਾਉਣ ਵਾਸਤੇ ਚੰਦਰ ਕੋਟ ਵੱਲ ਤੁਰ ਗਏ। ਇਸੇ ਦੌਰਾਨ ਹੀ ਭਾਈ ਟਹਿਲ ਸਿੰਘ ਜੀ ਨੇ ਕਿਹਾ ਕਿ ਆਪਾਂ ਨਨਕਾਣਾ ਸਾਹਿਬ ਵੱਲ ਨੂੰ ਚਾਲੇ ਪਾਈਏ ਅਤੇ ਰਸਤੇ ਵਿਚ ਮੇਲ ਹੁੰਦੇ ਰਹਿਣਗੇ। ਨਨਕਾਣਾ ਸਾਹਿਬ ਦੀ ਹੱਦ ’ਤੇ ਭਾਈ ਲਛਮਣ ਸਿੰਘ ਨੂੰ ਆਪਣਾ ਜਥੇਦਾਰ ਚੁਣਿਆ। ਰਸਤੇ ਵਿਚ ਕੋਟ ਦਰਬਾਰ ਦੀ ਜੂਹ ਵਿਚ ਸ਼ਹੀਦੀ ਪ੍ਰਾਪਤ ਕਰਨ ਦਾ ਪ੍ਰਣ ਲਿਆ। ਅਰਦਾਸਾ ਸੋਧਿਆ ਗਿਆ।

ਹੁਣ ਜਥਾ ਅੱਗੇ ਵਧਣ ਹੀ ਲੱਗਾ ਸੀ ਕਿ ਭਾਈ ਵਰਿਆਮ ਸਿੰਘ ਭੋਜੀਆਂ ਵਾਲੇ ਨੇ ਸੱਚੇ ਸੌਦੇ ਤੋਂ 6 ਸਿੰਘਾਂ ਦੇ ਦਸਤਖ਼ਤਾਂ ਵਾਲੀ ਚਿੱਠੀ ਸੌਂਪ ਦਿੱਤੀ ਅਤੇ ਸਾਰੇ ਜਥਿਆਂ ਦੇ ਰੁਕ ਜਾਣ ਦੀ ਖ਼ਬਰ ਦਿੱਤੀ। ਭਾਈ ਟਹਿਲ ਸਿੰਘ ਨੇ ਕਿਹਾ ਕਿ ਖ਼ਾਲਸਾ ਜੀ ਹੁਣ ਸੋਚਣ ਦਾ ਸਮਾਂ ਨਹੀਂ। ਚੌਧਰੀ ਪਾਲ ਸਿੰਘ ਜੋ ਬੁਚੀਆਣੇ ਵੱਲੋਂ ਕਈ ਜਥਿਆਂ ਨੂੰ ਰੋਕਦੇ ਹੋਏ ਇੱਥੇ ਪੁੱਜੇ। ਭਾਈ ਲਛਮਣ ਸਿੰਘ ਅਤੇ ਭਾਈ ਵਰਿਆਮ ਸਿੰਘ ਨਜ਼ਾਮਪੁਰੀਏ ਚੌਧਰੀ ਪਾਲ ਸਿੰਘ ਦੇ ਜੱਫੇ ਪਛਾੜਦੇ ਹੋਏ ਦਰਸ਼ਨੀ ਡਿਉਢੀ ਰਾਹੀਂ ਗੁਰਦੁਆਰੇ ਅੰਦਰ ਪ੍ਰਵੇਸ਼ ਕਰ ਗਏ।

ਗੁਰਦੁਆਰਾ ਜਨਮ ਅਸਥਾਨ ਅੰਦਰੋਂ ਗ਼ੋਲੀਆਂ ਚੱਲਣ ਦੀ ਆਵਾਜ਼ ਉੱਤਮ ਸਿੰਘ ਦੇ ਕਾਰਖਾਨੇ ਵਿਚ ਵੀ ਸੁਣਾਈ ਦੇ ਰਹੀ ਸੀ। ਭਾਈ ਦਲੀਪ ਸਿੰਘ ਤੇ ਭਾਈ ਵਰਿਆਮ ਸਿੰਘ ਗੁਰਦੁਆਰੇ ਵੱਲ ਨੂੰ ਉੱਠ ਨੱਸੇ। ਭਾਈ ਦਲੀਪ ਸਿੰਘ ਦੇ ਆਪਣੇ ਆਪ ਨੂੰ ਸਵਾਲ ਸਨ ਕਿ ਖਰੇ ਸੌਦੇ ਕੀਤੇ ਬਚਨ ਅਨੁਸਾਰ ਜਥੇ ਨੂੰ ਰੋਕਣ ਵਿਚ ਨਾਕਾਮ ਰਿਹਾਂ ਹਾਂ। ਕਤਲੋਗਾਰਤ ਹੋ ਰਹੀ ਹੈ ਤੇ ਭਾਈ ਦਲੀਪ ਸਿੰਘ ਇਕ ਮੀਲ ਤੋਂ ਨਿਸ਼ਾਨਾ ਬਣਨ ਜਾ ਰਹੇ ਸਨ। ਆਪਣੇ ਸਾਥੀ ਭਾਈ ਵਰਿਆਮ ਸਿੰਘ ਸਮੇਤ ਭਾਈ ਦਲੀਪ ਸਿੰਘ ਬਦਮਾਸ਼ਾਂ ਦੀਆਂ ਛਵੀਆਂ ਦੇ ਵਾਰ ਝੱਲਦੇ ਹੋਏ ਅਤੇ ਮਹੰਤ ਵਲੋਂ ਪਿਸਤੌਲ ਦੀ ਮਾਰੀ ਗ਼ੋਲੀ ਦਾ ਨਿਸ਼ਾਨਾ ਬਣ ਕੇ 20 ਫਰਵਰੀ 1921 ਨੂੰ ਸ਼ਹੀਦੀ ਪਾ ਗਏ। ਇਨ੍ਹਾਂ ਦੇ ਸਰੀਰਾਂ ਨੂੰ ਘੁਮਿਆਰਾਂ ਦੀ ਆਵੀ ਵਿਚ ਸੁੱਟ ਦਿੱਤਾ ਗਿਆ।

ਭਾਈ ਦਲੀਪ ਸਿੰਘ ਦੀ ਕੁੱਲ ਉਮਰ 12 ਭਾਦਰੋਂ ਸੰਮਤ 1951 ਬਿ: ਤੋਂ 10 ਫੱਗਣ ਸੰਮਤ 1977 ਬਿ: ਤੱਕ 26 ਸਾਲ, 5 ਮਹੀਨੇ, ਅਠਾਈ ਦਿਨ ਬਣਦੀ ਹੈ। ਇਸ ਵਿਚੋਂ ਸੋਲਾਂ ਕੁ ਸਾਲ ਪੜ੍ਹਾਈ ਕਰਨ ਦੇ ਕੱਢ ਕੇ ਬਾਕੀ 10 ਸਾਲ ਅਜਿਹੇ ਰਹਿ ਜਾਂਦੇ ਹਨ, ਜਿਨ੍ਹਾਂ ਵਿਚ ਉਨ੍ਹਾਂ ਸੇਵਾ ਦੇ ਕਈ ਪੂਰਨੇ ਪਾਏ। ਜਦੋਂ ਭਾਈ ਦਲੀਪ ਸਿੰਘ ਜੀ ਸ਼ਹੀਦੀ ਪਾਉਂਦੇ ਹਨ ਤਾਂ ਉਨ੍ਹਾਂ ਦੇ ਭੁਝੰਗੀ ਹਰਚਰਨ ਸਿੰਘ ਦੀ ਉਮਰ ਕੇਵਲ 1 ਸਾਲ 9 ਮਹੀਨੇ ਦੀ ਸੀ।

ਉਹ ਜ਼ਿਲ੍ਹਾ ਸਿਆਲਕੋਟ ਦੀ ਤਹਿਸੀਲ ਡਸਕੇ ਅੰਗਰੇਜ਼ੀ ਮਿਡਲ ਸਕੂਲ ਤੋਂ ਬਾਅਦ ਸੰਨ 1906 ਖ਼ਾਲਸਾ ਹਾਈ ਸਕੂਲ ਗੁਜਰਾਂਵਾਲਾ ਵਿਚ ਦਾਖ਼ਲ ਹੋਏ ਅਤੇ ਗੁਰਮਤਿ ਦੇ ਰੰਗ ਵਿਚ ਰੰਗੇ ਗਏ। ਭਾਈ ਦਲੀਪ ਸਿੰਘ ਨੇ ਇਕ ਵਾਰ ਪਿਤਾ ਨੂੰ ਦੱਸੇ ਬਗੈਰ ਨਾਇਬ ਤਹਿਸੀਲਦਾਰੀ ਲਈ ਦਰਖ਼ਾਸਤ ਦੇ ਦਿੱਤੀ। ਜਦ ਪਿਤਾ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਆਪਣੀ ਖੇਤੀ ਤੇ ਸਵੈ-ਰੋਜ਼ਗਾਰ ਲਈ ਉਤਸ਼ਾਹਿਤ ਕੀਤਾ।