ਜਥੇਦਾਰ ਹਸਦੇ-ਵਸਦੇ ਲੋਕਾਂ ਨੂੰ ਨਾ ਭੜਕਾਉਣ: ਭਗਵੰਤ ਮਾਨ

ਜਥੇਦਾਰ ਹਸਦੇ-ਵਸਦੇ ਲੋਕਾਂ ਨੂੰ ਨਾ ਭੜਕਾਉਣ: ਭਗਵੰਤ ਮਾਨ

ਚੰਡੀਗੜ੍ਹ- ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਲਟੀਮੇਟਮ ਦਿੱਤੇ ਜਾਣ ਤੋਂ ਬਾਅਦ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਥੇਦਾਰ ਪੰਜਾਬ ਦੇ ਹਸਦੇ-ਵਸਦੇ ਲੋਕਾਂ ਨੂੰ ਨਾ ਭੜਕਾਉਣ। ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ, ‘ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ, ਸਭ ਨੂੰ ਪਤਾ ਹੈ ਤੁਸੀਂ ਅਤੇ ਐੱਸਜੀਪੀਸੀ ਬਾਦਲਾਂ ਦਾ ਪੱਖ ਪੂਰਦੇ ਰਹੇ ਹੋ। ਇਤਿਹਾਸ ਦੇਖੋ, ਕਈ ਜਥੇਦਾਰਾਂ ਨੂੰ ਬਾਦਲਾਂ ਨੇ ਆਪਣੇ ਸੁਆਰਥ ਲਈ ਵਰਤਿਆ। ਚੰਗਾ ਹੁੰਦਾ ਜੇ ਤੁਸੀਂ ਅਲਟੀਮੇਟਮ ਬੇਅਦਬੀ ਅਤੇ ਗਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਲਈ ਜਾਰੀ ਕਰਦੇ, ਨਾ ਕਿ ਹਸਦੇ-ਵਸਦੇ ਲੋਕਾਂ ਨੂੰ ਭੜਕਾਉਣ ਲਈ।’ ਜ਼ਿਕਰਯੋਗ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਪੰਜਾਬ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦੇ ਮਾਮਲੇ ’ਤੇ ਬੀਤੇ ਦਿਨ ਇਕੱਤਰਤਾ ਸੱਦੀ ਸੀ ਤੇ ਪੰਜਾਬ ਸਰਕਾਰ ਨੂੰ 24 ਘੰਟਿਆਂ ਅੰਦਰ ਸਾਰੇ ਨੌਜਵਾਨ ਰਿਹਾਅ ਕਰਨ ਦਾ ਅਲਟੀਮੇਟਮ ਦਿੱਤਾ ਸੀ। ਅਜਿਹਾ ਨਾ ਹੋਣ ’ਤੇ ਖ਼ਾਲਸਾ ਵਹੀਰ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਸੀ। ਮੁੱਖ ਮੰਤਰੀ ਨੇ ਅੱਜ ਇਸ ਮਾਮਲੇ ’ਤੇ ਦਿਨ ਭਰ ਕਈ ਮੀਟਿੰਗਾਂ ਵੀ ਕੀਤੀਆਂ ਜਿਨ੍ਹਾਂ ਵਿਚ ਕੈਬਨਿਟ ਮੰਤਰੀ ਵੀ ਸ਼ਾਮਿਲ ਹੋਏ ਅਤੇ ਪੁਲੀਸ ਅਫ਼ਸਰਾਂ ਨਾਲ ਵੀ ਚਰਚਾ ਕੀਤੀ ਗਈ ਹੈ।