ਸ਼੍ਰੋਮਣੀ ਕਮੇਟੀ ਵੱਲੋਂ 11.38 ਅਰਬ ਰੁਪਏ ਦਾ ਬਜਟ ਪਾਸ

ਸ਼੍ਰੋਮਣੀ ਕਮੇਟੀ ਵੱਲੋਂ 11.38 ਅਰਬ ਰੁਪਏ ਦਾ ਬਜਟ ਪਾਸ

ਬਜਟ ’ਚ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਵਧੇਰੇ ਤਰਜੀਹ; ਹਰਿਆਣਾ ਦੇ ਗੁਰਦੁਆਰਿਆਂ ਲਈ 57 ਕਰੋੜ ਰਾਖਵੇਂ ਰੱਖੇ
ਅੰਮ੍ਰਿਤਸਰ- ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿੱਤੀ ਸਾਲ 2023-24 ਲਈ ਅਨੁਮਾਨਤ 1138 ਕਰੋੜ 14 ਲੱਖ ਰੁਪਏ ਦਾ ਸਾਲਾਨਾ ਬਜਟ ਪਾਸ ਕਰ ਦਿੱਤਾ ਹੈ। ਇਹ ਰਕਮ ਪਿਛਲੇ ਸਾਲ ਦੇ ਬਜਟ 988 ਕਰੋੜ ਰੁਪਏ ਨਾਲੋਂ 17 ਫੀਸਦ ਵੱਧ ਹੈ। ਕਮੇਟੀ ਨੂੰ ਬਜਟ ਵਿੱਚ ਲਗਪਗ 32 ਕਰੋੜ ਰੁਪਏ ਦੇ ਘਾਟੇ ਦਾ ਅਨੁਮਾਨ ਹੈ। ਐਤਕੀਂ ਬਜਟ ਵਿਚ ਗੁਰਦੁਆਰਿਆਂ ਦੇ ਪ੍ਰਬੰਧ ਵੱਲ ਵਧੇਰੇ ਤਰਜੀਹ ਦਿੱਤੀ ਗਈ ਹੈ। ਸਿੱਖ ਸੰਸਥਾ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਹਰਿਆਣਾ ਦੇ ਗੁਰਦੁਆਰਿਆਂ ਦਾ ਬਜਟ ਮੁੱਖ ਬਜਟ ਵਿਚੋਂ ਮਨਫੀ ਹੈ। ਹਾਲਾਂਕਿ ਹਰਿਆਣਾ ਦੇ ਗੁਰਦੁਆਰਿਆਂ ਲਈ ਲਗਪਗ 57 ਕਰੋੜ ਰੁਪਏ ਦਾ ਇਕ ਵੱਖਰਾ ਅਨੁਮਾਨਤ ਬਜਟ ਰਾਖਵਾਂ ਰੱਖਿਆ ਗਿਆ ਹੈ।

ਇਥੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਬਜਟ ਇਜਲਾਸ ਦੀ ਪ੍ਰਧਾਨਗੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਜਦੋਂ ਕਿ ਜਨਰਲ ਇਜਲਾਸ ਦੌਰਾਨ ਸਿੱਖ ਸੰਸਥਾ ਦਾ ਬਜਟ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਪੇਸ਼ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਹੋਏ ਜਨਰਲ ਇਜਲਾਸ ਵਿਚ ਹਾਕਮ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵਿਚਾਲੇ ਹਲਕੀ ਬਹਿਸ ਵੀ ਹੋਈ, ਪਰ ਬਾਅਦ ਵਿਚ ਬਜਟ ਇਜਲਾਸ ਬਿਨਾਂ ਵਿਘਨ ਮੁਕੰਮਲ ਹੋਇਆ। ਬਜਟ ਇਜਲਾਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸਮੇਤ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ 11 ਅਰਬ 38 ਕਰੋੜ 14 ਲੱਖ ਰੁਪਏ ਦਾ ਬਜਟ ਪੇਸ਼ ਕੀਤਾ, ਜਿਸ ਨੂੰ ਹਾਜ਼ਰ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ। ਆਪਣੇ ਬਜਟ ਭਾਸ਼ਣ ਵਿਚ ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਅਤੇ ਅਦਾਰਿਆਂ ਦੀ ਹੋਣ ਵਾਲੀ ਆਮਦਨ ਤੇ ਖਰਚਿਆਂ ਦੇ ਵੇਰਵੇ ਸਾਂਝੇ ਕਰਦਿਆਂ ਵੱਖ-ਵੱਖ ਭਵਿੱਖੀ ਕਾਰਜਾਂ ਲਈ ਰੱਖੀ ਗਈ ਰਾਸ਼ੀ ਦਾ ਖੁਲਾਸਾ ਕੀਤਾ। ਐਤਕੀਂ ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦੌਰਾਨ ਲਗਾਈ ਵੱਡ ਅਕਾਰੀ ਸਕਰੀਨ ’ਤੇ ਨਾਲੋ-ਨਾਲ ਬਜਟ ਦੇ ਅੰਕੜੇ ਵੀ ਜਾਰੀ ਕੀਤੇ ਗਏ।

ਸਿੱਖ ਸੰਸਥਾ ਦੇ ਬਜਟ ਨੂੰ ਚਾਰ ਭਾਗਾਂ ਵਿਚ ਵੰਡਿਆ ਗਿਆ ਹੈ। ਬਜਟ ਦੇ ‘ੳ’ ਭਾਗ ਵਿਚ ਜਨਰਲ ਬੋਰਡ ਫੰਡ, ਟਰੱਸਟ ਫੰਡ, ਵਿਦਿਆ ਫੰਡ ਅਤੇ ਪ੍ਰਿੰਟਿੰਗ ਪ੍ਰੈੱਸਾਂ ਸ਼ਾਮਲ ਹਨ, ਜਦੋਂਕਿ ਬਜਟ ਦੇ ‘ਅ’ ਭਾਗ ਵਿਚ ਧਰਮ ਪ੍ਰਚਾਰ ਕਮੇਟੀ, ਭਾਗ ‘ੲ’ ਵਿਚ ਸੈਕਸ਼ਨ 85 ਦੇ ਗੁਰਦੁਆਰੇ ਅਤੇ ਭਾਗ ‘ਸ’ ਵਿਚ ਵਿਦਿਅਕ ਅਦਾਰੇ ਸ਼ਾਮਲ ਹਨ। ਇਨ੍ਹਾਂ ਸਾਰਿਆਂ ਤੋਂ ਇਸ ਵਿੱਤੀ ਵਰ੍ਹੇ ਦੌਰਾਨ ਆਮਦਨ ਲਗਪਗ 1106 ਕਰੋੜ, 4 ਲੱਖ 55 ਹਜ਼ਾਰ ਰੁਪਏ ਹੋਣ ਦਾ ਅਨੁਮਾਨ ਹੈ ਜਦੋਂ ਕਿ ਕੁੱਲ ਖਰਚਾ 1138 ਕਰੋੜ 14 ਲੱਖ 54 ਹਜ਼ਾਰ ਰੁਪਏ ਹੋਣ ਦਾ ਅਨੁਮਾਨ ਹੈ। ਇਹ ਅੰਕੜਾ ਆਮਦਨ ਨਾਲੋਂ ਲਗਪਗ 32 ਕਰੋੜ 9 ਲੱਖ 98 ਹਜ਼ਾਰ ਰੁਪਏ ਵਧੇਰੇ ਹੈ। ਇਸ ਵਾਧੂ ਖਰਚੇ ਵਿਚ ਸਭ ਤੋਂ ਵੱਧ ਖਰਚਾ 29 ਕਰੋੜ 88 ਲੱਖ 98 ਹਜ਼ਾਰ ਰੁਪਏ ਵਿਦਿਅਕ ਅਦਾਰਿਆਂ ਨਾਲ ਸਬੰਧਤ ਹੈ ਜਦੋ ਕਿ ਬਾਕੀ ਦੋ ਕਰੋੜ 21 ਲੱਖ ਰੁਪਏ ਦਾ ਵਾਧੂ ਖਰਚਾ ਪ੍ਰਿੰਟਿੰਗ ਪ੍ਰੈੱਸਾਂ ਨਾਲ ਸਬੰਧਿਤ ਹੈ।

ਬਜਟ ਇਜਲਾਸ ਮਗਰੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਅਤੇ ਕੇਸਾਂ ਦੀ ਪੈਰਵੀ ਦੇ ਨਾਲ-ਨਾਲ ਨਜ਼ਰਬੰਦ ਸਿੰਘਾਂ ਦੇ ਪਰਿਵਾਰਾਂ ਨੂੰ ਸਹਾਇਤਾ ਲਈ ਵੀ ਵਿਸ਼ੇਸ਼ ਰਾਸ਼ੀ ਦਾ ਪ੍ਰਬੰਧ ਕੀਤਾ ਗਿਆ ਹੈ।

ਸ਼੍ਰੋਮਣੀ ਕਮੇਟੀ ਦੀਆਂ ਭਵਿੱਖੀ ਯੋਜਨਾਵਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਵਿਸ਼ੇਸ਼ ਤੌਰ ’ਤੇ ਸਿੱਖ ਨੌਜਵਾਨਾਂ ਨੂੰ ਪ੍ਰਸ਼ਾਸਕੀ ਸੇਵਾਵਾਂ ਵਿਚ ਲਿਆਉਣ ਲਈ ਖੋਲ੍ਹੀ ਗਈ ਅਕੈਡਮੀ ਦਾ ਜ਼ਿਕਰ ਕੀਤਾ। ਹਰਿਆਣਾ ਦੇ ਗੁਰਦੁਆਰਿਆ ਦੇ ਬਜਟ ਸਬੰਧੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਵਾਰ ਹਰਿਆਣਾ ਦੇ ਗੁਰਦੁਆਰਿਆਂ ਲਈ ਵੱਖਰੇ ਤੌਰ ’ਤੇ 57 ਕਰੋੜ 11 ਲੱਖ ਰੁਪਏ ਰੱਖਿਆ ਗਿਆ ਹੈ। ਭਾਵੇਂ ਸਰਕਾਰਾਂ ਨੇ ਇਨ੍ਹਾਂ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਪਾਸੋਂ ਜਬਰੀ ਖੋਹ ਲਿਆ ਹੈ, ਪਰ ਫਿਰ ਵੀ ਸ਼੍ਰੋਮਣੀ ਕਮੇਟੀ ਨੇ ਇਸ ਲਈ ਬਜਟ ਰੱਖਿਆ ਹੈ।