ਸਪੇਨ ਮਾਸਟਰਜ਼: ਸਾਤਵਿਕ-ਚਿਰਾਗ ਦੀਆਂ ਨਜ਼ਰਾਂ ਇੱਕ ਹੋਰ ਖਿਤਾਬ ’ਤੇ

ਸਪੇਨ ਮਾਸਟਰਜ਼: ਸਾਤਵਿਕ-ਚਿਰਾਗ ਦੀਆਂ ਨਜ਼ਰਾਂ ਇੱਕ ਹੋਰ ਖਿਤਾਬ ’ਤੇ

ਪੀਵੀ ਸਿੰਧੂ ਅਤੇ ਸ੍ਰੀਕਾਂਤ ਮੁੜ ਲੈਅ ’ਚ ਪਰਤਣ ਲਈ ਕਰਨਗੇ ਜੱਦੋ-ਜਹਿਦ
ਮੈਡਰਿਡ- ਹਾਲ ਹੀ ਵਿੱਚ ਸਵਿਸ ਓਪਨ ਡਬਲਜ਼ ਚੈਂਪੀਅਨ ਬਣੀ ਸਾਤਵਿਕਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਮੰਗਲਵਾਰ ਨੂੰ ਇੱਥੇ ਸ਼ੁਰੂ ਹੋਣ ਵਾਲੇ ਮੈਡਰਿਡ ਸਪੇਨ ਮਾਸਟਰਜ਼ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਣ ਦੇ ਇੱਛੁਕ ਹਨ, ਜਦਕਿ ਪੀਵੀ ਸਿੰਧੂ ਅਤੇ ਕਿਦਾਂਬੀ ਸ੍ਰੀਕਾਂਤ ਵੀ ਆਪਣੀ ਲੈਅ ਵਿੱਚ ਪਰਤਣ ਦੀ ਉਮੀਦ ਵਿੱਚ ਹਨ। ਦੁਨੀਆ ਦੀ ਛੇਵੇਂ ਨੰਬਰ ਦੀ ਭਾਰਤੀ ਜੋੜੀ ਆਪਣੀ ਮੁਹਿੰਮ ਦੀ ਸ਼ੁਰੂਆਤ ਜਾਪਾਨ ਦੇ ਅਯਾਤੋ ਏਂਡੋ ਅਤੇ ਯੁਤਾ ਤਾਕੇਈ ਖ਼ਿਲਾਫ਼ ਕਰੇਗੀ। ਸੱਟ ਲੱਗਣ ਕਾਰਨ ਲੰਬੇ ਸਮੇਂ ਦੀ ਛੁੱਟੀ ਮਗਰੋਂ ਪਰਤੀ ਪੀਵੀ ਸਿੰਧੂ ਜਿੱਤਣ ਲਈ ਜੱਦੋ-ਜਹਿਦ ਕਰਦੀ ਨਜ਼ਰ ਆਈ ਅਤੇ ਸ੍ਰੀਕਾਂਤ ਵੀ ਆਪਣਾ ਦਬਦਬਾ ਨਾ ਬਣਾ ਸਕੇ। ਦੂਜਾ ਦਰਜਾ ਪ੍ਰਾਪਤ ਸਿੰਧੂ 2023 ਵਿੱਚ ਪਿਛਲੇ ਕੁਝ ਟੂਰਨਾਮੈਂਟਾਂ ਦੌਰਾਨ ਦੂਜਾ ਰਾਊਂਡ ਪਾਰ ਨਹੀਂ ਕਰ ਸਕੀ ਸੀ। ਉਹ ਆਪਣੀ ਮੁਹਿੰਮ ਦੀ ਸ਼ੁਰੂਆਤ ਇੱਕ ਕੁਆਲੀਫਾਇਰ ਖ਼ਿਲਾਫ਼ ਕਰੇਗੀ ਅਤੇ ਉਮੀਦ ਹੈ ਕਿ ਡਰਾਅ ਵਿੱਚ ਅੱਗੇ ਤੱਕ ਜਾਵੇਗੀ। ਪੁਰਸ਼ ਸਿੰਗਲਜ਼ ਵਿੱਚ ਸਾਬਕਾ ਨੰਬਰ ਇੱਕ ਖਿਡਾਰੀ ਸ੍ਰੀਕਾਂਤ ਨੂੰ ਪੰਜਵਾਂ ਦਰਜਾ ਮਿਲਿਆ ਹੈ। ਉਹ ਪਹਿਲੇ ਮੁਕਾਬਲੇ ਵਿੱਚ ਥਾਈਲੈਂਡ ਦੇ ਸਿਤਹੀਕੋਮ ਥਾਮਸਿਨ ਦਾ ਸਾਹਮਣਾ ਕਰਨਗੇ, ਜਦਕਿ ਨੈਸ਼ਨਲ ਚੈਂਪੀਅਨ ਮਿਥੁਨ ਮੰਜੂਨਾਥ ਦੀ ਟੱਕਰ ਮਲੇਸ਼ੀਆ ਦੇ ਐਨਜੀ ਜੇ ਯੋਂਗ ਨਾਲ ਹੋਵੇਗੀ।