ਸ਼ਾਂਤੀ ਬਣਾਈ ਰੱਖਣ ਦੇ ਭਰੋਸੇ ਮਗਰੋਂ ਅੰਮ੍ਰਿਤਪਾਲ ਦੇ 19 ਸਮਰਥਕ ਰਿਹਾਅ

ਸ਼ਾਂਤੀ ਬਣਾਈ ਰੱਖਣ ਦੇ ਭਰੋਸੇ ਮਗਰੋਂ ਅੰਮ੍ਰਿਤਪਾਲ ਦੇ 19 ਸਮਰਥਕ ਰਿਹਾਅ

ਆਵਾਜਾਈ ਠੱਪ ਕਰਨ ਦੇ ਦੋਸ਼ ਹੇਠ 19 ਮਾਰਚ ਨੂੰ ਗ੍ਰਿਫ਼ਤਾਰ ਕਰਕੇ ਭੇਜੇ ਸਨ ਜੇਲ੍ਹ
ਗੁਰੂਸਰ ਸੁਧਾਰ – ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਸੂਬਾ ਪੁਲੀਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੇ ਵਿਰੋਧ ਵਿੱਚ ਲੰਘੀ 19 ਮਾਰਚ ਨੂੰ ਲੁਧਿਆਣਾ-ਬਠਿੰਡਾ ਰਾਜ ਮਾਰਗ ’ਤੇ ਆਵਾਜਾਈ ਠੱਪ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ 21 ਵਿਅਕਤੀਆਂ ’ਚੋਂ 19 ਨੂੰ ਅੱਜ ਰਿਹਾਅ ਕਰ ਦਿੱਤਾ ਗਿਆ ਹੈ। ਥਾਣਾ ਸੁਧਾਰ ਦੇ ਮੁਖੀ ਇੰਸਪੈਕਟਰ ਜਰਨੈਲ ਸਿੰਘ ਅਨੁਸਾਰ ਅਮਨ ਕਾਨੂੰਨ ਭੰਗ ਹੋਣ ਦੇ ਡਰੋਂ ਇਨ੍ਹਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ 19 ਵਿਅਕਤੀਆਂ ਅਤੇ ਉਨ੍ਹਾਂ ਦੇ ਪਿੰਡ ਦੇ ਮੋਹਤਬਰਾਂ ਵੱਲੋਂ ਭਵਿੱਖ ਵਿੱਚ ਸ਼ਾਂਤੀ ਬਣਾਈ ਰੱਖਣ ਦਾ ਭਰੋਸਾ ਦਿੱਤੇ ਜਾਣ ਮਗਰੋਂ, ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੋਪਾਰਾਏ ਕਲਾਂ ਗੁਰੂਘਰ ਦੇ ਗ੍ਰੰਥੀ ਹਰਜੀਤ ਸਿੰਘ ਉਰਫ਼ ਜਰਨੈਲ ਸਿੰਘ ਖ਼ਾਲਸਾ ਵਾਸੀ ਪਿੰਡ ਸੰਧੂ ਕਲਾਂ ਥਾਣਾ ਭਦੌੜ ਜ਼ਿਲ੍ਹਾ ਬਰਨਾਲਾ ਅਤੇ ਬਚਿੱਤਰ ਸਿੰਘ ਵਾਸੀ ਪਿੰਡ ਸੁਧਾਰ ਨੂੰ ਭਲਕੇ 28 ਮਾਰਚ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਰਿਹਾਅ ਕੀਤੇ ਗਏ ਵਿਅਕਤੀਆਂ ਵਿੱਚ ਬੋਪਾਰਾਏ ਕਲਾਂ ਵਾਸੀ ਭਾਗ ਸਿੰਘ, ਮਨਦੀਪ ਸਿੰਘ, ਰਣਜੀਤ ਸਿੰਘ, ਅਵਤਾਰ ਸਿੰਘ, ਅਜੈਬ ਸਿੰਘ, ਪ੍ਰੇਮ ਸਿੰਘ, ਸੁਖਮਿੰਦਰ ਸਿੰਘ, ਰਣਜੀਤ ਸਿੰਘ, ਹਰਮਿੰਦਰ ਸਿੰਘ, ਵਿਕੀ ਸਿੰਘ, ਹਰਪ੍ਰੀਤ ਸਿੰਘ, ਪ੍ਰਦੀਪ ਸਿੰਘ, ਜਸਪ੍ਰੀਤ ਸਿੰਘ, ਗੁਰਮੇਲ ਸਿੰਘ, ਗੁਰਦੇਵ ਸਿੰਘ, ਅਵਤਾਰ ਸਿੰਘ, ਮਲਕੀਤ ਸਿੰਘ, ਜਸਵਿੰਦਰ ਸਿੰਘ ਤੇ ਸਤਨਾਮ ਸਿੰਘ ਵਾਸੀ ਮੁੱਲਾਂਪੁਰ ਸ਼ਾਮਲ ਹਨ।