ਯੂਪੀ ਪੁਲੀਸ ਅਤੀਕ ਨੂੰ ਸਾਬਰਮਤੀ ਜੇਲ੍ਹ ਤੋਂ ਲੈ ਕੇ ਪ੍ਰਯਾਗਰਾਜ ਲਈ ਰਵਾਨਾ

ਯੂਪੀ ਪੁਲੀਸ ਅਤੀਕ ਨੂੰ ਸਾਬਰਮਤੀ ਜੇਲ੍ਹ ਤੋਂ ਲੈ ਕੇ ਪ੍ਰਯਾਗਰਾਜ ਲਈ ਰਵਾਨਾ

ਅਗਵਾ ਦੇ ਇਕ ਮਾਮਲੇ ਵਿੱਚ ਪ੍ਰਯਾਗਰਾਜ ਦੀ ਅਦਾਲਤ ’ਚ ਕੀਤਾ ਜਾਵੇਗਾ ਪੇਸ਼
ਅਹਿਮਦਾਬਾਦ/ਪ੍ਰਯਾਗਰਾਜ- ਉੱਤਰ ਪ੍ਰਦੇਸ਼ ਪੁਲੀਸ ਦੀ ਇਕ ਟੀਮ ਅੱਜ ਸ਼ਾਮ ਨੂੰ ਗੈਂਗਸਟਰ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਨੂੰ ਗੁਜਰਾਤ ਦੇ ਅਹਿਮਦਾਬਾਦ ’ਚ ਸਥਿਤ ਸਾਬਰਮਤੀ ਕੇਂਦਰੀ ਜੇਲ੍ਹ ਤੋਂ ਲੈ ਕੇ ਪ੍ਰਯਾਗਰਾਜ ਲਈ ਰਵਾਨਾ ਹੋਈ। ਅਤੀਕ ਇਸ ਜੇਲ੍ਹ ਵਿੱਚ ਜੂਨ 2019 ਤੋਂ ਬੰਦ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਅਤੀਕ ਨੂੰ ਇਕ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ ਜੋ ਕਿ 28 ਮਾਰਚ ਨੂੰ ਅਗਵਾ ਦੇ ਇਕ ਮਾਮਲੇ ਵਿੱਚ ਹੁਕਮ ਜਾਰੀ ਕਰਨ ਵਾਲੀ ਹੈ ਅਤੇ ਇਸ ਮਾਮਲੇ ਵਿੱਚ ਅਤੀਕ ਮੁਲਜ਼ਮ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਪੁਲੀਸ ਦੀ ਟੀਮ ਸਵੇਰੇ ਸਾਬਰਮਤੀ ਜੇਲ੍ਹ ਪਹੁੰਚੀ ਅਤੇ ਜ਼ਰੂਰੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਸ਼ਾਮ ਨੂੰ ਕਰੀਬ 6 ਵਜੇ ਇਕ ਪੁਲੀਸ ਵੈਨ ਵਿੱਚ ਅਤੀਕ ਅਹਿਮਦ ਨੂੰ ਲੈ ਕੇ ਪ੍ਰਯਾਗਰਾਜ ਲਈ ਰਵਾਨਾ ਹੋ ਗਈ। ਇਸ ਦੌਰਾਨ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਸਨ। ਅਤੀਕ ਅਹਿਮਦ ਸਮਾਜਵਾਦੀ ਪਾਰਟੀ ਦਾ ਸਾਬਕਾ ਆਗੂ ਹੈ ਅਤੇ ਜੂਨ 2019 ਤੋਂ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਉਸੇ ਸਾਲ ਅਪਰੈਲ ਵਿੱਚ ਸੁਣਾਏ ਗਏ ਹੁਕਮਾਂ ਮੁਤਾਬਕ ਉਸ ਨੂੰ ਉਸ ਦੇ ਗ੍ਰਹਿ ਰਾਜ ਤੋਂ ਇੱਥੇ ਤਬਦੀਲ ਕੀਤਾ ਗਿਆ ਸੀ। ਪ੍ਰਯਾਗਰਾਜ ਦੇ ਪੁਲੀਸ ਕਮਿਸ਼ਨਰ ਰਮਿਤ ਸ਼ਰਮਾ ਨੇ ਕਿਹਾ ਕਿ ਪ੍ਰਯਾਗਰਾਜ ਪੁਲੀਸ ਦੀ ਇਕ ਟੀਮ ਨੂੰ ਅਤੀਕ ਅਹਿਮਦ ਨੂੰ ਲਿਆਉਣ ਲਈ ਭੇਜਿਆ ਗਿਆ ਹੈ, ਜਿਸ ਨੂੰ ਦਿੱਤੀ ਗਈ ਤਰੀਕ ’ਤੇ ਅਦਾਲਤ ਵਿੱਚ ਪੇਸ਼ ਕਰਨਾ ਹੈ। ਸ਼ਰਮਾ ਨੇ ਕਿਹਾ, ‘‘ਪ੍ਰਕਿਰਿਆ ਤਹਿਤ ਸਾਰੇ ਮੁਲਜ਼ਮਾਂ ਨੂੰ ਫੈਸਲੇ ਵਾਲੀ ਤਰੀਕ ’ਤੇ ਅਦਾਲਤ ’ਚ ਪੇਸ਼ ਕਰਨਾ ਹੈ ਅਤੇ ਫਿਰ ਉਨ੍ਹਾਂ ਨੂੰ ਸਬੰਧਤ ਜੇਲ੍ਹਾਂ ’ਚ ਵਾਪਸ ਭੇਜ ਦਿੱਤਾ ਜਾਵੇਗਾ।’’ ਅਹਿਮਦ ਕਥਿਤ ਤੌਰ ’ਤੇ 2005 ਵਿੱਚ ਤਤਕਾਲੀ ਬਸਪਾ ਵਿਧਾਇਕ ਰਾਜੂ ਪਾਲ ਦੀ ਹੋਈ ਹੱਤਿਆ ਦੇ ਮਾਮਲੇ ਵਿੱਚ ਵੀ ਸ਼ਾਮਲ ਸੀ। ਉਸ ਖ਼ਿਲਾਫ਼ ਉਮੇਸ਼ ਪਾਲ ਦੀ ਹੱਤਿਆ ਦੇ ਮਾਮਲੇ ਵਿੱਚ ਹਾਲ ਹੀ ’ਚ ਕੇਸ ਦਰਜ ਕੀਤਾ ਗਿਆ ਸੀ। ਉਮੇਸ਼ ਪਾਲ, ਰਾਜੂ ਪਾਲ ਦੀ ਹੱਤਿਆ ਦੇ ਮਾਮਲੇ ਦਾ ਮੁੱਖ ਗਵਾਹ ਸੀ। 24 ਫਰਵਰੀ ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।