ਮੋਦੀ ਨੇ ਲੋਕਾਂ ਨੂੰ ਅੰਗਦਾਨ ਦਾ ਸੱਦਾ ਦਿੱਤਾ

ਮੋਦੀ ਨੇ ਲੋਕਾਂ ਨੂੰ ਅੰਗਦਾਨ ਦਾ ਸੱਦਾ ਦਿੱਤਾ

ਆਕਾਸ਼ਵਾਣੀ ’ਤੇ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਅੰਮ੍ਰਿਤਸਰ ਦੇ ਜੋੜੇ ਦੀ ਕੀਤੀ ਸ਼ਲਾਘਾ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਅੰਗਦਾਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਅੰਗਦਾਨ ਦੀ ਪ੍ਰਕਿਰਿਆ ਸੁਖਾਲੀ ਬਣਾਉਣ ਲਈ ਇਕਸਾਰ ਨੀਤੀ ਬਣਾਉਣ ’ਤੇ ਕੰਮ ਕਰ ਰਹੀ ਹੈ। ਆਕਾਸ਼ਵਾਣੀ ’ਤੇ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਮੌਤ ਮਗਰੋਂ ਅੰਗਦਾਨ ਕਰਦੇ ਹਨ ਉਹ ਅੰਗ ਲੈਣ ਵਾਲਿਆਂ ਲਈ ‘ਰੱਬ ਦਾ ਰੂਪ’ ਹੁੰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਤਰਜੀਹ ਜ਼ਿੰਦਗੀਆਂ ਬਚਾਉਣਾ ਹੋਣਾ ਚਾਹੀਦਾ ਹੈ। ਸ੍ਰੀ ਮੋਦੀ ਨੇ ਕਿਹਾ,‘‘ਇਹ ਵੱਡੀ ਤਸੱਲੀ ਦੀ ਗੱਲ ਹੈ ਕਿ ਦੇਸ਼ ’ਚ ਅੰਗਦਾਨ ਬਾਰੇ ਜਾਗਰੂਕਤਾ ਲਗਾਤਾਰ ਫੈਲ ਰਹੀ ਹੈ।’’ ਸਾਲ 2013 ’ਚ ਅੰਗ ਦਾਨ ਦੇ ਪੰਜ ਹਜ਼ਾਰ ਤੋਂ ਘੱਟ ਕੇਸ ਸਨ ਜੋ 2022 ’ਚ ਵਧ ਕੇ 15 ਹਜ਼ਾਰ ਹੋ ਗਏ ਹਨ। ਸ੍ਰੀ ਮੋਦੀ ਨੇ ਕਿਹਾ ਕਿ ਇਕ ਮ੍ਰਿਤਕ ਵਿਅਕਤੀ ਦੇ ਅੰਗ ਦਾਨ ਨਾਲ 8 ਤੋਂ 9 ਵਿਅਕਤੀਆਂ ਦੀ ਜਾਨ ਬਚ ਸਕਦੀ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਪਰਿਵਾਰਾਂ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਦੇ ਮੈਂਬਰਾਂ ਦੀ ਮੌਤ ਮਗਰੋਂ ਅੰਗਦਾਨ ਕੀਤੇ ਗਏ ਸਨ। ਇਸ ’ਚ ਅੰਮ੍ਰਿਤਸਰ ਦਾ ਜੋੜਾ ਵੀ ਸ਼ਾਮਲ ਸੀ ਜਿਸ ਨੇ ਆਪਣੀ 39 ਦਿਨਾਂ ਦੀ ਧੀ ਦੇ ਅੰਗਦਾਨ ਕਰਨ ਦਾ ਫ਼ੈਸਲਾ ਲਿਆ ਸੀ। ਪ੍ਰਧਾਨ ਮੰਤਰੀ ਨੇ ਪਰਿਵਾਰਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਇਹ ਲੋਕ ਜ਼ਿੰਦਗੀ ਦੀ ਅਹਿਮੀਅਤ ਨੂੰ ਸਮਝਦੇ ਹਨ। ਕੁਝ ਥਾਵਾਂ ’ਤੇ ਕਰੋਨਾ ਦੇ ਕੇਸ ਵਧਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਲੋਕਾਂ ਨੂੰ ਇਹਤਿਆਤ ਵਰਤਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਾਫ਼ ਊਰਜਾ ਦੇ ਖੇਤਰ ’ਚ ਭਾਰਤ ਦੀ ਵਧ ਰਹੀ ਮੌਜੂਦਗੀ ਦੀ ਆਲਮੀ ਪੱਧਰ ’ਤੇ ਸ਼ਲਾਘਾ ਹੋ ਰਹੀ ਹੈ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਮਹਿਲਾਵਾਂ ਦੀ ਵੱਖ ਵੱਖ ਖੇਤਰਾਂ ’ਚ ਵਧ ਰਹੀ ਮੌਜੂਦਗੀ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਏਸ਼ੀਆ ਦੀ ਪਹਿਲੀ ਮਹਿਲਾ ਲੋਕੋ ਪਾਇਲਟ ਸੁਰੇਖਾ ਯਾਦਵ, ਆਸਕਰ ਜਿੱਤਣ ਵਾਲੀਆਂ ਗੁਨੀਤ ਮੌਂਗਾ ਅਤੇ ਡਾਇਰੈਕਟਰ ਕਾਰਤਿਕੀ ਗੌਂਜ਼ਾਲਵੇਸ ਸਮੇਤ ਕਈ ਹੋਰ ਮਿਸਾਲਾਂ ਵੀ ਦਿੱਤੀਆਂ।

ਸ੍ਰੀ ਮੋਦੀ ਨੇ ਕਸ਼ਮੀਰ ਦੀ ਕਮਲ ਕੱਕੜੀ ਦੀ ਦੇਸ਼-ਵਿਦੇਸ਼ ’ਚ ਵਧ ਰਹੀ ਮੰਗ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਕੁਪਵਾੜਾ ’ਚ ਮਾਂ ਸ਼ਾਰਦਾ ਦੇ ਮੰਦਰ ਦਾ ਉਦਘਾਟਨ ਹੋਇਆ ਹੈ ਅਤੇ ਇਹ ਸ਼ਾਰਦਾ ਪੀਠ ਦੇ ਰੂਟ ’ਤੇ ਹੀ ਉਸਾਰਿਆ ਗਿਆ ਹੈ ਜੋ ਲੋਕਾਂ ਦੀ ਸਹਾਇਤਾ ਨਾਲ ਬਣਿਆ ਹੈ। ਸ੍ਰੀ ਮੋਦੀ ਨੇ ‘ਮਨ ਕੀ ਬਾਤ’ ਦੀ ਅਗਲੇ ਮਹੀਨੇ 100ਵੀਂ ਲੜੀ ਲਈ ਲੋਕਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ਵੀ ਕਿਹਾ ਹੈ।