ਨਿਸ਼ਾਨੇਬਾਜ਼ੀ ਵਿਸ਼ਵ ਕੱਪ: ਸਿਫ਼ਤ ਸਮਰਾ ਨੇ ਕਾਂਸੀ ਦਾ ਤਗ਼ਮਾ ਫੁੰਡਿਆ

ਨਿਸ਼ਾਨੇਬਾਜ਼ੀ ਵਿਸ਼ਵ ਕੱਪ: ਸਿਫ਼ਤ ਸਮਰਾ ਨੇ ਕਾਂਸੀ ਦਾ ਤਗ਼ਮਾ ਫੁੰਡਿਆ

ਭੋਪਾਲ: ਭਾਰਤ ਦੀ ਸਿਫ਼ਤ ਕੌਰ ਸਮਰਾ ਨੇ ਅੱਜ ਇੱਥੇ ਆਈਐੱਸਐੱਸਐੱਫ ਰਾਈਫਲ/ ਪਿਸਟਲ ਵਿਸ਼ਵ ਕੱਪ ਵਿੱਚ 50 ਮੀਟਰ ਰਾਈਫਲ 3ਪੀ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਇਹ ਸੀਨੀਅਰ ਵਰਗ ’ਚ ਉਸ ਦਾ ਦੂਜਾ ਕੌਮਾਂਤਰੀ ਤਗਮਾ ਹੈ। ਸਮਰਾ ਨੇ ਪਿਛਲੇ ਵਰ੍ਹੇ ਚੀਨ ਦੇ ਚਾਂਗਵਾਨ ਵਿੱਚ ਵਿਸ਼ਵ ਕੱਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਟੂਰਨਾਮੈਂਟ ’ਚ ਅੱਜ ਵੀ ਚੀਨ ਨੇ ਦਬਦਬਾ ਬਣਾਈ ਰੱਖਿਆ ਜਿਸ ਦੌਰਾਨ ਚੀਨੀ ਖਿਡਾਰਨ ਝਾਂਗ ਕਿਆਂਗਯੁਵੇ ਨੇ ਇਸ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ। ਮੌਜੂਦਾ ਕੌਮੀ ਚੈਂਪੀਅਨ ਸਮਰਾ ਨੇ ਰੈਂਕਿੰਗ ਦੌਰ ਵਿੱਚ ਕੁੱਲ 403.9 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਜਦਕਿ ਝਾਂਗ 414.7 ਅੰਕਾਂ ਨਾਲ ਪਹਿਲੇ ਅਤੇ ਚੈੱਕ ਗਣਰਾਜ ਦੀ ਅਨੇਤਾ ਬ੍ਰਾਬਕੋਵਾ 411.3 ਅੰਕਾਂ ਨਾਲ ਦੂਜੇ ਸਥਾਨ ’ਤੇ ਰਹੀ। ਇਸ ਮੁਕਾਬਲੇ ’ਚ ਝਾਂਗ ਨੇ ਅਨੇਤਾ ਬ੍ਰਾਬਕੋਵਾ ਨੂੰ 16-8 ਨਾਲ ਹਰਾਇਆ। ਭਾਰਤ ਇਸ ਸਮੇਂ ਤਗ਼ਮਾ ਸੂਚੀ ਵਿੱਚ ਇੱਕ ਸੋਨ, ਇੱਕ ਚਾਂਦੀ ਅਤੇ ਕਾਂਸੀ ਦੇ ਪੰਜ ਤਗ਼ਮਿਆਂ ਨਾਲ ਦੂਜੇ ਸਥਾਨ ’ਤੇ ਹੈ।