ਸਰਹਿੰਦ ਫੀਡਰ ਵਿੱਚ 100 ਫੁੱਟ ਚੌੜਾ ਪਾੜ ਪਿਆ

ਸਰਹਿੰਦ ਫੀਡਰ ਵਿੱਚ 100 ਫੁੱਟ ਚੌੜਾ ਪਾੜ ਪਿਆ

ਫ਼ਰੀਦਕੋਟ- ਸਰਹਿੰਦ ਫੀਡਰ ਵਿੱਚ ਅੱਜ ਦੇਰ ਸ਼ਾਮ ਕਰੀਬ 100 ਫੁੱਟ ਚੌੜਾ ਪਾੜ ਪੈਣ ਕਾਰਨ ਸਰਹਿੰਦ ਫੀਡਰ ਦਾ ਪਾਣੀ ਰਾਜਸਥਾਨ ਫੀਡਰ ਵਿੱਚ ਜਾ ਵੜਿਆ ਹੈ। ਇਹ ਘਟਨਾ ਸਰਹਿੰਦ ਫੀਡਰ ਅਤੇ ਰਾਜਸਥਾਨ ਫੀਡਰ ਵਿਚਲੀ ਪਟੜੀ ਖੁਰਨ ਕਾਰਨ ਵਾਪਰੀ ਹੈ। ਮਿਲੀ ਜਾਣਕਾਰੀ ਮੁਤਾਬਕ ਰਾਜਸਥਾਨ ਫੀਡਰ ਦਾ ਪਾਣੀ ਦੋ ਦਿਨ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ ਅਤੇ ਰਾਜਸਥਾਨ ਫੀਡਰ ਖਾਲੀ ਹੋਣ ਕਾਰਨ ਸਰਹਿੰਦ ਨਹਿਰ ਦੀ ਪਟੜੀ ਪਾਣੀ ਦੇ ਤੇਜ਼ ਵਹਾਅ ਕਾਰਨ ਖੁਰ ਗਈ ਹੈ। ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਕਿਹਾ ਕਿ ਨਹਿਰੀ ਵਿਭਾਗ ਦੇ ਉੱਚ ਅਧਿਕਾਰੀ ਇਸ ਘਟਨਾ ਦਾ ਜਾਇਜ਼ਾ ਲੈ ਰਹੇ ਹਨ ਅਤੇ ਨਹਿਰ ਵਿੱਚ ਪਾੜ ਪੈਣ ਨਾਲ ਫਿਲਹਾਲ ਕਿਸੇ ਵੀ ਤਰ੍ਹਾਂ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਤੁਰੰਤ ਮੌਕੇ ’ਤੇ ਪਹੁੰਚਣ ਦੀ ਹਦਾਇਤ ਕੀਤੀ ਗਈ ਹੈ। ਇਹ ਪਾੜ ਪੈਣ ਤੋਂ ਬਾਅਦ ਨਹਿਰੀ ਵਿਭਾਗ ਨੇ ਸਰਹਿੰਦ ਫੀਡਰ ਦਾ ਪਾਣੀ ਵੀ ਹਰੀਕੇ ਪੱਤਣ ਤੋਂ ਬੰਦ ਕਰ ਦਿੱਤਾ ਗਿਆ ਹੈ। ਸਰਹਿੰਦ ਨਹਿਰ ਦੀ ਸਮਰੱਥਾ 10 ਹਜ਼ਾਰ ਕਿਊਸਿਕ ਹੈ ਪਰੰਤੂ ਮੀਂਹ ਕਾਰਨ ਨਹਿਰ ਵਿੱਚੋਂ ਪਾਣੀ ਘਟਾਇਆ ਗਿਆ ਸੀ।