ਸੰਸਦ ਤੋਂ ਵਿਜੈ ਚੌਕ ਤੱਕ ਰੋਸ ਮਾਰਚ – ਦੇਸ਼ ਵਿੱਚ ਲੋਕਤੰਤਰ ਖ਼ਤਰੇ ’ਚ: ਵਿਰੋਧੀ ਧਿਰ

ਸੰਸਦ ਤੋਂ ਵਿਜੈ ਚੌਕ ਤੱਕ ਰੋਸ ਮਾਰਚ – ਦੇਸ਼ ਵਿੱਚ ਲੋਕਤੰਤਰ ਖ਼ਤਰੇ ’ਚ: ਵਿਰੋਧੀ ਧਿਰ

ਅਡਾਨੀ ਮੁੱਦੇ ’ਤੇ ਜੇਪੀਸੀ ਦੀ ਵੀ ਕੀਤੀ ਮੰਗ
ਨਵੀਂ ਦਿੱਲੀ- ਕਈ ਵਿਰੋਧੀ ਧਿਰਾਂ ਨੇ ਅੱਜ ਸੰਸਦ ਤੋਂ ਰੋਸ ਮਾਰਚ ਕਰਦਿਆਂ ਦੋਸ਼ ਲਾਇਆ ਕਿ ਲੋਕਤੰਤਰ ‘ਖ਼ਤਰੇ’ ਵਿਚ ਹੈ। ਉਨ੍ਹਾਂ ਅਡਾਨੀ ਮਾਮਲੇ ’ਤੇ ਜੇਪੀਸੀ ਜਾਂਚ ਦੀ ਮੰਗ ਵੀ ਕੀਤੀ। ਇਸ ਮੌਕੇ ਪੁਲੀਸ ਨੇ ਕਈ ਉੱਘੇ ਆਗੂਆਂ ਨੂੰ ਰੋਕ ਕੇ ਹਿਰਾਸਤ ਵਿਚ ਲੈ ਲਿਆ ਜਿਨ੍ਹਾਂ ਵਿਚ ਕੇਸੀ ਵੇਣੂਗੋਪਾਲ, ਅਧੀਰ ਚੌਧਰੀ, ਕੇ. ਸੁਰੇਸ਼, ਮਣੀਕਮ ਟੈਗੋਰ, ਇਮਰਾਨ ਪ੍ਰਤਾਪਗੜ੍ਹੀ ਤੇ ਮੁਹੰਮਦ ਜਾਵੇਦ ਸ਼ਾਮਲ ਸਨ। ਵਿਰੋਧੀ ਧਿਰਾਂ ਨੇ ਦਾਅਵਾ ਕੀਤਾ ਕਿ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਹੇਠ ਉਨ੍ਹਾਂ ਨੂੰ ਵਿਜੈ ਚੌਕ ਤੋਂ ਹਿਰਾਸਤ ਵਿਚ ਲੈ ਲਿਆ ਗਿਆ। ਵਿਜੈ ਚੌਕ ’ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਈ ਆਗੂਆਂ, ਜਿਨ੍ਹਾਂ ਵਿਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਸ਼ਾਮਲ ਸਨ, ਨੇ 2019 ਦੇ ਅਪਰਾਧਕ ਮਾਣਹਾਨੀ ਦੇ ਕੇਸ ’ਚ ਰਾਹੁਲ ਗਾਂਧੀ ਨੂੰ ਸੂਰਤ ਦੀ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵਿਰੋਧੀਆਂ ਨੂੰ ਕੇਸਾਂ ਨਾਲ ਨਿਸ਼ਾਨਾ ਬਣਾ ਰਹੀ ਹੈ ਤਾਂ ਕਿ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਜਾ ਸਕੇ। ਸੰਸਦ ਕੰਪਲੈਕਸ ਵਿਚ ਰੋਸ ਮੁਜ਼ਾਹਰੇ ਤੋਂ ਬਾਅਦ ਸੀਪੀਆਈ, ਸੀਪੀਐਮ, ਸ਼ਿਵ ਸੈਨਾ (ਊਧਵ ਠਾਕਰੇ), ਜੇਡੀ (ਯੂ) ਤੇ ‘ਆਪ’ ਨੇ ਵਿਜੈ ਚੌਕ ਤੱਕ ਮਾਰਚ ਕੀਤਾ। ਉਨ੍ਹਾਂ ਹੱਥਾਂ ਵਿਚ ਜੇਪੀਸੀ ਹੋਰ ਆਗੂ ਮੌਜੂਦ ਸਨ।ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਬੈਠਕ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅਸੀਂ ਪੂਰੇ ਦੇਸ਼ ਵਿੱਚ ਜਾਵਾਂਗੇ ਕਿਉਂਕਿ ਰਾਹੁਲ ਗਾਂਧੀ ਨੂੰ ਮੋਦੀ ਸਰਕਾਰ ਖਿਲਾਫ਼ ਅਡਾਨੀ ਮਸਲੇ, ਸਰਕਾਰ ਦੀ ਵਿਦੇਸ਼ ਨੀਤੀ ਤੇ ਸਰਹੱਦ ’ਤੇ ਚੀਨੀ ਘੁਸਪੈਠ ਖਿਲਾਫ਼ ਆਪਣੀ ਆਵਾਜ਼ ਉਠਾਉਣ ਬਦਲੇ ਗਿਣ-ਮਿੱਥ ਕੇ ਅਯੋਗ ਠਹਿਰਾਇਆ ਗਿਆ ਹੈ।’’
ਰਮੇਸ਼ ਨੇ ਕਿਹਾ ਕਿ ਭਾਜਪਾ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕੱਢੀ ‘ਭਾਰਤ ਜੋੜੋ ਯਾਤਰਾ’, ਜੋ ਅੰਦੋਲਨ ਬਣ ਗਈ ਹੈ, ਨੂੰ ਮਿਲੀ ਸਫ਼ਲਤਾ ਤੋਂ ਬੌਖਲਾ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਲੀਡਰਸ਼ਿਪ ਨੇ ਸਾਰੀਆਂ ਵਿਰੋਧੀ ਧਿਰਾਂ ਵੱਲੋਂ ਮਿਲੀ ਹਮਾਇਤ ਦਾ ਸਵਾਗਤ ਕੀਤਾ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ, ‘‘ਸਾਨੂੰ ਹੁਣ ਵਿਰੋਧੀ ਧਿਰਾਂ ਦੀ ਇਕਜੁੱਟਤਾ ਦੇ ਮਸਲੇ ਨੂੰ ਯੋਜਨਾਬੱਧ ਤਰੀਕੇ ਨਾਲ ਅੱਗੇ ਲਿਜਾਣਾ ਚਾਹੀਦਾ ਹੈ।’’ਰਮੇਸ਼ ਨੇ ਕਿਹਾ ਕਿ ਕਈ ਵਿਰੋਧੀ ਪਾਰਟੀਆਂ ਨੇ ਰਾਹੁਲ ਗਾਂਧੀ ਨੂੰ ਅਯੋਗ ਠਹਿਰਾਉਣ ਲਈ ਇਕਪਾਸੜ ਤੇ ਬਿਜਲੀ ਦੀ ਰਫ਼ਤਾਰ ਨਾਲ ਕੀਤੀ ਕਾਰਵਾਈ ਦੀ ਨਿਖੇਧੀ ਕੀਤੀ ਹੈ। ਰਮੇਸ਼ ਨੇ ਵਿਰੋਧੀ ਧਿਰਾਂ ਵੱਲੋਂ ਬਿਆਨਾਂ ਦੇ ਰੂਪ ਵਿੱਚ ਮਿਲੀ ਹਮਾਇਤ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਸੂਬਾਈ ਇਕਾਈਆਂ ਤੇ ਮੂਹਰਲੀ ਜਥੇਬੰਦੀਆਂ ਦੇਸ਼ ਭਰ ਵਿੱਚ ਵੱਖ ਵੱਖ ਪ੍ਰੋਗਰਾਮ ਉਲੀਕਣਗੀਆਂ ਤੇ ਸੋਮਵਾਰ ਤੋਂ ਦੇਸ਼ਵਿਆਪੀ ਅੰਦੋਲਨ ਸ਼ੁਰੂ ਕੀਤਾ ਜਾਵੇਗਾ।