ਅੰਮ੍ਰਿਤਪਾਲ ਦੇ ਉੱਤਰਾਖੰਡ ਜਾਂ ਨੇਪਾਲ ਭੱਜਣ ਦੇ ਸ਼ੰਕੇ

ਅੰਮ੍ਰਿਤਪਾਲ ਦੇ ਉੱਤਰਾਖੰਡ ਜਾਂ ਨੇਪਾਲ ਭੱਜਣ ਦੇ ਸ਼ੰਕੇ

ਦੇਸ਼ ਵਿੱਚੋਂ ਭੱਜਣ ਤੋਂ ਰੋਕਣ ਲਈ ਕਈ ਸੂਬਿਆਂ ਦੀ ਪੁਲੀਸ ਚੌਕਸ

ਚੰਡੀਗੜ੍ਹ- ਅੰਮ੍ਰਿਤਪਾਲ ਸਿੰਘ ਨੂੰ ਦੇਸ਼ ਵਿੱਚੋਂ ਭੱਜਣ ਤੋਂ ਰੋਕਣ ਲਈ ਕਈ ਸੂਬਿਆਂ ਦੀ ਪੁਲੀਸ ਚੌਕਸ ਹੋ ਗਈ ਹੈ। ਹਰਿਆਣਾ ਛੱਡਣ ਮਗਰੋਂ ਹੁਣ ਪੁਲੀਸ ਦੇ ਤੌਖਲੇ ਹਨ ਕਿ ਉਹ ਉੱਤਰਾਖੰਡ ਜਾਂ ਨੇਪਾਲ ਜਾਣ ਦੀ ਤਾਕ ਵਿੱਚ ਹੈ। ਪੁਲੀਸ ਨੂੰ ਪਿੰਡ ਜੱਲੂਪੁਰ ਖੇੜਾ ਵਿਚਲੇ ਘਰ ਵਿੱਚੋਂ ਉਸ ਦਾ ਪਾਸਪੋਰਟ ਵੀ ਨਹੀਂ ਲੱਭਿਆ ਹੈ। ਪੁਲੀਸ ਨੂੰ ਡਰ ਹੈ ਕਿ ਪਾਸਪੋਰਟ ਉਸ ਨੇ ਆਪਣੇ ਕੋਲ ਰੱਖਿਆ ਹੋਇਆ ਹੈ ਜਾਂ ਫਿਰ ਉਸ ਦੇ ਪਰਿਵਾਰ ਵਾਲੇ ਉਸ ਤੱਕ ਪਾਸਪੋਰਟ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ।

ਪੰਜਾਬ ਪੁਲੀਸ ਹਫ਼ਤੇ ਮਗਰੋਂ ਵੀ ਅੰਮ੍ਰਿਤਪਾਲ ਸਿੰਘ ਨੂੰ ਫੜਨ ਵਿੱਚ ਨਾਕਾਮ ਰਹੀ ਹੈ। 20 ਮਾਰਚ ਨੂੰ ਉਹ ਹਰਿਆਣਾ ਵੀ ਛੱਡ ਚੁੱਕਾ ਹੈ ਜਿਸ ਕਰਕੇ ਹੁਣ ਦਿੱਲੀ ਤੇ ਉੱਤਰਾਖੰਡ ਦੀ ਪੁਲੀਸ ਨੇ ਅਲਰਟ ਜਾਰੀ ਕਰ ਦਿੱਤਾ ਹੈ। ਹਰਿਆਣਾ ਦੀ ਡੀਜੀਪੀ (ਅਮਨ ਕਾਨੂੰਨ) ਮਮਤਾ ਸਿੰਘ ਦਾ ਕਹਿਣਾ ਹੈ ਕਿ ਸ਼ਾਹਬਾਦ ਛੱਡਣ ਮਗਰੋਂ ਅੰਮ੍ਰਿਤਪਾਲ ਬਾਰੇ ਕੋਈ ਸੂਹ ਨਹੀਂ ਹੈ ਪ੍ਰੰਤੂ ਉਹ ਪੂਰੀ ਤਰ੍ਹਾਂ ਮੁਸਤੈਦ ਹਨ। ਪੰਜਾਬ ਪੁਲੀਸ ਦੀਆਂ ਟੀਮਾਂ ਵੀ ਉਸ ਦਾ ਪਿੱਛਾ ਕਰ ਰਹੀਆਂ ਹਨ। ਪੰਜਾਬ ਪੁਲੀਸ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਉਹ ਬੱਸ ਜਾਂ ਹੋਰ ਵਾਹਨ ਜ਼ਰੀਏ ਦਿੱਲੀ ’ਚ ਦਾਖਲ ਹੋ ਸਕਦਾ ਹੈ। ਦਿੱਲੀ ਪੁਲੀਸ ਨੇ ਵੀ ਅਲਰਟ ਜਾਰੀ ਕੀਤਾ ਹੈ।

ਦੂਜੇ ਪਾਸੇ ਸ਼ਾਹਬਾਦ ’ਚ ਅੰਮ੍ਰਿਤਪਾਲ ਨੂੰ ਪਨਾਹ ਦੇਣ ਵਾਲੀ ਔਰਤ ਬਲਜੀਤ ਕੌਰ ਨੂੰ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਨਕੋਦਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਪੁਲੀਸ ਨੂੰ ਉਸ ਦਾ ਤਿੰਨ ਦਿਨ ਦਾ ਰਿਮਾਂਡ ਮਿਲਿਆ ਹੈ। ਇਸ ਔਰਤ ਨੇ ਅੰਮ੍ਰਿਤਪਾਲ ਦੇ ਉੱਤਰਾਖੰਡ ਵੱਲ ਜਾਣ ਦੀ ਗੱਲ ਕਹੀ ਸੀ। ਇਸ ਮਗਰੋਂ ਉੱਤਰਾਖੰਡ ਪੁਲੀਸ ਨੇ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਪੁਲੀਸ ਨੇ ਖ਼ਾਸ ਕਰ ਕੇ ਉੱਤਰਾਖੰਡ ਦੇ ਦੇਹਰਾਦੂਨ, ਹਰਿਦੁਆਰ ਅਤੇ ਊਧਮ ਸਿੰਘ ਨਗਰ ਜ਼ਿਲ੍ਹਿਆਂ ’ਚ ਚੌਕਸੀ ਵਧਾ ਦਿੱਤੀ ਹੈ। ਉੱਤਰਾਖੰਡ ਪੁਲੀਸ ਦੇ ਡਾਇਰੈਕਟਰ ਜਨਰਲ ਅਸ਼ੋਕ ਕੁਮਾਰ ਨੇ ਦੱਸਿਆ ਕਿ ਅੰਮ੍ਰਿਤਪਾਲ ਦੇ ਉੱਤਰਾਖੰਡ ਵਿਚ ਦਾਖਲ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਇਨ੍ਹਾਂ ਤਿੰਨ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਉੱਤਰਾਖੰਡ ਪੁਲੀਸ ਨੇ ਨੇਪਾਲ ਪੁਲੀਸ ਨਾਲ ਵੀ ਅੰਮ੍ਰਿਤਪਾਲ ਦੀਆਂ ਤਸਵੀਰਾਂ ਤੇ ਪੋਸਟਰ ਸਾਂਝੇ ਕੀਤੇ ਹਨ। ਨੇਪਾਲ ਸੀਮਾ ਨਾਲ ਲੱਗਦੇ ਉੱਤਰਾਖੰਡ ਦੇ ਪਿੰਡਾਂ ਵਿੱਚ ਵੀ ਉਸ ਦੀਆਂ ਤਸਵੀਰਾਂ ਲਾਈਆਂ ਗਈਆਂ ਹਨ।

ਉੱਤਰਾਖੰਡ ਪੁਲੀਸ ਨੇ ਤਾਂ ਸੋਸ਼ਲ ਮੀਡੀਆ ’ਤੇ ਅੰਮ੍ਰਿਤਪਾਲ ਦੀ ਹਮਾਇਤ ਕਰਨ ਵਾਲੇ ਇੱਕ ਨੌਜਵਾਨ ਗੁਰਵਿੰਦਰ ਸਿੰਘ ਖ਼ਿਲਾਫ਼ ਕੇਸ ਵੀ ਦਰਜ ਕੀਤਾ ਹੈ। ਖ਼ੁਫ਼ੀਆ ਏਜੰਸੀਆਂ ਵੱਲੋਂ 158 ਵਿਦੇਸ਼ੀ ਖਾਤਿਆਂ ਦੀ ਸੂਚੀ ਵੀ ਕੌਮੀ ਜਾਂਚ ਏਜੰਸੀ ਨਾਲ ਸਾਂਝੀ ਕੀਤੀ ਹੈ ਜਿਨ੍ਹਾਂ ਵਿੱਚੋਂ ਫੰਡਿੰਗ ਹੋਈ ਹੈ। ਚਰਚੇ ਇਹ ਵੀ ਹਨ ਕਿ ਅੰਮ੍ਰਿਤਪਾਲ ਨੇ ਬਰਤਾਨਵੀ ਨਾਗਰਿਕਤਾ ਲਈ ਅਪਲਾਈ ਕੀਤਾ ਹੋਇਆ ਸੀ। ਪੰਜਾਬ ਪੁਲੀਸ ਨੇ ਅੱਜ ਅੰਮ੍ਰਿਤਪਾਲ ਤੇ ਸਾਥੀਆਂ ’ਤੇ ਦਰਜ ਕੇਸਾਂ ਅਤੇ ਹੁਣ ਤੱਕ ਬਰਾਮਦ ਕੀਤੇ ਹਥਿਆਰਾਂ ਦਾ ਵੇਰਵਾ ਵੀ ਸਾਂਝਾ ਕੀਤਾ ਹੈ।