ਆਜ਼ਾਦੀ ਸੰਗਰਾਮ ਦਾ ਇਨਕਲਾਬੀ ਕੌਮੀ ਸ਼ਹੀਦਸ਼ਹੀਦ ਭਗਤ ਸਿੰਘ

ਆਜ਼ਾਦੀ ਸੰਗਰਾਮ ਦਾ ਇਨਕਲਾਬੀ ਕੌਮੀ ਸ਼ਹੀਦ
ਸ਼ਹੀਦ ਭਗਤ ਸਿੰਘ

(ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ 23 ਮਾਰਚ ਨੂੰ ਸਮਰਪਿਤ)

ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਅਨੇਕ ਕ੍ਰਾਂਤੀਕਾਰੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ, ਪਰ ਇਨ੍ਹਾਂ ਵਿਚੋਂ ਸ਼ਰੋਮਣੀ ਸਥਾਨ ਸ਼ਹੀਦ ਭਗਤ ਸਿੰਘ ਨੂੰ ਮਿਲਿਆ ਹੈ। ਸ਼ਹੀਦ ਭਗਤ ਸਿੰਘ ਦੀ ਦ੍ਰਿੜਤਾ ਅਤੇ ਇਨਕਲਾਬੀ ਚੇਤਨਾ ਨੇ ਲੱਖਾਂ ਭਾਰਤੀਆਂ ਦੀ ਸੁੱਤੀ ਚੇਤਨਾ ਨੂੰ ਜਗਾ ਕੇ ਉਨ੍ਹਾਂ ਅੰਦਰ ਗੁਲਾਮੀ ਵਿਰੁੱਧ ਇਨਕਲਾਬੀ ਚੇਤਨਾ ਪੈਦਾ ਕੀਤੀ। ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਲਾਇਲਪੁਰ (ਫੈਸਲਾਬਾਦ) ਜਿਲ੍ਹੇ ਦੇ ਪਿੰਡ ਬੰਗਾ ਵਿੱਚ ਹੋਇਆ। ਉਸ ਦਾ ਜੱਦੀ ਘਰ ਭਾਰਤੀ ਪੰਜਾਬ ਦੇ ਨਵਾਂ ਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਜਿਲ੍ਹੇ ਦੇ ਖਟਕੜ ਕਲਾਂ ਪਿੰਡ ਵਿੱਚ ਸਥਿਤ ਹੈ। ਉਸਦੇ ਪਿਤਾ ਦਾ ਨਾਂ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿਦਯਾਵਤੀ ਸੀ। ਸਰਦਾਰ ਭਗਤ ਸਿੰਘ ਨੂੰ ਦੇਸ਼ ਭਗਤੀ ਦਾ ਜਜ਼ਬਾ ਅਤੇ ਜਨੂੰਨ ਪਰਿਵਾਰਕ ਵਿਰਾਸਤ ਵਿਚੋਂ ਮਿਲਿਆ ਸੀ। ਉਸ ਦੇ ਘਰ ਦਾ ਮਾਹੌਲ ਦੇਸ਼ਭਗਤੀ ਦੇ ਵਲਵਲਿਆਂ ਨਾਲ ਭਰਪੂਰ ਸੀ। ਬਚਪਨ ਵਿਚ ਜੋ ਕੁਝ ਉਸ ਦੇ ਆਲੇ-ਦੁਆਲੇ ਵਾਪਰਿਆ, ਉਸਦਾ ਉਸ ਦੇ ਬਾਲਮਨ ‘ਤੇ ਗਹਿਰਾ ਪ੍ਰਭਾਵ ਪਿਆ ਸੀ।
ਸਰਦਾਰ ਭਗਤ ਸਿੰਘ ਦਾ ਦਾਦਾ ਅਰਜਨ ਸਿੰਘ, ਜਲਾਵਤਨ ਚਾਚਾ ਅਜੀਤ ਸਿੰਘ, ਸ਼ਹੀਦ ਸਰਵਨ ਸਿੰਘ, ਰਾਸ਼ਟਰਵਾਦੀ ਪਿਤਾ ਕਿਸ਼ਨ ਸਿੰਘ ਸਾਰੇ ਹੀ ਅੰਗਰੇਜ਼ ਵਿਰੋਧੀ ਹੋਣ ਕਰਕੇ ਬਚਪਨ ਵਿਚ ਉਸ ਦੇ ਮਨ ਵਿਚ ਵੀ ਅੰਗਰੇਜ਼ੀ ਹਕੂਮਤ ਖਿਲਾਫ਼ ਨਫ਼ਰਤ ਦੇ ਬੀਜ ਪੁੰਗਰਨ ਲੱਗ ਪਏ ਸਨ। ਉਸ ਨੇ ਕ੍ਰਾਂਤੀਕਾਰੀ ਜਜ਼ਬੇ ਵਾਲੇ ਕਰਤਾਰ ਸਿੰਘ ਸਰਾਭਾ ਨੂੰ ਆਪਣੀ ਜ਼ਿੰਦਗੀ ਦਾ ਆਦਰਸ਼ ਮੰਨਿਆ। ਜਲਿਆਂਵਾਲੇ ਬਾਗ ਦੇ ਖੂਨੀ ਸਾਕੇ (13 ਅਪ੍ਰੈਲ 1919) ਦਾ ਉਸਦੇ ਦਿਲੋ-ਦਿਮਾਗ ‘ਤੇ ਇੰਨਾ ਡੂੰਘਾ ਅਸਰ ਹੋਇਆ ਸੀ ਕਿ ਉਸਨੇ ਜਲਿਆਂਵਾਲੇ ਬਾਗ ਦੀ ਖੂਨੀ ਮਿੱਟੀ ਨੂੰ ਇਕ ਸ਼ੀਸ਼ੀ ਵਿਚ ਭਰ ਕੇ ਆਪਣੇ ਕੋਲ ਰੱਖਿਆ ਹੋਇਆ ਸੀ। ਉਸ ਦੇ ਭਾਵੀ ਮਨਸੂਬਿਆਂ ਦਾ ਤਾਂ ਉਸ ਦੇ ਬਚਪਨ ਵੇਲੇ ਤੋਂ ਹੀ ਪਤਾ ਲੱਗ ਗਿਆ ਸੀ, ਜਦੋਂ ਉਹ ਦਮੂਕਾਂ ਬੀਜਣ ਦੀ ਖੇਡ ਖੇਡ ਰਿਹਾ ਸੀ।
ਸਰਦਾਰ ਭਗਤ ਸਿੰਘ ਸਚਿੰਦਰ ਨਾਥ ਸਨਿਯਾਲ ਨਾਲ ਕੀਤੇ ਪ੍ਰਣ ਮੁਤਾਬਿਕ ਵਿਆਹ ਦੇ ਸਮਾਜਕ ਬੰਧਨ ਵਿਚ ਬੱਝਣ ਦੀ ਥਾਂ ਦੇਸ਼ ਦੀ ਆਜ਼ਾਦੀ ਲਈ ਮੌਤ ਲਾੜੀ ਨੂੰ ਵਿਆਹੁਣਾ ਲੋਚਦਾ ਹੈ। ਇਸ ਕਰਕੇ ਉਹ ਘਰ ਨੂੰ ਤਿਆਗ ਕੇ ਕਾਨਪੁਰ ਚਲਾ ਜਾਂਦਾ ਹੈ। ਇਸ ਘਟਨਾ ਦੇ ਨਾਲ ਹੀ ਉਸ ਦੇ ਇਨਕਲਾਬੀ ਜੀਵਨ ਦਾ ਆਰੰਭ ਹੁੰਦਾ ਹੈ। ਉਹ ਨਵੰਬਰ 1921 ’ਚ ਆਪਣੀ ਦਸਵੀਂ ਦੀ ਪੜ੍ਹਾਈ ਛੱਡ ਕੇ ਮਹਿਜ 14 ਸਾਲ ਦੀ ਉਮਰ ਵਿਚ ਮਹਾਤਮਾ ਗਾਂਧੀ ਦੁਆਰਾ ਰੌਲਟ-ਐਕਟ ਖ਼ਿਲਾਫ਼ ਚਲਾਈ ਨਾ-ਮਿਲਵਰਤਨ ਦੀ ਲਹਿਰ ਵਿਚ ਹਿੱਸਾ ਲੈਂਦਾ ਹੈ। ਪਰ ਚੌਰਾ-ਚੌਰੀ ਦੀ ਘਟਨਾ ਤੋਂ ਬਾਅਦ ਮਹਾਤਮਾ ਗਾਂਧੀ ਦਾ ਇਸ ਅੰਦੋਲਨ ਨੂੰ ਵਾਪਿਸ ਲੈਣ ਦਾ ਫ਼ੈਸਲਾ ਭਗਤ ਸਿੰਘ ਨੂੰ ਪਿੱਠ ਵਿਚ ਖੋਭੀ ਛੁਰੀ ਵਾਂਗ ਲਗਦਾ ਹੈ। ਭਗਤ ਸਿੰਘ ਦੇ ਆਦਰਸ਼ ਵਿਚ ਗੁਰੂ ਗੋਬਿੰਦ ਸਿੰਘ ਤੇ ਕਰਤਾਰ ਸਿੰਘ ਸਰਾਭਾ ਵਰਗੇ ਯੋਧੇ ਸਨ। ਇਸ ਲਈ ਭਗਤ ਸਿੰਘ ਦੀ ਵਿਚਾਰਧਾਰਾ ਗਾਂਧੀ ਦੀ ਅਹਿੰਸਾ ਨੀਤੀ ਨਾਲ ਮੇਲ ਨਹੀਂ ਖਾਂਦੀ ਸੀ।
ਸਰਦਾਰ ਭਗਤ ਸਿੰਘ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੋਂਕ ਸੀ। ਉਸ ਨੂੰ ਪਲੈਟੋ, ਮਾਰਕਸ, ਲੈਨਿਨ, ਏਂਗਲਜ, ਐਮਿਲ, ਡੌਨ ਬਰੀਨ, ਰੂਸੋ, ਸਾਰਲੋਟ ਪਾਰਕਿਨਜ਼ ਮਿਲਮੈਕ ਆਦਿ ਦਾਰਸ਼ਨਿਕਾ ਦੀ ਵਿਚਾਰਧਾਰਾ ਨੇ ਬੇਹੱਦ ਪ੍ਰਭਾਵਿਤ ਕੀਤਾ ਅਤੇ ਇਨ੍ਹਾਂ ਦੀਆਂ ਕਿਤਾਬਾਂ ਨੇ ਉਸ ਦੇ ਚਿੰਤਨ ਵਿਚ ਹੋਰ ਵੀ ਨਿਖਾਰ ਲਿਆਂਦਾ। ਸਰਦਾਰ ਭਗਤ ਸਿੰਘ ਭਾਰਤੀ ਮਜ਼ਦੂਰਾਂ ਤੇ ਕਿਸਾਨਾਂ ਦੇ ਹੁੰਦੇ ਆਰਥਿਕ ਸ਼ੋਸ਼ਣ ਅਤੇ ਦਮਨ ਤੋਂ ਭਲੀ ਭਾਂਤ ਜਾਣੂ ਸੀ। ਉਹ ਇਨ੍ਹਾਂ ਦੀ ਆਰਥਿਕ ਹਾਲਤ ਸੁਧਾਰਨ ਵਾਸਤੇ ਇਨ੍ਹਾਂ ਨੂੰ ਵੀ ਇਸ ਆਜ਼ਾਦੀ ਦੀ ਲੜਾਈ ਦਾ ਹਿੱਸਾ ਬਣਾਉਣਾ ਚਾਹੁੰਦਾ ਸੀ। ਭਗਤ ਸਿੰਘ ਦੀ ਅਜਿਹੀ ਸੋਚ ਕਾਰਨ ਆਜ਼ਾਦੀ ਲਹਿਰ ਰਾਜਨੀਤਕ ਅਦਾਰਿਆਂ ਤੱਕ ਸੀਮਿਤ ਨਾ ਰਹਿ ਕੇ ਸਮੁੱਚੀ ਸਮਾਜਕ, ਆਰਥਕ, ਧਾਰਮਕ, ਸੱਭਿਆਚਾਰਕ ਪੱਖਾਂ ਨੂੰ ਆਪਣੇ ਅੰਦਰ ਸਮੇਟਦੀ ਹੈ।
ਸਰਦਾਰ ਭਗਤ ਸਿੰਘ ਨੇ ਹਰ ਥਾਂ ‘ਤੇ ਅੰਗਰੇਜ਼ ਸਾਮਰਾਜਵਾਦ ਦਾ ਵਿਰੋਧ ਕੀਤਾ। ਉਹ ਨੌਜਵਾਨਾਂ ਨੂੰ ਇਹ ਪ੍ਰੇਰਨਾ ਦਿੰਦਾ ਰਿਹਾ ਕਿ ਗੁਲਾਮੀ ਅਤੇ ਅਸਮਾਨਤਾ ਵਾਲੇ ਸਮਾਜ ਦਾ ਇਕਜੁਟ ਹੋ ਕੇ ਵਿਰੋਧ ਕਰਨਾ ਚਾਹੀਦਾ ਹੈ। ਭਗਤ ਸਿੰਘ ਨੂੰ ਮਾਰਚ 1924 ਨੂੰ ਜੈਤੋ ਵੱਲ ਮੋਰਚਾ ਲਾਉਣ ਜਾ ਰਹੇ ਅਕਾਲੀ ਜੱਥੇ ਦੀ ਬੰਗੇ ਪਿੰਡ ਵਿਚ ਸਵਾਗਤ ਦੀ ਜ਼ਿੰਮੇਵਾਰੀ ਮਿਲੀ। ਪਰ ਅੰਗਰੇਜ਼ ਹਕੂਮਤ ਨੇ ਇਹ ਐਲਾਨ ਕਰਵਾ ਦਿੱਤਾ ਸੀ ਕਿ ਇਹ ਜੱਥਾ ਅੰਗਰੇਜ਼ ਹਕੂਮਤ ਦੇ ਖਿਲਾਫ ਹੈ ਅਤੇ ਇਸ ਜੱਥੇ ਦਾ ਕੋਈ ਸਵਾਗਤ ਨਾ ਕਰੇ। ਅੰਗਰੇਜ਼ਾਂ ਦੀ ਇਸ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਭਗਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਅਕਾਲੀ ਜੱਥੇ ਦਾ ਭਰਪੂਰ ਸਵਾਗਤ ਹੀ ਨਹੀਂ ਕੀਤਾ ਬਲਕਿ ਉਨ੍ਹਾਂ ਲਈ ਲੰਗਰ ਸੇਵਾ ਦਾ ਵੀ ਪ੍ਰਬੰਧ ਕੀਤਾ।
ਸਰਦਾਰ ਭਗਤ ਸਿੰਘ ਚਾਹੁੰਦਾ ਸੀ ਕਿ ਰਾਜ-ਸੱਤਾ ਅੰਗਰੇਜ਼ਾਂ ਦੇ ਹੱਥਾਂ ਵਿਚੋਂ ਨਿਕਲ ਕੇ ਭਾਰਤੀਆਂ ਦੇ ਹੱਥਾਂ ਵਿਚ ਆਵੇ। ਭਾਰਤ ਅੰਦਰ ਸਮਾਜਵਾਦੀ ਸਮਾਜ ਦੀ ਸਿਰਜਣਾ ਅਤੇ ਕੌਮੀ ਲਹਿਰ ਨੂੰ ਜਮਹੂਰੀ ਲੀਹਾਂ ‘ਤੇ ਤੋਰਨ ਲਈ ਸਤੰਬਰ 1928 ’ਚ ਦਿੱਲੀ ਵਿਖੇ ਹੋਈ ਸਭਾ ਵਿਚ ਭਗਤ ਸਿੰਘ ਦੀਆਂ ਤਰਕ ਭਰਪੂਰ ਦਲੀਲਾਂ ਅਤੇ ਸਿਰਜਣਾਤਮਿਕ ਬਹਿਸ ਤੋਂ ਬਾਅਦ ‘ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ’ ਦਾ ਨਾਮ ਬਦਲ ਕੇ ‘ਹਿੰਦੁਸਤਾਨ ਸੋਸਲਿਸਟ ਰਿਪਬਲਿਕ ਐਸੋਸੀਏਸ਼ਨ’ ਰੱਖ ਦਿੱਤਾ ਜਾਂਦਾ ਹੈ।
ਸਰਦਾਰ ਭਗਤ ਸਿੰਘ ਨੇ ਇਨਕਲਾਬੀ ਲਹਿਰ ਨੂੰ ਧਰਮ ਨਿਰਪੱਖ ਬਣਾਉਣ ਦਾ ਪ੍ਰਯਾਸ ਕੀਤਾ। ਉਸ ਨੇ ਇਨਕਲਾਬੀ ਲਹਿਰ ਨੂੰ ਅੱਗੇ ਵਧਾਉਣ ਲਈ ‘ਇਨਕਲਾਬ ਜ਼ਿੰਦਾਬਾਦ, ਸਮਰਾਜਵਾਦ-ਮੁਰਦਾਬਾਦ’ ਦਾ ਨਵਾਂ ਨਾਅਰਾ ਦਿੱਤਾ। ਜਦੋਂ ਅਕਤੂਬਰ 1928 ਵਿਚ ਸਾਈਮਨ ਕਮਿਸ਼ਨ ਲਾਹੌਰ ਆਇਆ ਤਾਂ ‘ਸਾਈਮਨ ਕਮਿਸ਼ਨ ਵਾਪਸ ਜਾਓ’ ਅਤੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾ ਕੇ ਉਸ ਦਾ ਵਿਰੋਧ ਕੀਤਾ ਗਇਆ। ਇਸ ਕਮਿਸ਼ਨ ਦਾ ਵਿਰੋਧ ਕਰਦੇ ਲੋਕਾਂ ‘ਤੇ ਸਰਕਾਰ ਵਲੋਂ ਕੀਤੇ ਲਾਠੀਚਾਰਜ ਕੀਤਾ ਗਿਆ। ਇਸ ਲਾਠੀਚਾਰਜ ਵਿਚ ਲਾਲਾ ਲਾਜਪਤ ਰਾਏ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਅਤੇ ਸਦੀਵੀ ਵਿਛੋੜਾ ਦੇ ਗਏ।
ਲਾਲਾ ਲਾਜਪਤ ਰਾਏ ਦੀ ਸ਼ਹੀਦੀ ਤੋਂ ਬਾਅਦ ਭਗਤ ਸਿੰਘ, ਚੰਦਰਸ਼ੇਖਰ, ਰਾਜਗੁਰੂ, ਜੈ ਗੋਪਾਲ, ਸੁਖਦੇਵ ਥਾਪਰ ਆਦਿ ਨੇ ਮਿਲ ਕੇ ਦੋਸ਼ੀ ਪੁਲਿਸ ਸੁਪਰਡੈਂਟ ਸਕਾਟ ਨੂੰ ਮਾਰਨ ਦੀ ਯੋਜਨਾ ਬਣਾਈ। ਉਨ੍ਹਾਂ ਨੇ 17 ਦਸੰਬਰ 1928 ਨੂੰ ਭੁਲੇਖੇ ਨਾਲ ਪੁਲਿਸ ਸੁਪਰਡੈਂਟ ਸਕਾਟ ਦੀ ਥਾਂ ਇੱਕ ਬ੍ਰਿਟਿਸ਼ ਜੂਨੀਅਰ ਪੁਲਿਸ ਅਫਸਰ ਜੌਹਨ ਸਾਂਡਰਸ ਨੂੰ ਗੋਲੀਆਂ ਮਾਰ ਕੇ ਮੌਤ ਦੀ ਨੀਂਦ ਸੁਆ ਦਿੱਤਾ। ਇਸ ਕਤਲੇਆਮ ਦੀ ਜਿੰਮੇਵਾਰੀ ‘ਹਿੰਦੁਸਤਾਨ ਸੋਸਲਿਸ਼ਟ ਰਿਪਬਲਿਕਨ ਐਸੋਸੀਏਸ਼ਨ’ ਨੇ ਆਪਣੇ ਸਿਰ ਲਈ। ਦਿੱਲੀ ਅਸੈਂਬਲੀ ਵਿਚ 8 ਅਪ੍ਰੈਲ 1929 ਈ. ਨੂੰ ਵਿਵਾਦ ਭਰੇ ‘ਟਰੇਡ ਡਿਸਪਿਊਟ ਬਿੱਲ’ ਤੇ ‘ਪਬਲਿਕ ਸੇਫਟੀ ਬਿੱਲ’ ਉੱਪਰ ਬਹਿਸ ਕਰਨ ਅਤੇ ਵੋਟਾਂ ਪਵਾਉਣ ਲਈ ਕਾਂਗਰਸ ਤੇ ਮੁਸਲਿਮ ਲੀਗ ਦੇ ਵੱਡੇ ਨੇਤਾਵਾਂ ਦਾ ਇਕੱਠ ਹੁੰਦਾ ਹੈ। ਇਸ ਬਿੱਲ ਦੇ ਵਿਰੋਧ ਵਜੋਂ ਭਗਤ ਸਿੰਘ ਅਤੇ ਬੀ.ਕੇ. ਦੱਤ ਅਸੈਂਬਲੀ ਹਾਲ ਅੰਦਰ ਦਾਖਲ ਹੋ ਕੇ ਇਕੱਠ ਵਿਚ ਧੁੰਆ ਅਤੇ ਧਮਾਕਾ ਕਰਨ ਵਾਲਾ ਬੰਬ ਸੁੱਟਦੇ ਹਨ ਅਤੇ ‘ਇਨਕਲਾਬ ਜ਼ਿੰਦਾਬਾਦ, ਸਮਰਾਜਵਾਦ-ਮੁਰਦਾਬਾਦ’ ਦੇ ਨਾਅਰੇ ਲਾਉਂਦੇ ਹਨ। ਉਨ੍ਹਾਂ ਨੇ ਅਸੈਂਬਲੀ ‘ਚ ਬੰਬ ਸੁੱਟਣ ਤੋਂ ਬਾਅਦ ਭਜਣ ਦੀ ਕੋਸ਼ਿਸ਼ ਵੀ ਨਹੀਂ ਕੀਤੀ, ਸਗੋਂ ਨਾਅਰਿਆਂ ਰਾਹੀਂ ਅੰਗਰੇਜ਼ ਹਕੂਮਤ ਨੂੰ ਵੰਗਾਰਦੇ ਹੋਏ ਗ੍ਰਿਫ਼ਤਾਰ ਹੋਏ।
ਅਸੈਂਬਲੀ ਬੰਬ ਕੇਸ ਵਿਚ ਸਰਦਾਰ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਹੋ ਜਾਂਦੀ ਹੈ। ਇਸ ਸਜ਼ਾ ਤੋਂ ਬਾਅਦ ਅਦਾਲਤ ਵੱਲੋਂ ਦੋਵਾਂ ਨੂੰ ਸਾਂਡਰਸ ਕਤਲ ਕੇਸ ਦੀ ਸੁਣਵਾਈ ਲਈ ਲਾਹੌਰ ਸੈਂਟਰਲ ਜੇਲ੍ਹ ਵਿਚ ਲਿਆਂਦਾ ਜਾਂਦਾ ਹੈ। ਭਗਤ ਸਿੰਘ ਨੇ ਜੇਲ੍ਹ ਵਿਚ ਸਾਥੀਆਂ ਨਾਲ ਮਿਲ ਕੇ ਜੇਲ ਦੇ ਮਾੜੇ ਪ੍ਰਬੰਧ ਅਤੇ ਉਨ੍ਹਾਂ ਨਾਲ ਕੀਤੇ ਜਾਂਦੇ ਅਣਮਨੁੱਖੀ ਵਿਵਹਾਰ ਦੇ ਖਿਲਾਫ ਭੁੱਖ ਹੜਤਾਲ ਵੀ ਕੀਤੀ। ਭਗਤ ਸਿੰਘ ਨੂੰ ਪਤਾ ਸੀ ਕਿ ਅੰਗਰੇਜ਼ ਸਰਕਾਰ ਉਨ੍ਹਾਂ ਨੂੰ ਸਾਂਡਰਸ ਕਤਲ ਕੇਸ ਵਿਚ ਫਾਂਸੀ ਦੀ ਸਜ਼ਾ ਦੇ ਸਕਦੀ ਹੈ। ਇਸ ਲਈ ਇਹ ਕ੍ਰਾਂਤੀਕਾਰੀ ਯੋਧੇ ਮੌਤ ਦੀ ਸਜਾ ਪਾਉਣ ਲਈ ਉਤਾਵਲੇ ਸਨ। ਉਹ ਅਪਣੇ ਮਿਥੇ ਉਦੇਸ਼ ਮੁਤਾਬਿਕ ਅਦਾਲਤਾਂ ਵਿਚ ਆਪਣੇ ਉਦੇਸ਼ਾਂ ਦੀ ਵਿਆਖਿਆ ਕਰਕੇ ਦੇਸ਼ ਵਾਸੀਆਂ ਨੂੰ ਸੁਚੇਤ ਕਰ ਰਹੇ ਸਨ। ਉਹ ਮਰਦੇ ਦਮ ਤੱਕ ਬ੍ਰਿਟਿਸ਼ ਸਾਸ਼ਨ ਦੀ ਕੁਟਿਲਤਾ, ਭ੍ਰਿਸ਼ਟਤਾ ਅਤੇ ਅਤਿਆਚਾਰਾਂ ਦਾ ਭਾਂਡਾ ਫੋੜਨਾ ਚਾਹੁੰਦੇ ਸਨ। ਜੇਲ੍ਹ ਵਿਚ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਵਲੋਂ ਕੀਤੀ ਭੁੱਖ ਹੜਤਾਲ ਨੂੰ ਤੋੜਨ ਲਈ ਅੰਗਰੇਜ਼ ਹਕੂਮਤ ਨੇ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਸਫ਼ਲਤਾ ਨਾ ਮਿਲੀ। ਇਸ ਲੰਮੀ ਭੁੱਖ ਹੜਤਾਲ ‘ਚ ਜਤਿੰਦਰ ਨਾਥ ਦਾਸ ਅੰਗਰੇਜ਼ ਸਾਮਰਾਜ ਅੱਗੇ ਤਾਂ ਨਹੀਂ ਹਾਰਦਾ, ਪਰ ਮੌਤ ਅੱਗੇ ਹਾਰ ਜਾਂਦਾ ਹੈ। ਉਸਦੀ ਮੌਤ ਦੁਸਰੇ ਕ੍ਰਾਂਤੀਕਾਰੀਆਂ ਲਈ ਪ੍ਰੇਰਨਾ-ਸਰੋਤ ਬਣਦੀ ਹੈ।
ਸਰਦਾਰ ਭਗਤ ਸਿੰਘ ਨਹੀਂ ਚਾਹੁੰਦਾ ਸੀ ਕਿ ਦੇਸ਼ ਦੇ ਨੌਜਵਾਨ ਬੰਬ ਤੇ ਪਿਸਤੌਲ ਲੈ ਕੇ ਹਿੰਸਕ ਕਾਰਵਾਈਆਂ ਕਰਨ। ਉਹ ਤਾਂ ਆਮ ਲੋਕਾਂ ਨੂੰ ਜਾਗ੍ਰਤ ਕਰਨਾ ਅਤੇ ਇਨਕਲਾਬ ਦੇ ਸੁਨੇਹੇ ਨੂੰ ਦੇਸ਼ ਦੇ ਹਰ ਕੋਨੇ ਤੱਕ ਪਹੰਚਾਉਣਾ ਚਾਹੁੰਦਾ ਸੀ, ਪਰ ਅਜੋਕੇ ਸਰਮਾਏਦਾਰ ਪੱਖੀ ਲੋਕ ਉਸ ਨੂੰ ਖ਼ਤਰਨਾਕ ਆਤੰਕਵਾਦੀ ਸਮਝਦੇ ਰਹੇ। ਸਰਦਾਰ ਭਗਤ ਸਿੰਘ ਦੇ ਜੇਲ੍ਹ ਵਿਚ ਰਹਿ ਕੇ ਵੀ ਹੌਸਲੇ ਬੁਲੰਦ ਸਨ, ਉਹ ਇਥੇ ਜਿਆਦਾ ਸਮਾਂ ਵਿਸ਼ਵ ਪੱਧਰ ਦੇ ਚਿੰਤਕਾਂ ਦੀਆਂ ਪੁਸਤਕਾਂ ਦਾ ਲਗਾਤਾਰ ਅਧਿਐਨ ਕਰਦਾ ਰਹਿੰਦਾ ਅਤੇ ਨਾਲ ਹੀ ਆਪਣੇ ਦੋਸਤਾਂ ਤੇ ਪਰਿਵਾਰ ਨਾਲ ਮੁਲਾਕਤਾਂ ਤੇ ਖ਼ਤਾਂ ਰਾਹੀਂ ਅਪਣਾ ਦੁੱਖ-ਸੁੱਖ ਸਾਂਝਾ ਕਰਦਾ ਰਹਿੰਦਾ ਸੀ। ਸਾਂਡਰਸ ਕਤਲ ਕੇਸ ਵਿਚ ਅੰਗਰੇਜ਼ ਸਰਕਾਰ ਇਕਪਾਸੜ ਮੁਕੱਦਮਾ ਚਲਾ ਕੇ ਸੁਖਦੇਵ, ਭਗਤ ਸਿੰਘ ਅਤੇ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾਉਦੀ ਹੈ। ਬਰਤਾਨਵੀ ਸਾਮਰਾਜ ਨੇ 23 ਮਾਰਚ 1931 ਨੂੰ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਲਾਹੌਰ ਦੇ ਕਿਲ੍ਹੇ ਵਿਚ ਫਾਂਸੀ ਦੇ ਕੇ ਰਾਤੋ-ਰਾਤ ਪੁਲਿਸ ਅਤੇ ਫ਼ੌਜ ਦੇ ਪਹਿਰੇ ਹੇਠ ਫਿਰੋਜ਼ਪੁਰ ਦੇ ਨੇੜੇ ਸਤਲੁਜ ਦੇ ਕੰਢੇ ‘ਤੇ ਉਹਨਾਂ ਦੀਆਂ ਲਾਸ਼ਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਤਰਾਂ ਬ੍ਰਿਟਿਸ਼ ਸਾਮਰਾਜ ਨੇ ਸਾਜਿਸ਼ ਰਚਕੇ ਸਰਦਾਰ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਸਰੀਰਕ ਤੌਰ ‘ਤੇ ਤਾਂ ਖਤਮ ਕਰ ਦਿੱਤਾ, ਪਰ ਉਨ੍ਹਾਂ ਦੀ ਇਨਕਲਾਬੀ ਸੋਚ ਅਤੇ ਵਿਚਾਰਧਾਰਾ ਨੂੰ ਖਤਮ ਨਹੀਂ ਕਰ ਸਕੇ।
ਪ੍ਰਧਾਨ, ਰਾਜਸਥਾਨ ਪੰਜਾਬੀ ਐਸੋਸੀਏਸ਼ਨ (ਸੰ.),
ਪ੍ਰਿੰਸੀਪਲ, ਗੁਰੂ ਹਰਗੋਬਿੰਦ ਸਾਹਿਬ ਪੀਜੀ ਕਾਲਜ
ਸੀਸੀ ਹੈਡ, ਸ਼੍ਰੀਗੰਗਾਨਗਰ (ਰਾਜਸਥਾਨ)
sandeepmunday0gmail.com

ਡਾ. ਸੰਦੀਪ ਸਿੰਘ ਮੁੰਡੇ
9413652646