ਆਖ਼ਰ ਕਿੱਥੇ ਹੈ ਅੰਮ੍ਰਿਤਪਾਲ ਸਿੰਘ?

ਆਖ਼ਰ ਕਿੱਥੇ ਹੈ ਅੰਮ੍ਰਿਤਪਾਲ ਸਿੰਘ?

ਪੁਲਿਸ ਦੀ ਕਾਰਵਾਈ ’ਤੇ ਵੀ ਉੱਠਣ ਲੱਗੇ ਵੱਡੇ ਸਵਾਲ
ਜਲੰਧਰ : ‘ਵਾਰਿਸ ਪੰਜਾਬ’ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ ਆਖ਼ਰ ਕਿੱਥੇ ਹੈ? ਇਹ ਸਵਾਲ ਪਿਛਲੇ ਦਿਨਾਂ ਤੋਂ ਪੰਜਾਬ ਭਰ ’ਚ ਹੀ ਨਹੀਂ ਸਗੋਂ ਦੇਸ਼-ਵਿਦੇਸ਼ ’ਚ ਵੀ ਹਰ ਪੰਜਾਬੀ ਦੀ ਜ਼ਬਾਨ ’ਤੇ ਹੈ ਤੇ ਹਰ ਕੋਈ ਅੰਮ੍ਰਿਤਪਾਲ ਬਾਰੇ ਜਾਣਨਾ ਚਾਹੁੰਦਾ ਹੈ। ਹਰ ਵਿਅਕਤੀ ਜਦੋਂ ਇਕ ਦੂਸਰੇ ਨੂੰ ਮਿਲਦਾ ਹੈ ਜਾਂ ਫਿਰ ਫੋਨ ’ਤੇ ਗੱਲ ਕਰਦਾ ਹੈ ਤਾਂ ਉਨ੍ਹਾਂ ਦਾ ਪਹਿਲਾ ਸਵਾਲ ਇਹੀ ਹੁੰਦਾ ਹੈ ਕਿ ਅੰਮ੍ਰਿਤਪਾਲ ਹੈ ਕਿੱਥੇ ਜਾਂ ਅੰਮ੍ਰਿਤਪਾਲ ਦਾ ਕੀ ਬਣਿਆ। ਭਾਰੀ ਪੁਲਿਸ ਫੋਰਸ ਦੇ ਘੇਰੇ ਵਿਚੋਂ ਅੰਮ੍ਰਿਤਪਾਲ ਨਿਕਲ ਕੇ ਆਖ਼ਰ ਗਿਆ ਕਿੱਥੇ? ਇਹ ਸਭ ਕੁਝ ਅਜਿਹਾ ਰਹੱਸ ਬਣ ਕੇ ਰਹਿ ਗਿਆ ਹੈ ਜਿਸ ਦਾ ਜਵਾਬ ਨਾ ਤਾਂ ਅਜੇ ਤੱਕ ਪੰਜਾਬ ਸਰਕਾਰ ਹੀ ਦੇ ਸਕੀ ਹੈ ਤੇ ਨਾ ਹੀ ਪੰਜਾਬ ਪੁਲਿਸ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਦੇਣ ’ਚ ਸਫਲ ਹੋ ਸਕੀ ਹੈ। ਹਾਲਾਂਕਿ ਇਸ ਮਾਮਲੇ ’ਚ ਪੁਲਿਸ ਵਲੋਂ ਲਗਾਤਾਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਫਰਾਰ ਹੋ ਚੁੱਕਾ ਹੈ, ਪਰ ਪੁਲਿਸ ਦੀ ਕਾਰਵਾਈ ’ਤੇ ਵੀ ਸਵਾਲ ਉੱਠਣ ਲੱਗੇ ਹਨ ਤੇ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਆਖ਼ਰ ਏਨੀ ਭਾਰੀ ਭਰਕਮ ਪੁਲਿਸ ਫੋਰਸ ਦੇ ਘੇਰੇ ਦੇ ਬਾਵਜੂਦ ਅੰਮ੍ਰਿਤਪਾਲ ਕਿਵੇਂ ਭੱਜਣ ’ਚ ਸਫਲ ਹੋ ਸਕਦਾ ਹੈ। ਖਾੜਕੂਵਾਦ ਦੇ ਦੌਰ ਦਾ ਸਾਹਮਣਾ ਕਰਨ ਵਾਲੀ, ਬਹਾਦਰੀ ਤੇ ਦਲੇਰੀ ਲਈ ਹੀ ਨਹੀਂ ਸਗੋਂ ਅਪਰਾਧੀਆਂ ਨਾਲ ਨਜਿੱਠਣ ਦੀ ਆਪਣੀ ਕਾਰਜ ਕੁਸ਼ਲਤਾ ਅਤੇ ਮੁਹਾਰਤ ਦੇ ਦਮ ’ਤੇ ਵੱਡੀਆਂ ਤੋਂ ਵੱਡੀਆਂ ਵਾਰਦਾਤਾਂ ਨੂੰ ਹੱਲ ਕਰਨ ਵਾਲੀ ਪੰਜਾਬ ਪੁਲਿਸ ਹੱਥੋਂ ਅੰਮ੍ਰਿਤਪਾਲ ਦੇ ਬਚ ਕੇ ਨਿਕਲ ਜਾਣ ਦੀ ਖ਼ਬਰ ਲੋਕਾਂ ਨੂੰ ਸਹਿਜੇ ਕਿਤੇ ਹਜ਼ਮ ਨਹੀਂ ਹੋ ਰਹੀ। ਜ਼ਿਆਦਾਤਰ ਲੋਕ ਇਹ ਮੰਨਣ ਨੂੰ ਤਿਆਰ ਹੀ ਨਹੀਂ ਹਨ ਕਿ ਅੰਮ੍ਰਿਤਪਾਲ ਸਿੰਘ ਕਿਧਰੇ ਭੱਜ ਸਕਦਾ ਹੈ, ਸਗੋਂ ਚਰਚਾ ਇਹ ਹੈ ਕਿ ਅੰਮ੍ਰਿਤਪਾਲ ਨੂੰ ਪੰਜਾਬ ਪੁਲਿਸ ਨੇ ਸਨਿਚਰਵਾਰ ਨੂੰ ਹੀ ਹਿਰਾਸਤ ਵਿਚ ਲੈ ਲਿਆ ਸੀ, ਪਰ ਪੁਲਿਸ ਕਿਸ ਵਜ੍ਹਾ ਨਾਲ ਅੰਮ੍ਰਿਤਪਾਲ ਸਿੰਘ ਗ੍ਰਿਫ਼ਤਾਰੀ ਨੂੰ ਇਕ ਭੇਦ ਬਣਾ ਕੇ ਰੱਖਣਾ ਚਾਹੁੰਦੀ ਹੈ ਇਸ ਦਾ ਜਵਾਬ ਸ਼ਾਇਦ ਪੰਜਾਬ ਪੁਲਿਸ ਹੀ ਦੇ ਸਕਦੀ ਹੈ। ਇੱਥੇ ਹੀ ਬੱਸ ਨਹੀਂ ਹੁਣ ਜਦ ਸਮੁੱਚੀ ਪੁਲਿਸ ਹਾਈ ਅਲਰਟ ’ਤੇ ਹੈ ਅਤੇ ਇੰਟਰਨੈੱਟ ਸੇਵਾਵਾਂ ਠੱਪ ਕਰਕੇ ਚੱਪੇ-ਚੱਪੇ ’ਤੇ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਜਾ ਚੁੱਕੀ ਹੈ ਤਾਂ ਅਜਿਹੇ ’ਚ ਅੰਮ੍ਰਿਤਪਾਲ ਸਿੰਘ ਦੇ ਬਚ ਨਿਕਲਣ ਸੰਭਾਵਨਾ ਹੋਰ ਵੀ ਮੱਧਮ ਹੋ ਜਾਂਦੀ ਹੈ। ਇਸ ਦੌਰਾਨ ਪੁਲਿਸ ਵਲੋਂ ਵਾਰਿਸ ਪੰਜਾਬ ਦੇ ਜਥੇਬੰਦੀ ਖ਼ਿਲਾਫ਼ ਕੀਤੀ ਸਮੁੱਚੀ ਕਾਰਵਾਈ ਵੀ ਸਵਾਲਾਂ ਦੇ ਘੇਰੇ ਵਿਚ ਹੈ ਤੇ ਲੋਕਾਂ ਅੰਦਰ ਆਮ ਚਰਚਾ ਹੈ ਕਿ ਪੁਲਿਸ ਵਲੋਂ ਅਜਨਾਲਾ ਥਾਣੇ ਦੀ ਘਟਨਾ ਦੇ ਇਕ ਮਹੀਨਾ ਬੀਤਣ ਦੇ ਬਾਅਦ ਕਾਰਵਾਈ ਲਈ 18 ਮਾਰਚ ਦਾ ਦਿਨ ਹੀ ਕਿਉਂ ਚੁਣਿਆ ਗਿਆ ਤੇ ਅੰਮ੍ਰਿਤਪਾਲ ਸਿੰਘ ਦੇ ਕਾਫਲੇ ਨੂੰ ਜਲੰਧਰ ਨੇੜੇ ਹੀ ਘੇਰਾ ਕਿਉਂ ਪਾਇਆ ਗਿਆ ਤੇ ਉਸ ਨੂੰ ਉਸ ਦੇ ਘਰ ਤੋਂ ਹੀ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ? ਜਿਸ ਤਰ੍ਹਾਂ ਕਿ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਵੇਰੇ 8-9 ਵਜੇ ਤੱਕ ਘਰ ’ਚ ਹੀ ਮੌਜੂਦ ਸੀ, ਆਦਿ ਅਜਿਹੇ ਸਵਾਲ ਹਨ, ਜਿਨ੍ਹਾਂ ਦੇ ਜਵਾਬ ਪੰਜਾਬ ਪੁਲਿਸ ਨੂੰ ਹਰ ਹਾਲ ’ਚ ਦੇਣੇ ਪੈਣਗੇ। ਇੱਥੇ ਹੀ ਬੱਸ ਨਹੀਂ ਜਿਸ ਤਰ੍ਹਾਂ ਅੰਮ੍ਰਿਤਪਾਲ ਦੇ ਕਾਫਲੇ ਦੇ ਪਿੱਛੇ ਪੁਲਿਸ ਵਲੋਂ ਗੱਡੀਆਂ ਭਜਾਈਆਂ ਗਈਆਂ ਤੇ ਲੋਕਾਂ ’ਚ ਦਹਿਸ਼ਤ ਫੈਲਾਈ ਗਈ, ਉਸ ਉੱਪਰ ਵੀ ਲੋਕਾਂ ਵਲੋਂ ਸਵਾਲ ਚੁੱਕੇ ਜਾ ਰਹੇ ਹਨ। ਜਦਕਿ ਸਭ ਨੂੰ ਪਤਾ ਹੈ ਕਿ ਅੰਮ੍ਰਿਤਪਾਲ ਸਿੰਘ ਖਾਲਸਾ ਵਹੀਰ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਲਈ ਸਨਿਚਰਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਨੂੰ ਜਾ ਰਿਹਾ ਸੀ ਤੇ ਉਹ ਕਿਧਰੇ ਵਿਦੇਸ਼ ਭੱਜਣ ਦੀ ਫਿਰਾਕ ’ਚ ਨਹੀਂ ਸੀ ਤੇ ਫਿਰ ਆਖਰ ਕੀ ਵਜ੍ਹਾ ਹੋ ਗਈ ਕਿ ਪੁਲਿਸ ਵਲੋਂ ਉਸ ਨੂੰ ਫੜਨ ਲਈ ਫ਼ਿਲਮੀ ਅੰਦਾਜ਼ ’ਚ ਗੱਡੀਆਂ ਵਿਚ ਉਸ ਦਾ ਪਿੱਛਾ ਕੀਤਾ ਗਿਆ ਤੇ ਉਸ ਦੇ ਸਾਥੀਆਂ ਨੂੰ ਫੜਿਆ ਗਿਆ। ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਅੰਮ੍ਰਿਤਪਾਲ ਵਲੋਂ ਕੋਈ ਵੱਖਰੀ ਫੋਰਸ ਜਾਂ ਗੈਰ-ਕਾਨੂੰਨੀ ਜਥੇਬੰਦੀ ਬਣਾਈ ਜਾ ਰਹੀ ਸੀ ਤਾਂ ਫਿਰ ਇਹ ਸਭ ਕੁਝ ਇਕੋ ਦਿਨ ’ਚ ਤਾਂ ਸੰਭਵ ਨਹੀਂ ਹੋ ਸਕਦਾ ਤੇ ਨਿਸਚਿਤ ਤੌਰ ’ਤੇ ਇਸ ਦੀ ਤਿਆਰੀ ਪਹਿਲਾਂ ਹੀ ਕੀਤੀ ਜਾ ਰਹੀ ਹੋਵੇਗੀ ਪਰ ਪੁਲਿਸ ਵਲੋਂ ਉਸ ਨੂੰ ਇਸ ਤਰ੍ਹਾਂ ਹਥਿਆਰ ਇਕੱਠੇ ਕਰਨ ਅਤੇ ਆਪਣੀ ਵੱਖਰੀ ਫੋਰਸ ਬਣਾਉਣ ਲਈ ਖੁੱਲ੍ਹ ਕਿਉਂ ਦਿੱਤੀ ਜਾਂਦੀ ਰਹੀ। ਜਦਕਿ ਅਜਨਾਲਾ ਥਾਣੇ ’ਤੇ ਹਮਲੇ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਖ਼ਿਲਾਫ ਕਾਰਵਾਈ ਲਈ ਪੁਲਿਸ ਕੋਲ ਠੋਸ ਵਜ੍ਹਾ ਵੀ ਸੀ, ਪਰ ਪੁਲਿਸ ਨੇ ਮਾਮਲੇ ਨੂੰ ਲਟਕਣ ਦਿੱਤਾ ਤੇ ਆਖਰਕਾਰ ਕਾਰਵਾਈ ਲਈ 18 ਮਾਰਚ ਸਨਿਚਰਵਾਰ ਦਾ ਦਿਨ ਚੁਣਿਆ ਗਿਆ। ਕੁਝ ਸਿਆਸੀ ਹਲਕਿਆਂ ਵਿਚ ਇਹ ਵੀ ਚਰਚਾ ਹੈ ਕਿ ਇਸ ਕਾਰਵਾਈ ਦਾ ਸਮਾਂ ਤੇ ਦਿਨ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਬਰਸੀ ਸੰਬੰਧੀ ਮਾਨਸਾ ਵਿਖੇ ਕਰਵਾਏ ਜਾਣ ਵਾਲੇ ਸਮਾਗਮ ਨੂੰ ਤਾਰਪੀਡੋ ਕਰਨ ਅਤੇ ਲੋਕਾਂ ’ਚ ਦਹਿਸ਼ਤ ਫੈਲਾਉਣ ਲਈ ਜਾਣਬੁਝ ਕੇ ਹੀ ਚੁਣਿਆ ਗਿਆ। ਹਾਲਾਂਕਿ ਇਹ ਸਭ ਕੁਝ ਪੁਲਿਸ ਤਫਤੀਸ਼ ਦਾ ਹਿੱਸਾ ਹੈ ਤੇ ਆਉਂਦੇ ਦਿਨਾਂ ’ਚ ਤਸਵੀਰ ਸਾਫ ਹੋਣ ਦੀ ਸੰਭਾਵਨਾ ਹੈ, ਪਰ ਹਾਲ ਦੀ ਘੜੀ ਜਿਸ ਤਰ੍ਹਾਂ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਹੈ, ਉਸ ਤੋਂ ਪੰਜਾਬ ਪੁਲਿਸ ਦੀ ਕਾਰਵਾਈ ਅਤੇ ਪੰਜਾਬ ਸਰਕਾਰ ਦੀ ਚੁੱਪੀ ’ਤੇ ਸਵਾਲ ਉੱਠਣੇ ਲਾਜ਼ਮੀ ਹਨ।
ਪੁਲਿਸ ਵਲੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਪੰਜਾਬ ਭਰ ’ਚ ਚਲਾਈ ਜਾ ਰਹੀ ਫੜੋ-ਫੜੀ ਮੁਹਿੰਮ ਕਾਰਨ ਪੰਜਾਬ ਦੇ ਲੋਕ ਡਾਹਢੇ ਡਰ ਅਤੇ ਦਹਿਸ਼ਤ ਦੇ ਸਾਏ ਹੇਠ ਹਨ ਪਰ ਇਸ ਸਭ ਦੇ ਦਰਮਿਆਨ ਪੰਜਾਬ ਸਰਕਾਰ ਨੇ ਵੀ ਸਮੁੱਚੇ ਘਟਨਾਕ੍ਰਮ ਤੋਂ ਅਜੇ ਤੱਕ ਦੂਰੀ ਬਣਾ ਕੇ ਰੱਖੀ ਹੈ ਤੇ ਸਰਕਾਰ ਵਲੋਂ ਇਸ ਮਾਮਲੇ ’ਤੇ ਅਜੇ ਤੱਕ ਕੋਈ ਵੀ ਅਧਿਕਾਰਤ ਬਿਆਨ ਨਾ ਦਿੱਤੇ ਜਾਣ ਕਾਰਨ ਅਜਿਹਾ ਲੱਗ ਰਿਹਾ ਹੈ ਕਿ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਦਿੱਤਾ ਹੈ। ਇਸ ਮਾਮਲੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਿਸੇ ਵੀ ਹੋਰ ਮੰਤਰੀ ਨੇ ਹਾਲੇ ਤੱਕ ਕੋਈ ਬਿਆਨ ਨਹੀਂ ਦਿੱਤਾ, ਜਿਸ ਕਾਰਨ ਲੋਕਾਂ ਅੰਦਰ ਅਨਿਸਚਿਤਤਾ ਵਾਲਾ ਮਾਹੌਲ ਬਣਿਆ ਹੋਇਆ ਹੈ ਤੇ ਉਹ ਸਹਿਮੇ ਹੋਏ ਹਨ। ਹਾਲਾਂਕਿ ਪੁਲਿਸ ਵਲੋਂ ਇੰਟਰਨੈੱਟ ਸੇਵਾਵਾਂ ਬੰਦ ਕਰਕੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਅਤੇ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਇਸ ਬੇਹੱਦ ਗੰਭੀਰ ਮਸਲੇ ’ਤੇ ਪੰਜਾਬ ਸਰਕਾਰ ਦੇ ਕਿਸੇ ਵੀ ਆਗੂ ਜਾਂ ਨੁਮਾਇੰਦੇ ਵਲੋਂ ਲੋਕਾਂ ਅੰਦਰ ਅਮਨ ਕਾਨੂੰਨ ਵਿਵਸਥਾ ਸੰਬੰਧੀ ਵਿਸ਼ਵਾਸ ਬਹਾਲੀ ਦਾ ਯਤਨ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਲੋਕਾਂ ਅੰਦਰ ਸੂਬੇ ਦੇ ਮਾਹੌਲ ਨੂੰ ਲੈ ਕੇ ਡਰ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਉਹ ਸਰਕਾਰ ਵੱਲ ਟਿਕਟਿਕੀ ਲਗਾ ਕੇ ਦੇਖ ਰਹੇ ਹਨ ਕਿ ਆਖ਼ਰ ਕਦੋਂ ਸਰਕਾਰ ਖੁੱਲ੍ਹ ਕੇ ਸਾਹਮਣੇ ਆਵੇਗੀ ਅਤੇ ਇਸ ਮਸਲੇ ’ਤੇ ਸਾਰੀ ਸਥਿਤੀ ਸਪੱਸ਼ਟ ਕਰੇਗੀ ਤੇ ਉਹ ਬੇਫ਼ਿਕਰ ਹੋ ਕੇ ਆਪਣੇ ਕੰਮਾਂ-ਕਾਰਾਂ ’ਤੇ ਜਾ ਸਕਣਗੇ। ਓਧਰ ਇੰਟਰਨੈੱਟ ਸੇਵਾਵਾਂ ਠੱਪ ਹੋਣ ਕਾਰਨ ਪਿਛਲੇ ਚਾਰ ਦਿਨਾਂ ਤੋਂ ਲੋਕਾਂ ਦੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ ਤੇ ਬਾਜ਼ਾਰਾਂ ’ਚ ਵੀ ਪਹਿਲਾਂ ਵਾਲੀ ਰੌਣਕ ਗਾਇਬ ਹੈ। ਡਿਜ਼ੀਟਲ ਅਦਾਇਗੀਆਂ ਦੇ ਆਦਾਨ-ਪ੍ਰਦਾਨ ਤੋਂ ਇਲਾਵਾ ਹੋਰ ਆਨਲਾਈਨ ਸੇਵਾਵਾਂ ਵੀ ਠੱਪ ਹੋ ਕੇ ਰਹਿ ਗਈਆਂ ਹਨ। ਲੋਕਾਂ ਨੂੰ ਵਿਦੇਸ਼ਾਂ ’ਚ ਆਪਣੇ ਸਾਕ-ਸੰਬੰਧੀਆਂ ਨਾਲ ਸੰਪਰਕ ਕਰਨ ਵਿਚ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਨਲਾਈਨ ਹੋਣ ਵਾਲੇ ਕਾਰੋਬਾਰ ਵੀ ਠੱਪ ਹਨ ਤੇ ਲੋਕਾਂ ਨੂੰ ਆਪਣੇ ਬਿੱਲਾਂ ਆਦਿ ਦੀ ਅਦਾਇਗੀ ਵੀ ਕਰਨ ’ਚ ਦਿੱਕਤਾਂ ਆ ਰਹੀਆਂ ਹਨ। ਇੱਥੇ ਹੀ ਬਸ ਨਹੀਂ ਕਾਫੀ ਇੰਟਰਨੈੱਟ ਬੰਦ ਹੋਣ ਕਾਰਨ ਲੋਕਾਂ ਦਾ ਮੋਬਾਈਲ ਡਾਟਾ ਵੀ ਬੇਕਾਰ ਜਾ ਰਿਹਾ ਹੈ ਤੇ ਅਜਿਹੇ ’ਚ ਲੋਕਾਂ ਕੋਲ ਪੰਜਾਬ ਸਰਕਾਰ ਨੂੰ ਕੋਸਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਹੈ।