ਬਲਕੌਰ ਸਿੰਘ ਨੇ ਮੁੂਸੇਵਾਲਾ ਦੇ ਬੁੱਤ ਤੋਂ ਪਰਦਾ ਚੁੱਕਿਆ

ਬਲਕੌਰ ਸਿੰਘ ਨੇ ਮੁੂਸੇਵਾਲਾ ਦੇ ਬੁੱਤ ਤੋਂ ਪਰਦਾ ਚੁੱਕਿਆ

ਮਾਨਸਾ- ਮਾਨਸਾ ਦੇ ਪਿੰਡ ਮੂਸੇਵਾਲਾ ਵਿੱਚ ਅੱਜ ਸ਼ੁਭਦੀਪ ਸਿੰਘ ਉਸਫ਼ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਸਮਾਗਮ ਦੌਰਾਨ ਮਰਹੂਮ ਗਾਇਕ ਦੇ ਪਿਤਾ ਬਲੌਕਰ ਸਿੰਘ ਨੇ ਉਸ ਦੇ ਬੁੱਤ ਤੋਂ ਪਰਦਾ ਚੁੱਕਿਆ। ਇਹ ਬੁੱਤ ਸਿੱਧੂ ਮੂਸੇਵਾਲਾ ਦੇ ਕਿਸੇ ਪ੍ਰਸ਼ੰਸਕ ਵੱਲੋਂ ਭੇਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਰਸੀ ਸਮਾਗਮ ਦੌਰਾਨ ਅੱਜ ਪੰਡਾਲ ਦੇ ਇੱਕ ਪਾਸੇ ਉਸ ਦਾ ਪਸੰਦੀਦਾ ਟਰੈਕਟਰ 5911 ਵੀ ਲਿਆ ਕੇ ਖੜ੍ਹਾ ਕੀਤਾ ਗਿਆ। ਇਸੇ ਤਰ੍ਹਾਂ ਜਿਸ ‘ਥਾਰ’ ਜੀਪ ਵਿੱਚ ਉਸ ਦਾ ਕਤਲ ਕੀਤਾ ਗਿਆ ਸੀ, ਉਹ ਵੀ ਪੰਡਾਲ ਵਿੱਚ ਲਿਆਂਦੀ ਗਈ ਸੀ। ਭਾਵੇਂ ਇਸ ਥਾਰ ਦੇ ਟਾਇਰ ਗੋਲੀਆਂ ਮਾਰ ਕੇ ਪਾੜ ਦਿੱਤੇ ਗਏ ਸਨ ਪਰ ਬਾਅਦ ਵਿੱਚ ਇਸ ਦੀ ਮੁਰੰਮਤ ਕਰਵਾ ਦਿੱਤੀ ਗਈ।

ਇਸ ਦੌਰਾਨ ਸਮਾਗਮ ਵਿੱਚ ਪੁੱਜੇ ਲੋਕਾਂ ਵੱਲੋਂ ਸਭ ਤੋਂ ਵੱਧ ਇਸ ਟਰੈਕਟਰ ਅਤੇ ਥਾਰ ਸਮੇਤ ਪੰਡਾਲ ’ਚ ਲਾਏ ਗਏ ਮੂਸੇਵਾਲਾ ਦੇ ਬੁੱਤ ਨਾਲ ਫੋਟੋਆਂ ਅਤੇ ਸੈਲਫੀਆਂ ਲਈਆਂ ਗਈਆਂ। ਜ਼ਿਕਰਯੋਗ ਹੈ ਕਿ ਬੀਤੇ ਵਰ੍ਹੇ ਸਿੱਧੂ ਮੂਸੇਵਾਲਾ ਦੀ ਮਾਨਸਾ ਨੇੜੇ ਉਸ ਵੇਲੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਉਹ ਪਿੰਡ ਤੋਂ ਮਾਨਸਾ ਵੱਲ ਜਾ ਰਿਹਾ ਸੀ। ਗਾਇਕ ਦੇ ਪਿਤਾ ਬਲਕੌਰ ਸਿੰਘ ਵੀ ਕਾਫ਼ੀ ਸਮੇਂ ਤੋਂ ਪੁੱਤ ਲਈ ਇਨਸਾਫ਼ ਮੰਗ ਰਹੇ ਹਨ ਤੇ ਅੱਜ ਵੀ ਉਨ੍ਹਾਂ ਆਪਣੇ ਪੁੱਤ ਦੇ ਅਸਲ ਕਾਤਲਾਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ।