ਅੰਮ੍ਰਿਤਪਾਲ ਦੇ ਸਾਥੀਆਂ ਵੱਲੋਂ ਚਲਾਏ ਜਾ ਰਹੇ ਨਸ਼ਾ ਛੁਡਾਊ ਕੈਂਪ ’ਚੋਂ ਨੌਜਵਾਨ ਹਿਰਾਸਤ ’ਚ ਲਏ

ਅੰਮ੍ਰਿਤਪਾਲ ਦੇ ਸਾਥੀਆਂ ਵੱਲੋਂ ਚਲਾਏ ਜਾ ਰਹੇ ਨਸ਼ਾ ਛੁਡਾਊ ਕੈਂਪ ’ਚੋਂ ਨੌਜਵਾਨ ਹਿਰਾਸਤ ’ਚ ਲਏ

ਬੀਤੇ ਦਿਨ ਅੰਮ੍ਰਿਤਪਾਲ ਦੇ ਸਾਥੀ ਬਸੰਤ ਨੂੰ ਕੀਤਾ ਗਿਆ ਸੀ ਇਸ ਗੁਰਦੁਆਰੇ ’ਚੋਂ ਗ੍ਰਿਫ਼ਤਾਰ
ਟੱਲੇਵਾਲ- ਬਰਨਾਲਾ ਪੁਲੀਸ ਵੱਲੋਂ ਅੱਜ ਪਿੰਡ ਚੀਮਾ ਦੇ ਗੁਰਦੁਆਰਾ ਰਾਮਬਾਗ ਸਾਹਿਬ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੀ ਅਗਵਾਈ ਡੀਐੱਸਪੀ ਬਰਨਾਲਾ ਸਤਵੀਰ ਸਿੰਘ ਨੇ ਕੀਤੀ, ਜਦਕਿ ਥਾਣਾ ਸਿਟੀ ਦੇ ਐੱਸਐੱਚਓ ਬਲਜੀਤ ਸਿੰਘ, ਐੱਸਐੱਚਓ ਸਦਰ ਗੁਰਤਾਰ ਸਿੰਘ ਤੇ ਪੱਖੋ ਕੈਂਚੀਆਂ ਪੁਲੀਸ ਚੌਕੀ ਦੇ ਇੰਚਾਰਜ ਬਲਵਿੰਦਰ ਸਿੰਘ ਵੱਡੀ ਗਿਣਤੀ ਪੁਲੀਸ ਪਾਰਟੀ ਨਾਲ ਉਥੇ ਹਾਜ਼ਰ ਸਨ। ਇਸ ਅਪਰੇਸ਼ਨ ਦੌਰਾਨ ਕੁਝ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਵੀ ਸੂਚਨਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੀਮਾ ਦੇ ਇਸ ਗੁਰਦੁਆਰੇ ਵਿੱਚੋਂ ਕੱਲ੍ਹ ਅੰਮ੍ਰਿਤਪਾਲ ਸਿੰਘ ਦੇ ਸਾਥੀ ਬਸੰਤ ਸਿੰਘ ਤੇ ਇੱਕ ਹੋਰ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ, ਜੋ ਪਿਛਲੇ ਲਗਪਗ ਇੱਕ ਮਹੀਨੇ ਤੋਂ ਇੱਥੇ ਨਸ਼ਾ ਛੁਡਾਊ ਕੈਂਪ ਚਲਾ ਰਹੇ ਸਨ। ਪੁਲੀਸ ਦੀ ਇਸ ਕਾਰਵਾਈ ਵੇਲੇ ਗੁਰਦੁਆਰੇ ਵਿੱਚ ਨਸ਼ਾ ਛੱਡਣ ਆਏ 10 ਨੌਜਵਾਨ ਵੀ ਹਾਜ਼ਰ ਸਨ। ਪਿੰਡ ਵਾਸੀਆਂ ਅਤੇ ਗੁਰਦੁਆਰੇ ਦੇ ਸੇਵਾਦਾਰ ਬਾਬਾ ਬਲਜੀਤ ਸਿੰਘ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲੀਸ ਅੱਜ ਉਕਤ ਦਸ ਨੌਜਵਾਨਾਂ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਈ ਹੈ ਕਿ ਨੌਜਵਾਨਾਂ ਨੂੰ ਉਨ੍ਹਾਂ ਦੇ ਘਰ ਲਿਜਾ ਕੇ ਛੱਡ ਦਿੱਤਾ ਜਾਵੇਗਾ। ਇਹ ਨੌਜਵਾਨ ਵੱਖ ਵੱਖ ਜ਼ਿਲ੍ਹਿਆਂ ਤੋਂ ਇਥੇ ਨਸ਼ਾ ਛੁਡਵਾਉਣ ਲਈ ਆਏ ਹੋਏ ਸਨ।

ਇਸ ਦੇ ਨਾਲ ਹੀ ਪੁਲੀਸ ਨੇ ਗੁਰਦੁਆਰੇ ਵਿੱਚ ਚਲਾਈ ਤਲਾਸ਼ੀ ਮੁਹਿੰਮ ਤਹਿਤ ਗੁਰੂਘਰ ਦੇ ਸਾਰੇ ਕਮਰਿਆਂ ਸਮੇਤ ਹਰ ਥਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਇਸ ਦੌਰਾਨ ਪੁਲੀਸ ਇੱਥੇ ਰਹਿੰਦੇ ਇੱਕ ਨੌਜਵਾਨ ਦਾ ਮੋਟਰਸਾਈਕਲ ਤੇ ਹੋਰ ਸਾਮਾਨ ਵੀ ਨਾਲ ਲੈ ਗਈ ਹੈ। ਇਸ ਦੌਰਾਨ ਪੁਲੀਸ ਦੀ ਤਲਾਸ਼ੀ ਮੁਹਿੰਮ ਦੀ ਕਵਰੇਜ ਕਰ ਰਹੇ ਦੇ ਪੱਤਰਕਾਰ ਨੂੰ ਪੁਲੀਸ ਅਧਿਕਾਰੀਆਂ ਵੱਲੋਂ ਰੋਕਿਆ ਗਿਆ ਅਤੇ ਡੀਐਸਪੀ ਬਰਨਾਲਾ ਵੱਲੋਂ ਤਸਵੀਰਾਂ ਡਿਲੀਟ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਬਰਨਾਲਾ ਪ੍ਰੈੱਸ ਕਲੱਬ ਦੇ ਪ੍ਰਧਾਨ ਬਘੇਲ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਭਲਕੇ ਐੱਸਐੱਸਪੀ ਬਰਨਾਲਾ ਨੂੰ ਮਿਲ ਕੇ ਰੋਸ ਜ਼ਾਹਿਰ ਕੀਤਾ ਜਾਵੇਗਾ।

ਸਿਰਫ਼ ਜਾਂਚ ਲਈ ਕਾਰਵਾਈ ਕੀਤੀ: ਐੱਸਐੱਸਪੀ

ਬਰਨਾਲਾ ਦੇ ਐੱਸਐੱਸਪੀ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਕੁਝ ਲੋਕਾਂ ਨੂੰ ਇਸ ਮਾਮਲੇ ਵਿੱਚ ਸਿਰਫ ਜਾਂਚ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਜਦਕਿ ਕਿਸੇ ਵੀ ਵਿਅਕਤੀ ਵਿਰੁੱਧ ਨਾ ਕੋਈ ਕੇਸ ਦਰਜ ਕੀਤਾ ਹੈ ਅਤੇ ਨਾ ਹੀ ਕੋਈ ਗ੍ਰਿਫ਼ਤਾਰੀ ਹੋਈ ਹੈ‌।