ਪੰਜਾਬ ’ਚ ਮੀਂਹ ਤੇ ਹਨੇਰੀ ਨੇ ਕਣਕ ਦੀ ਫ਼ਸਲ ਵਿਛਾਈ

ਪੰਜਾਬ ’ਚ ਮੀਂਹ ਤੇ ਹਨੇਰੀ ਨੇ ਕਣਕ ਦੀ ਫ਼ਸਲ ਵਿਛਾਈ

ਕਿਸਾਨਾਂ ਦੇ ਸਾਹ ਸੂਤੇ; ਮੌਸਮ ਵਿਭਾਗ ਵੱਲੋਂ 18 ਤੋਂ 21 ਮਾਰਚ ਤੱਕ ਮੀਂਹ ਤੇ ਹਵਾਵਾਂ ਚੱਲਣ ਦੀ ਪੇਸ਼ੀਨਗੋਈ
ਚੰਡੀਗੜ੍ਹ – ਪੰਜਾਬ ਵਿੱਚ ਅੱਜ ਤੇ ਲੰਘੀ ਰਾਤ ਪਏ ਮੀਂਹ ਅਤੇ ਤੇਜ਼ ਹਵਾਵਾਂ ਨੇ ਖੇਤਾਂ ਵਿੱਚ ਕਣਕ ਦੀ ਫਸਲ ਵਿਛਾ ਕੇ ਰੱਖ ਦਿੱਤੀ ਹੈ। ਇਸ ਨਾਲ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਮੀਂਹ ਅਜਿਹੇ ਸਮੇਂ ਵਰ੍ਹਿਆ ਹੈ, ਜਦੋਂ ਕਿਸਾਨਾਂ ਦੀ ਕਣਕ ਦੀ ਫਸਲ ਪੱਕ ਚੁੱਕੀ ਹੈ। ਦੂਜੇ ਪਾਸੇ ਸਰ੍ਹੋਂ ਸਣੇ ਹੋਰਨਾਂ ਹਾੜੀ ਦੀਆਂ ਫਸਲਾਂ ਦੀ ਵਾਢੀ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਮੌਸਮ ਵਿਭਾਗ ਅਨੁਸਾਰ ਲੰਘੀ ਰਾਤ ਸੂਬੇ ਭਰ ਵਿੱਚ ਮੀਂਹ ਪਿਆ ਹੈ। ਮੌਸਮ ਵਿਭਾਗ ਨੇ 18 ਤੋਂ 21 ਮਾਰਚ ਤੱਕ ਯੈਲੋ ਅਲਰਟ ਜਾਰੀ ਕਰਦਿਆਂ ਤੇਜ਼ ਮੀਂਹ ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ।

ਪੰਜਾਬ ਵਿੱਚ ਲੰਘੀ ਸ਼ਾਮ ਤੋਂ ਤੇਜ਼ ਹਵਾਵਾਂ ਚੱਲਣ ਤੋਂ ਬਾਅਦ ਰਾਤ ਸਮੇਂ ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਫਰੀਦਕੋਟ, ਗੁਰਦਾਸਪੁਰ, ਨਵਾਂ ਸ਼ਹਿਰ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਸੰਗਰੂਰ ਇਲਾਕੇ ਵਿੱਚ ਪਏ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਖੇਤਾਂ ਵਿੱਚ ਖੜ੍ਹੀ ਕਣਕ ਦੀ ਫਸਲ ਵਿਛ ਗਈ ਹੈ। ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਰਾਹੀ ਨੇ ਕਿਹਾ ਕਿ ਹਾਲੇ ਤੱਕ ਮੌਸਮ ਹਾੜੀ ਦੀਆਂ ਫਸਲਾਂ ਦੇ ਅਨੁਕੂਲ ਹੈ, ਪਰ ਕੁਝ ਇਲਾਕਿਆਂ ਵਿੱਚ ਵੱਧ ਮੀਂਹ ਪੈਣ ਕਰਕੇ ਹੁਣ ਕਣਕ ਦੀ ਫਸਲ ਨੂੰ ਲੋੜ ਅਨੁਸਾਰ ਹੀ ਪਾਣੀ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ’ਚ ਕੀਟਨਾਸ਼ਕ ਦੀ ਵਰਤੋਂ ਘਟਾ ਦਿੱਤੀ ਜਾਵੇ। ਸ੍ਰੀ ਰਾਹੀ ਨੇ ਕਿਹਾ ਕਿ ਸਰ੍ਹੋਂ ਦੀ ਫਸਲ ਦੀ ਵਾਢੀ ਵੀ ਕੁਝ ਦਿਨ ਰੁਕ ਕੇ ਕੀਤੀ ਜਾਵੇ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਨੇ ਕਿਹਾ ਕਿ ਵਿਭਾਗ ਵੱਲੋਂ ਜ਼ਿਲ੍ਹਾ ਪੱਧਰ ’ਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਮੌਸਮ ਅਨੁਸਾਰ ਫਸਲਾਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।

ਲੁਧਿਆਣਾ ’ਚ ਸਭ ਤੋਂ ਵੱਧ 28.6 ਐੱਮਐੱਮ ਮੀਂਹ ਪਿਆ

ਮੌਸਮ ਵਿਭਾਗ ਅਨੁਸਾਰ ਅੱਜ ਲੁਧਿਆਣਾ ’ਚ ਸਭ ਤੋਂ ਵੱਧ 28.6 ਐੱਮਐੱਮ ਮੀਂਹ ਪਿਆ ਹੈ। ਇੰਜ ਹੀ ਅੰਮ੍ਰਿਤਸਰ ’ਚ 12.4 ਐੱਮਐੱਮ, ਫਰੀਦਕੋਟ ’ਚ 10 ਐੱਮਐੱਮ, ਗੁਰਦਾਸਪੁਰ ’ਚ 5.8 ਐੱਮਐੱਮ, ਨਵਾਂ ਸ਼ਹਿਰ ’ਚ 3.6 ਐੱਮਐੱਮ, ਫਤਿਹਗੜ੍ਹ ਸਾਹਿਬ ’ਚ 5.5 ਐੱਮਐੱਮ, ਫਿਰੋਜ਼ਪੁਰ ’ਚ 4.5 ਐੱਮਐੱਮ, ਹੁਸ਼ਿਆਰਪੁਰ, ਜਲੰਧਰ ਤੇ ਮੋਗਾ ’ਚ 3-3 ਐੱਮਐੱਮ, ਰੋਪੜ ’ਚ 5.5 ਐੱਮਐੱਮ, ਪਠਾਨਕੋਟ ’ਚ 2.3 ਐੱਮਐੱਮ, ਪਟਿਆਲਾ, ਮੁਕਤਸਰ ਤੇ ਰਾਜਧਾਨੀ ਚੰਡੀਗੜ੍ਹ ’ਚ ਇਕ-ਇਕ ਐੱਮਐੱਮ ਮੀਂਹ ਪਿਆ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਪੰਜਾਬ ’ਚ ਅਗਲੇ 3-4 ਦਿਨ ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲਣਗੀਆਂ। ਇਸ ਦੇ ਨਾਲ ਹੀ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਜਾਵੇਗੀ।