ਗੁਰਦੁਆਰਾ ਸਾਹਿਬ ਫਰੀਮਾਂਟ ਦੀਆਂ ਚੋਣਾਂ ਬਹੁਤ ਹੀ ਸ਼ਾਂਤੀ, ਸਦਭਾਵਨਾ, ਪਿਆਰ ਅਤੇ ਦੋਸਤਾਨਾ ਮਾਹੌਲ ’ਚ ਹੋਈਆਂ

ਗੁਰਦੁਆਰਾ ਸਾਹਿਬ ਫਰੀਮਾਂਟ ਦੀਆਂ ਚੋਣਾਂ ਬਹੁਤ ਹੀ ਸ਼ਾਂਤੀ, ਸਦਭਾਵਨਾ, ਪਿਆਰ ਅਤੇ ਦੋਸਤਾਨਾ ਮਾਹੌਲ ’ਚ ਹੋਈਆਂ

ਸੰਗਤਾਂ ਨੇ ਚੋਣਾਂ ’ਚ ਸਿੱਖ ਪੰਚਾਇਤ ਨੂੰ ਮੁੜ ਬਖਸ਼ੀ ਸੇਵਾ
ਫਰੀਮਾਂਟ/ ਕੈਲੀਫੋਰਨੀਆ : ਵਿਦੇਸ਼ਾਂ ’ਚ ਸਿੱਖਾ ਦੀ ਅਵਾਜ਼ ਸਮਝੇ ਜਾਂਦੇ ਗੁਰੂਘਰ ਅਤੇ ਅਮਰੀਕਾ ਦੀ ਸਿੱਖ ਸਿਆਸਤ ਦੇ ਸੈਂਟਰ ਵਜੋਂ ਜਾਣੇ ਜਾਂਦੇ ਗੁਰਦੁਆਰਾ ਸਾਹਿਬ ਫਰੀਮਾਂਟ ਦੀ ਕਮੇਟੀ ਦੀਆਂ ਚੋਣਾਂ ਹਰ ਦੋ ਸਾਲ ਬਾਅਦ ਹੁੰਦੀਆਂ ਹਨ। ਦੁਨੀਆ ਭਰ ਦੇ ਸਾਰੇ ਸਿੱਖਾਂ ਦੀਆਂ ਨਜ਼ਰਾਂ ਇਸ ਚੋਣ ’ਤੇ ਹੁੰਦੀਆਂ ਹਨ। ਸਿੱਖ ਪੰਚਾਇਤ ਆਪਣੀ ਸਥਿਤੀ ਨੂੰ ਮਜ਼ਬੂਤ ਕਰਦੇ ਹੋਏ ਪਿਛਲੇ ਸਾਲ ਪਈਆਂ 55 ਪ੍ਰਤੀਸ਼ਤ ਵੋਟਾਂ ਨੂੰ ਵਧਾਉਂਦੇ ਹੋਏ 65% ਵੋਟਾਂ ਲੈ ਕੇ ਸਿੱਖ ਪੰਚਾਇਤ ਜਿੱਤ ਪ੍ਰਾਪਤ ਕਰ ਗਏ ਹਨ। ਸਿੱਖ ਪੰਚਾਇਤ ਨੂੰ 2825 ਅਤੇ ਵਿਰੋਧੀ ਸਿੱਖ ਸੰਗਤ ਬੇਏਰੀਆ ਨੂੰ 1499 ਵੋਟਾਂ ਪਈਆਂ ਹਨ। ਜੇਤੂ ਉਮੀਦਵਾਰ ਰਜਿੰਦਰ ਸਿੰਘ ਰਾਜਾ, ਜਸਪ੍ਰੀਤ ਸਿੰਘ ਅਟਵਾਲ, ਹਰਪ੍ਰੀਤ ਸਿੰਘ ਬੈਂਸ, ਬੀਬੀ ਸੁਰਿੰਦਰਜੀਤ ਕੌਰ ਅਤੇ ਜਸਵੰਤ ਸਿੰਘ ਹਨ।
ਸਿੱਖ ਪੰਚਾਇਤ ਜੋ ਕਿ 2011 ਵਿੱਚ ਸਾਰੇ ਵਿਰੋਧੀ ਧੜਿਆਂ ਦਾ ਇਕੱਠ ਕਰਕੇ ਉਸ ਵੇਲੇ ਹੋਂਦ ਵਿੱਚ ਆਈ ਸੀ ਜਦੋਂ ਇਹਨਾਂ ਧੜਿਆਂ ਦਾ ਵਿਰੋਧ ਸਿਖਰ ’ਤੇ ਸੀ। ਸਿੱਖ ਪੰਚਾਇਤ ਦੀ ਹੋਂਦ ਦਾ ਸਿਹਰਾ ਕੀਤੇ ਚੰਗੇ ਕੰਮਾਂ ਅਤੇ ਬਿਨਾ ਕਰਜ਼ਾ ਲਏ ਕੀਤੇ ਕੰਮਾਂ ਸਿਰ ਜਾਂਦਾ ਹੈ।
ਸਿੱਖ ਪੰਚਾਇਤ, ਕੈਲੇਫੋਰਨੀਆ ਦੇ ਸਿਆਸੀ ਦਾਇਰਿਆਂ ਅਤੇ ਸੰਗਤ ਵਿੱਚ ਆਪਣੇ ਕੰਮਾਂ ਦੇ ਆਧਾਰ ’ਤੇ ਪਛਾਣ ਬਣਾਉਣ ਵਿੱਚ ਕਾਮਯਾਬ ਰਹੀ ਹੈ। ਸਿੱਖ ਪੰਚਾਇਤ ਨੇ ਆਪਣੀ ਕੰਪੇਨ ਸਾਫ਼ ਸੁਥਰੀ ਅਤੇ ਕੰਮਾਂ ਦੇ ਅਧਾਰ ’ਤੇ ਹੀ ਸੇਧੀ। ਇਸ ਵੇਲੇ ਸਿੱਖ ਪੰਚਾਇਤ ਦਾ ਨੇੜ ਭਵਿੱਖ ਵਿੱਚ ਕੋਈ ਤੋੜ ਨਜ਼ਰ ਨਹੀਂ ਆਉਂਦਾ।
ਇੱਥੇ ਇਹ ਜ਼ਿਕਰਯੋਗ ਹੈ ਕੀ ਪਿਛਲੀਆਂ ਚੋਣਾਂ ਵਿੱਚ ਹੋਈਆਂ ਧਾਂਦਲੀਆਂ ਨੂੰ ਲੈ ਕੇ ਕਚਿਹਰੀ ਵਿੱਚ ਕੇਸ ਕਰ ਦਿੱਤਾ ਸੀ ਜਿਸਨੂੰ ਅਖੀਰ ’ਚ ਸਿੱਖ ਪੰਚਾਇਤ ਜਿੱਤ ਗਈ ਸੀ। ਇਸ ਵਾਰ ਭਾਵੇਂ ਬਹੁਤ ਜ਼ਿਆਦਾ ਮੀਂਹ ਕਾਰਨ ਵੋਟਾਂ ਪਾਉਣ ਵਾਲਿਆਂ ਦੀ ਗਿਣਤੀ ਘੱਟ ਗਈ ਪਰ ਫੇਰ ਵੀ ਸਿੱਖ ਪੰਚਾਇਤ ਨੇ ਰਿਕਾਰਡ ਜਿੱਤ ਪ੍ਰਪਾਤ ਕੀਤੀ। ਇਸ ਸਮੇਂ ‘ਸਾਡੇ ਲੋਕ’ ਅਖਬਾਰ ਅਤੇ ‘ਖਾਲਸਾ ਅਫੇਅਰ ਚੈਨਲ’ ਨੇ ਸਿੱਖ ਸੰਗਤਾਂ ਅਤੇ ਆਗੂਆਂ ਨਾਲ ਗੱਲਬਾਤ ਕੀਤੀ। ਤਕਰੀਬਨ ਸਾਰਿਆਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਫਰੀਮਾਂਟ ਦੀਆਂ ਚੋਣਾਂ ਬਹੁਤ ਹੀ ਸ਼ਾਂਤੀ, ਸਦਭਾਵਨਾ, ਪਿਆਰ ਅਤੇ ਦੋਸਤਾਨਾ ਮਾਹੌਲ ’ਚ ਹੋਈਆਂ। ਅਕਾਲ ਪੁਰਖ ਅੱਗੋਂ ਵੀ ਇਸ ਤਰ੍ਹਾਂ ਹੀ ਮਾਹੌਲ ਅਤੇ ਪਿਆਰ ਬਣਾਈ ਰੱਖੇ।