ਲੁਧਿਆਣਾ ਦੀ ਹੌਜ਼ਰੀ ਫੈਕਟਰੀ ’ਚ ਅੱਗ; ਤਿੰਨ ਮਜ਼ਦੂਰ ਹਲਾਕ

ਲੁਧਿਆਣਾ ਦੀ ਹੌਜ਼ਰੀ ਫੈਕਟਰੀ ’ਚ ਅੱਗ; ਤਿੰਨ ਮਜ਼ਦੂਰ ਹਲਾਕ

ਇੱਕ ਜਿਊਂਦਾ ਸੜਿਆ ਤੇ ਦੋ ਦੀ ਦਮ ਘੁੱਟਣ ਨਾਲ ਮੌਤ, ਦੋ ਹੋਰਨਾਂ ਦੀ ਹਾਲਤ ਗੰਭੀਰ
ਲੁਧਿਆਣਾ- ਇਥੇ ਪੁਰਾਣੀ ਕਚਹਿਰੀ ਕੋਲ ਏਡੀਸੀਪੀ-1 ਦਫ਼ਤਰ ਦੇ ਸਾਹਮਣੇ ਅੱਜ ਦੁਪਹਿਰੇ ਗਣੇਸ਼ ਹੌਜ਼ਰੀ ਫੈਕਟਰੀ ’ਚ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਣ ਕਰ ਲਿਆ। ਲੰਚ ਟਾਈਮ ਹੋਣ ਕਰਕੇ ਅੰਦਰ ਆਰਾਮ ਕਰ ਰਹੇ ਪੰਜ ਮਜ਼ਦੂਰ ਉਸ ਵਿੱਚ ਫਸ ਗਏ। ਜਿੰਨਾ ਚਿਰ ਨੂੰ ਇਨ੍ਹਾਂ ਵਿਚੋਂ ਚਾਰ ਜਣਿਆਂ ਨੂੰ ਬਾਹਰ ਕੱਢਿਆ ਗਿਆ, ਉਹ ਬੇਹੋਸ਼ ਹੋ ਚੁੱਕੇ ਸਨ ਜਦੋਂਕਿ ਇੱਕ ਦੀ ਅੰਦਰ ਜਿਊਂਦੇ ਸੜਨ ਕਾਰਨ ਮੌਤ ਹੋ ਗਈ ਸੀ। ਇਨ੍ਹਾਂ ਚਾਰਾਂ ਨੂੰ ਡੀਐੱਮਸੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੇ ਦੋ ਜਣਿਆਂ ਦੀ ਮੌਤ ਹੋ ਗਈ ਤੇ ਦੋ ਦੀ ਹਾਲਤ ਗੰਭੀਰ ਹੈ। ਫੈਕਟਰੀ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਕੁਝ ਸਮੇਂ ਬਾਅਦ ਅੱਗ ਬੁਝਾਊ ਗੱਡੀਆਂ ਮੌਕੇ ’ਤੇ ਪੁੱਜੀਆਂ। 25 ਦੇ ਕਰੀਬ ਗੱਡੀਆਂ ਨੇ ਤਿੰਨ ਘੰਟੇ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 8 ਦੀ ਪੁਲੀਸ ਵੀ ਮੌਕੇ ’ਤੇ ਪੁੱਜ ਗਈ। ਥਾਣਾ ਇੰਚਾਰਜ ਸਬ ਇੰਸਪੈਕਟਰ ਵਿਜੈ ਕੁਮਾਰ ਨੇ ਪੂਰੀ ਟੀਮ ਨਾਲ ਮਿਲ ਕੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਪੁਲੀਸ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪੁਰਾਣੀ ਕਚਹਿਰੀ ਕੋਲ ਏਡੀਸੀਪੀ-1 ਦਾ ਦਫ਼ਤਰ ਹੈ। ਉਸ ਦੇ ਬਿਲਕੁਲ ਸਾਹਮਣੇ ਗਣੇਸ਼ ਹੌਜ਼ਰੀ ਫੈਕਟਰੀ ਹੈ, ਜਿੱਥੇ ਹੌਜ਼ਰੀ ਗੁੱਡਜ਼ ਤਿਆਰ ਕੀਤੀਆਂ ਜਾਂਦੀਆਂ ਹਨ। ਫੈਕਟਰੀ ’ਚ ਕੰਮ ਕਰਨ ਵਾਲੇ ਰਾਜ ਕੁਮਾਰ ਨੇ ਦੱਸਿਆ ਕਿ ਕਰੀਬ 1 ਵਜੇ ਫੈਕਟਰੀ ’ਚ ਲੰਚ ਟਾਈਮ ਸੀ। ਉਹ ਆਪਣੇ ਘਰ ਲੰਚ ਕਰਨ ਲਈ ਚਲੇ ਗਏ।

ਪਿੱਛੋਂ ਫੈਕਟਰੀ ਦਾ ਮੁੱਖ ਕੰਮ ਸੰਭਾਲਣ ਵਾਲੇ ਰਾਜਿੰਦਰ ਚੋਪੜਾ, ਗੁਲਸ਼ਨ, ਅਸ਼ਵਨੀ ਅਤੇ ਮਹਿੰਦਰ ਦੇ ਨਾਲ ਨਾਲ ਮਾਧਵ ਰਾਮ ਅੰਦਰ ਹੀ ਖਾਣਾ ਖਾਣ ਲਈ ਬੈਠੇ ਸਨ। ਖਾਣਾ ਖਾਣ ਤੋਂ ਬਾਅਦ ਉਹ ਸਾਰੇ ਫੈਕਟਰੀ ਦੀ ਉਪਰਲੀ ਮੰਜ਼ਿਲ ’ਤੇ ਆਰਾਮ ਕਰਨ ਲੱਗੇ। ਇਸ ਦੌਰਾਨ ਅਚਾਨਕ ਫੈਕਟਰੀ ’ਚ ਅੱਗ ਲੱਗ ਗਈ। ਫੈਕਟਰੀ ਵਿੱਚ ਜੋ ਲੋਕ ਥੱਲੇ ਕੰਮ ਕਰ ਰਹੇ ਸਨ, ਉਹ ਤੇ ਮਾਲਕ ਕੁਨਾਲ ਆਪਣੇ ਪਿਤਾ ਨਾਲ ਬਾਹਰ ਵੱਲ ਭੱਜੇ। ਉਨ੍ਹਾਂ ਆਸ-ਪਾਸ ਦੇ ਲੋਕਾਂ ਨਾਲ ਮਿਲ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਵੀ ਕਾਮਯਾਬ ਨਹੀਂ ਹੋ ਸਕਿਆ। ਇਸੇ ਦੌਰਾਨ ਕਿਸੇ ਨੇ ਇਸ ਦੀ ਜਾਣਕਾਰੀ ਅੱਗ ਬੁਝਾਊ ਅਮਲੇ ਨੂੰ ਦਿੱਤੀ। ਫੈਕਟਰੀ ਦੀ ਉਪਰਲੀ ਮੰਜ਼ਿਲ ’ਤੇ ਆਰਾਮ ਕਰ ਰਹੇ ਪੰਜ ਕਾਮਿਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਉਹ ਵੀ ਕਾਮਯਾਬ ਨਹੀਂ ਹੋ ਸਕੇ। ਪਹਿਲਾਂ ਆਖਿਆ ਜਾ ਰਿਹਾ ਸੀ ਕਿ ਇੱਕ ਵਿਅਕਤੀ ਫਸਿਆ ਹੈ, ਪਰ ਬਾਅਦ ’ਚ ਪਤਾ ਲੱਗਿਆ ਕਿ ਇੱਕ ਨਹੀਂ ਬਲਕਿ 5 ਲੋਕ ਫਸੇ ਹੋਏ ਹਨ। ਪੰਜ ਲੋਕਾਂ ਦੇ ਫਸੇ ਹੋਣ ਤੇ ਧੂੰਆਂ ਚੜ੍ਹਨ ਨਾਲ ਬੇਹੋਸ਼ ਹੋਣ ਦੀ ਸੂਚਨਾ ਮਿਲੀ।। ਥਾਣਾ ਡਵੀਜ਼ਨ ਨੰ. 8 ਦੀ ਪੁਲੀਸ ਅਤੇ ਅੱਗ ਬੁਝਾਊ ਅਮਲੇ ਦੀ ਟੀਮ ਨੇ ਪੌੜੀ ਰਾਹੀਂ ਸਾਰਿਆਂ ਨੂੰ ਥੱਲੇ ਉਤਾਰਿਆ। ਪਹਿਲਾਂ ਚਾਰ ਲੋਕਾਂ ਨੂੰ ਉਤਾਰ ਕੇ ਉਨ੍ਹਾਂ ਨੂੰ ਡੀਐੱਮਸੀ ਪਹੁੰਚਾਇਆ ਗਿਆ, ਪਰ ਮਾਧਵ ਰਾਮ ਦੀ ਸੜਨ ਕਰਕੇ ਮੌਕੇ ’ਤੇ ਹੀ ਮੌਤ ਹੋ ਗਈ ਸੀ। ਪੁਲੀਸ ਨੇ ਮਾਧਵ ਰਾਮ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।