ਬਖਮੁਤ ’ਚ ਰੂਸੀ ਫ਼ੌਜ ਅੱਗੇ ਵਧਣੋਂ ਰੁਕੀ

ਬਖਮੁਤ ’ਚ ਰੂਸੀ ਫ਼ੌਜ ਅੱਗੇ ਵਧਣੋਂ ਰੁਕੀ

ਕੀਵ- ਯੂਕਰੇਨ ਦੇ ਪੂਰਬੀ ਸ਼ਹਿਰ ਬਖਮੁਤ ’ਤੇ ਕਬਜ਼ੇ ਨੂੰ ਲੈ ਕੇ ਰੂਸੀ ਫ਼ੌਜ ਅੱਗੇ ਵਧਣ ਤੋਂ ਰੁਕ ਗਈ ਜਾਪਦੀ ਹੈ। ਵਾਸ਼ਿੰਗਟਨ ਆਧਾਰਿਤ ਜੰਗ ਦੇ ਅਧਿਐਨ ਬਾਰੇ ਇੰਸਟੀਚਿਊਟ ਨੇ ਕਿਹਾ ਕਿ ਰੂਸੀ ਫ਼ੌਜ ਦੇ ਬਖਮੁਤ ’ਚ ਅੱਗੇ ਵਧਣ ਦੀ ਕੋਈ ਤਸਦੀਕ ਨਹੀਂ ਹੋਈ ਹੈ। ਉਂਜ ਰੂਸੀ ਫ਼ੌਜ ਅਤੇ ਕ੍ਰੈਮਲਿਨ ਦੇ ਕੰਟਰੋਲ ਵਾਲੇ ਨੀਮ ਹਥਿਆਰਬੰਦ ਬਲਾਂ ਦੇ ਵੈਗਨਰ ਗਰੁੱਪ ਦੀਆਂ ਯੂਨਿਟਾਂ ਵੱਲੋਂ ਸ਼ਹਿਰ ’ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਇੰਸਟੀਚਿਊਟ ਨੇ ਕਿਹਾ ਕਿ ਫ਼ੌਜ ਦੇ ਅੱਗੇ ਵਧਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਯੂਕਰੇਨੀ ਹਥਿਆਰਬੰਦ ਫੋਰਸ ਦੇ ਈਸਟਰਨ ਗਰੁੱਪ ਦੇ ਤਰਜਮਾਨ ਸੇਰੇਹੀ ਚੇਰੇਵਾਟੀ ਨੇ ਕਿਹਾ ਕਿ ਇਸ ਹਫ਼ਤੇ ਬਖਮੁਤ ਇਲਾਕੇ ’ਚ ਪਹਿਲਾਂ ਦੇ ਮੁਕਾਬਲੇ ’ਚ ਗਹਿ-ਗੱਚ ਲੜਾਈ ਹੋਈ ਹੈ। ਉਸ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਸ਼ਹਿਰ ’ਚ 23 ਝੜਪਾਂ ਹੋਈਆਂ ਹਨ। ਯੂਕਰੇਨੀ ਰਾਸ਼ਟਰਪਤੀ ਵਾਲਦੀਮੀਰ ਜ਼ੈਲੇਂਸਕੀ ਨੇ ਅਹਿਦ ਲਿਆ ਹੈ ਕਿ ਉਹ ਬਖਮੁਤ ਤੋਂ ਪਿੱਛੇ ਨਹੀਂ ਹਟਣਗੇ। ਉਧਰ ਬਰਤਾਨੀਆ ਦੇ ਰੱਖਿਆ ਮੰਤਰਾਲੇ ਨੇ ਐਤਵਾਰ ਨੂੰ ਇਕ ਰਿਪੋਰਟ ’ਚ ਕਿਹਾ ਕਿ ਰੂਸ ਦੇ ਯੂਕਰੇਨ ’ਚ ਮਾਰੇ ਗਏ ਫ਼ੌਜੀਆਂ ਦੀ ਗਿਣਤੀ ਮਾਸਕੋ ਦੇ ਮੁਕਾਬਲੇ ’ਚ ਹੋਰ ਖ਼ਿੱਤਿਆਂ ਦੀ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ 75 ਫ਼ੀਸਦੀ ਮੌਤਾਂ ਕਜ਼ਾਖ ਅਤੇ ਟਾਰਟਾਰ ਆਬਾਦੀ ਦੀ ਹੈ। ਰੂਸੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਰੀ ਜ਼ਖਾਰੋਵਾ ਦੇ ਹਵਾਲੇ ਨਾਲ ਥਿੰਕ ਟੈਂਕ ਨੇ ਕਿਹਾ ਕਿ ਕ੍ਰੈਮਲਿਨ ’ਚ ਅੰਦਰੂਨੀ ਜੰਗ ਜਾਰੀ ਹੈ ਅਤੇ ਸੂਚਨਾ ਅਤੇ ਪ੍ਰਸਾਰਣ ਆਦਿ ’ਤੇ ਕੰਟਰੋਲ ਕਰਕੇ ਜੰਗ ਦੀ ਕੋਈ ਵੀ ਜਾਣਕਾਰੀ ਬਾਹਰ ਨਹੀਂ ਆਉਣ ਦਿੱਤੀ ਜਾ ਰਹੀ ਹੈ।