ਕੁੱਝ ਲੋਕ ਦੇਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ: ਯੋਗੀ

ਕੁੱਝ ਲੋਕ ਦੇਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ: ਯੋਗੀ

ਯੂਪੀ ਦੇ ਮੁੱਖ ਮੰਤਰੀ ਵੱਲੋਂ ਰਾਹੁਲ ਦੇ ਬਿਆਨ ਦੀ ਆਲੋਚਨਾ
ਲਖਨਊ- ਬਰਤਾਨੀਆ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਬਿਆਨ ਦੀ ਆਲੋਚਨਾ ਕਰਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਜਦੋਂ ਆਲਮੀ ਪੱਧਰ ’ਤੇ ਭਾਰਤ ਦਾ ਦਬਦਬਾ ਵਧ ਰਿਹਾ ਹੈ ਤਾਂ ਕੁੱਝ ਲੋਕ ਵਿਦੇਸ਼ੀ ਧਰਤੀ ’ਤੇ ਦੇਸ਼ ਦੀ ਆਲੋਚਨਾ ਕਰ ਰਹੇ ਹਨ। ਯੋਗੀ ਨੇ ਬਿਨਾਂ ਕਿਸੇ ਦਾ ਨਾਂ ਲਏ ਕਿਹਾ, ‘‘ਜੋ ਲੋਕ ਅੱਜ ਭਾਰਤੀ ਲੋਕਤੰਤਰ ਦੀ ਆਲੋਚਨਾ ਕਰ ਰਹੇ ਹਨ, ਇਹ ਉਹੀ ਲੋਕ ਹਨ ਜਿਨ੍ਹਾਂ ਨੇ ਮੌਕਾ ਮਿਲਣ ’ਤੇ ਲੋਕਤੰਤਰ ਦਾ ਗਲਾ ਘੁੱਟਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।’’ ਗੋਰਖਪੁਰ ਵਿੱਚ ਇੱਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਦੁਨੀਆ ਵਿੱਚ ਮਸ਼ਹੂਰ ਕਰ ਰਹੇ ਹਨ, ਉੱਥੇ ਕੁੱਝ ਲੋਕ ਦੇਸ਼ ਨੂੰ ‘ਬਦਨਾਮ ਕਰਨ ਦੀ ਕੋਸ਼ਿਸ਼’ ਕਰ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਇਹ ਲੋਕ ਵਿਦੇਸ਼ ਵਿੱਚ ਹੁੰਦੇ ਹਨ ਤਾਂ ਦੇਸ਼ ਦੀ ਆਲੋਚਨਾ ਕਰਦੇ ਹਨ ਅਤੇ ਜਦੋਂ ਕੇਰਲਾ ਵਿੱਚ ਹੁੰਦੇ ਹਨ ਤਾਂ ਉੱਤਰ ਪ੍ਰਦੇਸ਼ ਦੀ ਆਲੋਚਨਾ ਕਰਦੇ ਹਨ ਅਤੇ ਜਦੋਂ ਦਿੱਲੀ ਵਿੱਚ ਹੁੰਦੇ ਹਨ ਤਾਂ ਕੇਰਲਾ ਦੀ ਆਲੋਚਨਾ ਕਰਦੇ ਹਨ। ਯੋਗੀ ਨੇ ਕਿਹਾ ਕਿ ਅਜਿਹੇ ਲੋਕ ਜੋ ਦੇਸ਼ ਦੇ ਮਜ਼ਬੂਤ ਲੋਕਤੰਤਰ ਨੂੰ ਕਮਜ਼ੋਰ ਕਰਨ ਚਾਹੁੰਦੇ ਹਨ ਅਤੇ ਜਿਨ੍ਹਾਂ ਦੇ ਪਰਿਵਾਰ ਦੀ ਵਿਰਾਸਤ ‘ਪਾੜੋ ਤੇ ਰਾਜ ਕਰੋ’ ਦੀ ਰਾਜਨੀਤੀ ਰਹੀ ਹੈ, ਨੂੰ ਪਛਾਣਿਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ‘ਮਾੜੇ ਮਨਸੂਬਿਆਂ’ ਨੂੰ ਕਦੇ ਕਾਮਯਾਬ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ ਹੈ।

ਰਾਹੁਲ ਗਾਂਧੀ ਨੇ 6 ਮਾਰਚ ਨੂੰ ਲੰਡਨ ਵਿੱਚ ਬਰਤਾਨੀਆ ਦੇ ਸੰਸਦ ਮੈਂਬਰਾਂ ਨੂੰ ਕਿਹਾ ਸੀ ਕਿ ਲੋਕ ਸਭਾ ਵਿੱਚ ਕੰਮ ਕਰਨ ਵਾਲੇ ਮਾਈਕਰੋਫੋਨਾਂ ਨੂੰ ਅਕਸਰ ਵਿਰੋਧੀ ਧਿਰ ਖ਼ਿਲਾਫ਼ ਚੁੱਪ ਕਰਵਾਇਆ ਜਾਂਦਾ ਹੈ। ਅਦਿੱਤਿਆਨਾਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਪਿਛਲੇ ਅੱਠ-ਨੌਂ ਸਾਲਾਂ ਵਿੱਚ ਦੇਸ਼ ਦੀਆਂ ਪ੍ਰਾਪਤੀਆਂ ਨਵੇਂ ਭਾਰਤ ਦੀ ਪ੍ਰਤੀਨਿਧਤਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਦੁਨੀਆ ਨੂੰ ਰਾਹ ਦਿਖਾਉਣ ਵਾਲਾ ਦੇਸ਼ ਹੋਵੇਗਾ। ਉਨ੍ਹਾਂ ਪਾਰਟੀ ਵਰਕਰਾਂ ਨੂੰ ਰਾਸ਼ਟਰਪਤੀ ਦੇ ਸੰਦੇਸ਼ਾਂ ਨੂੰ ਵੀ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਜੀ-20 ਦੀ ਪ੍ਰਧਾਨਗੀ ਮਿਲਣਾ ਭਾਰਤ ਦੀ ਸਮਰੱਥਾ ਨੂੰ ਦਰਸਾਉਂਦਾ ਹੈ ਅਤੇ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਦੇਸ਼ ਦਾ ਵਿਸ਼ਵਵਿਆਪੀ ਦਬਦਬਾ ਵਧ ਰਿਹਾ ਹੈ।