ਅਜਨਾਲਾ ਘਟਨਾ: ਕਮੇਟੀ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਰਿਪੋਰਟ ਸੌਂਪੀ

ਅਜਨਾਲਾ ਘਟਨਾ: ਕਮੇਟੀ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਰਿਪੋਰਟ ਸੌਂਪੀ

ਸਬ-ਕਮੇਟੀ ਮੈਂਬਰਾਂ ਨੇ ਧਰਨੇ ਮੁਜ਼ਾਹਰੇ ਵਾਲੀ ਥਾਂ ’ਤੇ ਪਾਵਨ ਸਰੂਪ ਨਾ ਲਿਜਾਣ ਦੀ ਦਿੱਤੀ ਰਾਇ
ਅੰਮ੍ਰਿਤਸਰ-
ਧਰਨਿਆਂ, ਰੋਸ ਪ੍ਰਦਰਸ਼ਨਾਂ ਅਤੇ ਝਗੜਿਆਂ ਵਾਲੀਆਂ ਥਾਵਾਂ ’ਤੇ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਸਰੂਪ ਲੈ ਕੇ ਜਾਣ ਦੇ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਵੱਲੋਂ ਕਾਇਮ 15 ਮੈਂਬਰੀ ਕਮੇਟੀ ਨੇ ਆਪਣੀ ਰਿਪੋਰਟ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪ ਦਿੱਤੀ ਹੈ। ਰਿਪੋਰਟ ਬਾਰੇ ਅਗਲਾ ਫ਼ੈਸਲਾ ਹੁਣ ਪੰਜ ਸਿੰਘ ਸਾਹਿਬਾਨ ਵੱਲੋਂ ਕੀਤਾ ਜਾਵੇਗਾ। ਇਹ ਰਿਪੋਰਟ ਕਮੇਟੀ ਦੇ ਕੋਆਰਡੀਨੇਟਰ ਅਤੇ ਅਕਾਲੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਵੱਲੋਂ ਅੱਜ ਇਥੇ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪੀ ਗਈ। ਮਿਲੇ ਵੇਰਵਿਆਂ ਮੁਤਾਬਕ ਕਮੇਟੀ ਮੈਂਬਰਾਂ ਦੀ ਆਪਸ ਵਿੱਚ ਇਸ ਗੱਲ ’ਤੇ ਸਹਿਮਤੀ ਬਣੀ ਹੈ ਕਿ ਧਰਨਿਆਂ, ਰੋਸ ਪ੍ਰਦਰਸ਼ਨਾਂ ਅਤੇ ਝਗੜਿਆਂ ਵਾਲੀਆਂ ਥਾਵਾਂ ’ਤੇ ਪਾਵਨ ਸਰੂਪ ਲੈ ਕੇ ਨਹੀਂ ਜਾਣਾ ਚਾਹੀਦਾ। ਪਾਵਨ ਸਰੂਪ ਦਾ ਅਦਬ-ਸਤਿਕਾਰ ਸਭ ਤੋਂ ਪਹਿਲਾਂ ਹੈ ਅਤੇ ਇਸ ਨੂੰ ਹਰ ਹਾਲ ਵਿੱਚ ਬਰਕਰਾਰ ਰੱਖਣਾ ਹਰ ਸਿੱਖ ਦਾ ਮੁੱਢਲਾ ਫਰਜ਼ ਹੈ। ਇਸ ਰਿਪੋਰਟ ਵਿੱਚ ਵੱਖ ਵੱਖ ਮੈਂਬਰਾਂ ਵੱਲੋਂ ਦਿੱਤੀ ਗਈ ਰਾਇ ਵੱਖਰੇ ਤੌਰ ’ਤੇ ਵੀ ਦਰਜ ਕੀਤੀ ਗਈ ਹੈ। ਜਦਕਿ ਸਮੂਹਿਕ ਰਾਇ ਨੂੰ ਇਸ ਰਿਪੋਰਟ ਵਿੱਚ ਦਰਜ ਕੀਤਾ ਗਿਆ ਹੈ। ਕਮੇਟੀ ਦੇ ਬਹੁਗਿਣਤੀ ਮੈਂਬਰਾਂ ਨੇ ਅਜਨਾਲਾ ਵਿੱਚ ਵਾਪਰੀ ਹਿੰਸਕ ਘਟਨਾ, ਜਿੱਥੇ ਪਾਵਨ ਸਰੂਪ ਦੀ ਕਥਿਤ ਬੇਅਦਬੀ ਹੋਈ ਹੈ, ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਇਸ ’ਤੇ ਇਤਰਾਜ਼ ਪ੍ਰਗਟ ਕੀਤਾ ਹੈ। ਕਮੇਟੀ ਦੇ ਬਹੁਤੇ ਮੈਂਬਰਾਂ ਨੇ ਸਿਧਾਂਤਕ ਤੌਰ ’ਤੇ ਇਸ ਨੂੰ ਗਲਤ ਕਰਾਰ ਦਿੱਤਾ ਹੈ।

ਦੱਸਣਯੋਗ ਹੈ ਕਿ 23 ਫਰਵਰੀ ਨੂੰ ਅਜਨਾਲਾ ਵਿੱਚ ‘ਵਾਰਿਸ ਪੰਜਾਬ ਦੇ’ ਜਥੇਬੰਦੀ ਵੱਲੋਂ ਆਪਣੇ ਇਕ ਗ੍ਰਿਫ਼ਤਾਰ ਸਾਥੀ ਨੂੰ ਰਿਹਾਅ ਕਰਵਾਉਣ ਅਤੇ ਦਰਜ ਕੇਸ ਨੂੰ ਰੱਦ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਪਾਵਨ ਸਰੂਪ ਦੀ ਅਗਵਾਈ ਹੇਠ ਥਾਣੇ ਦਾ ਘਿਰਾਓ ਕੀਤਾ ਗਿਆ ਸੀ, ਜਿਥੇ ਪੁਲੀਸ ਅਤੇ ਜਥੇਬੰਦੀ ਦੇ ਕਾਰਕੁਨਾਂ ਵਿਚਾਲੇ ਹਿੰਸਕ ਝੜਪ ਹੋਈ। ਇਸ ਦੌਰਾਨ ਪਾਵਨ ਸਰੂਪ ਵਾਲੀ ਬੱਸ ਦੇ ਸ਼ੀਸ਼ਿਆਂ ਨੂੰ ਨੁਕਸਾਨ ਪਹੁੰਚਿਆ ਸੀ। ਮਾਮਲੇ ’ਚ ਸਿੱਖ ਜਥੇਬੰਦੀ ’ਤੇ ਦੋਸ਼ ਲੱਗ ਰਿਹਾ ਹੈ ਕਿ ਉਸ ਨੇ ਪਾਵਨ ਸਰੂਪ ਨੂੰ ਆਪਣੇ ਮੰਤਵ ਵਾਸਤੇ ਢਾਲ ਬਣਾ ਕੇ ਵਰਤਿਆ ਹੈਅਤੇ ਨਿਰਾਦਰ ਹੋਇਆ ਹੈ। ਇਸ ਘਟਨਾ ’ਤੇ ਹੁਣ ਤੱਕ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਚੁੱਪ ਹਨ ਪਰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਭਵਿੱਖ ਵਿੱਚ ਇਸ ਸਬੰਧੀ ਨੀਤੀ ਬਣਾਉਣ ਲਈ ਸਿੱਖ ਸੰਪਰਦਾਵਾਂ ਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ 15 ਮੈਂਬਰੀ ਕਮੇਟੀ ਬਣਾਈ ਗਈ ਸੀ ਅਤੇ ਕਮੇਟੀ ਨੂੰ ਇਸ ਮਾਮਲੇ ਵਿੱਚ ਆਪਣੀ ਰਾਇ ਦੇਣ ਲਈ ਆਖਿਆ ਗਿਆ ਸੀ। ਕਮੇਟੀ ਦੇ ਕੋ-ਆਰਡੀਨੇਟਰ ਕਰਨੈਲ ਸਿੰਘ ਪੀਰਮੁਹੰਮਦ ਨੇ ਦੱਸਿਆ ਕਿ ਸਬ-ਕਮੇਟੀ ਵੱਲੋਂ ਤਿਆਰ ਕੀਤੀ ਰਿਪੋਰਟ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿੱਚ ਸੌਂਪ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਲੰਘੀ 6 ਮਾਰਚ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਮੀਟਿੰਗ ਦੌਰਾਨ ਸ਼ਾਮਲ ਹੋਏ ਸਨ ਅਤੇ ਸਬ ਕਮੇਟੀ ਵਿੱਚ ਸ਼ਾਮਲ ਵੱਖ-ਵੱਖ ਸੰਸਥਾਵਾਂ, ਜਥੇਬੰਦੀਆਂ ਤੇ ਨਿਹੰਗ ਸਿੰਘ ਸੰਪਰਦਾਵਾਂ ਦੇ ਮੁਖੀਆਂ ਨੇ ਸਰਬਸੰਮਤੀ ਨਾਲ ਰਿਪੋਰਟ ਤਿਆਰ ਕਰਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੌਂਪਣ ਲਈ ਉਨ੍ਹਾਂ ਦੀ ਜ਼ਿੰਮੇਵਾਰੀ ਲਾਈ ਸੀ। ਉਨ੍ਹਾਂ ਦੱਸਿਆ ਕਿ ਇਸ ਰਿਪੋਰਟ ’ਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਵੱਲੋਂ ਪੰਜ ਸਿੰਘ ਸਾਹਿਬਾਨ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਅਤੇ ਜਿਸ ਤੋਂ ਬਾਅਦ ਉਹ ਧਰਨਿਆਂ-ਮੁਜ਼ਾਹਰਿਆਂ, ਕਬਜ਼ਿਆਂ ਵਾਲੇ ਵਿਵਾਦਤ ਸਥਾਨਾਂ ਅਤੇ ਨਿੱਜੀ ਹਿਤਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਲਿਜਾਣ ਦੇ ਸਬੰਧ ’ਚ ਕੋਈ ਆਦੇਸ਼ ਜਾਰੀ ਕਰਨਗੇ।