‘ਮਿਰਜ਼ਾ ਗ਼ਾਲਿਬ’ ਦੇ ਬੀਜੇ ਕੰਡੇ ਚੁਗ ਰਹੇ ਹਾਂ: ਮੁੱਖ ਮੰਤਰੀ

‘ਮਿਰਜ਼ਾ ਗ਼ਾਲਿਬ’ ਦੇ ਬੀਜੇ ਕੰਡੇ ਚੁਗ ਰਹੇ ਹਾਂ: ਮੁੱਖ ਮੰਤਰੀ

ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਦਨ ’ਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਬਿਨਾਂ ਨਾਮ ਲਏ ਤਿੱਖੇ ਹਮਲੇ ਕੀਤੇ। ਸ੍ਰੀ ਮਾਨ ਨੇ ਪੰਜਾਬ ਦੀ ਉਲਝੀ ਤਾਣੀ ਦੀ ਗੱਲ ਕਰਦਿਆਂ ਕਿਹਾ, ‘‘ਅਸੀਂ ਤਾਂ ਮਿਰਜ਼ਾ ਗ਼ਾਲਿਬ ਦੇ ਬੀਜੇ ਹੋਏ ਕੰਡੇ ਚੁਗ ਰਹੇ ਹਾਂ।’ ਉਨ੍ਹਾਂ ਕਿਹਾ ਕਿ ਹਰਪਾਲ ਚੀਮਾ ਨੇ ਆਮ ਭਾਸ਼ਾ ’ਚ ਗੱਲ ਕੀਤੀ, ਜਦੋਂਕਿ ਪਹਿਲਾਂ ਤਾਂ ਬਜਟ ਮੌਕੇ ਅਲਾਮਾ ਇਕਬਾਲ, ਮਿਰਜ਼ਾ ਗ਼ਾਲਿਬ, ਇਜ਼ਰਾਈਲ ਤੇ ਗਾਜ਼ਾ ਪੱਟੀ ਦੀਆਂ ਗੱਲਾਂ ਹੁੰਦੀਆਂ ਸਨ, ਕਿੰਨੀਆਂ ਪਾਰਟੀਆਂ ਬਦਲ ਲਈਆਂ ਪਰ ਸ਼ੇਅਰ ਅੱਜ ਵੀ ਉਹੀ ਨੇ।

ਭਗਵੰਤ ਮਾਨ ਨੇ ਵਿਰੋਧੀ ਬੈਂਚਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਉਸ ਨੂੰ ਬਜਟ ਲਈ ਡੈਪੂਟੇਸ਼ਨ ’ਤੇ ਲਿਆਂਦਾ ਸੀ, ਹੁਣ ਮਿਹਣੇ ਕਾਂਗਰਸ ਨੂੰ ਸੁਣਨੇ ਪੈ ਰਹੇ ਨੇ। ਨਾਲ ਹੀ ਕਿਹਾ ਕਿ ਵੜਿੰਗ ਨੇ ਬਥੇਰਾ ਉਦੋਂ ਕਿਹਾ ਸੀ ਤੇ ਰੰਧਾਵੇ ਨੇ ਉਸ ਦੇ ਗੈਰ ਟਕਸਾਲੀ ਹੋਣ ਦਾ ਵੀ ਰੌਲਾ ਪਾਇਆ। ਮੁੱਖ ਮੰਤਰੀ ਨੇ ਚਰਨਜੀਤ ਚੰਨੀ ’ਤੇ ਵੀ ਨਿਸ਼ਾਨਾ ਸੇਧਿਆ। ਦੱਸਣਯੋਗ ਹੈ ਕਿ ਪਹਿਲਾਂ ਕਿਸੇ ਕਾਂਗਰਸੀ ਵਿਧਾਇਕ ਨੇ ਕਿਹਾ ਸੀ ਕਿ ਪ੍ਰਿੰਸੀਪਲ ਵਿਦੇਸ਼ੀ ਸਿਖਲਾਈ ਲਈ ਸਿੰਗਾਪੁਰ ਨਹੀਂ, ਅਮਰੀਕਾ ਭੇਜੋ। ਮੁੱਖ ਮੰਤਰੀ ਨੇ ਇਸ ਦੇ ਜਵਾਬ ’ਚ ਕਿਹਾ ਕਿ ਚੰਨੀ ਅਮਰੀਕਾ ਪੀਐੱਚਡੀ ਕਰਨ ਗਏ ਸਨ, ਉੱਥੋਂ ਕੀ ਸਿੱਖ ਕੇ ਆਏ ਨੇ, ਪਤਾ ਕਰਦੇ ਹਾਂ, ਫੇਰ ਪ੍ਰਿੰਸੀਪਲ ਅਮਰੀਕਾ ਵੀ ਭੇਜ ਦਿਆਂਗੇ। ਉਨ੍ਹਾਂ ਕਿਹਾ ਕਿ ਚੰਨੀ ਦੀ ਪੀਐੱਚਡੀ ਕਾਂਗਰਸ ਦੇ ਉਥਾਨ ਬਾਰੇ ਸੀ ਪਰ ਉਥਾਨ ਦਾ ਵੱਡਾ ਇੱਕ ਕਾਰਨ ਤਾਂ ਉਹ ਖ਼ੁਦ ਹੀ ਸਨ। ਮਾਨ ਨੇ ਕਿਹਾ ਕਿ ਹੁਣ ਚੰਨੀ ਰੌਲਾ ਪਾ ਰਹੇ ਨੇ ਕਿ ਉਸ ਨੇ ਕੈਲੀਫੋਰਨੀਆ ਵਿਚ ਕਿਸੇ ਧਾਰਮਿਕ ਸਮਾਗਮ ਵਿਚ ਸ਼ਾਮਿਲ ਹੋਣਾ ਸੀ ਪਰ ਵਿਜੀਲੈਂਸ ਕਰ ਕੇ ਉਸ ਨੇ ਪ੍ਰੋਗਰਾਮ ਰੱਦ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਵਿਜੀਲੈਂਸ ਨੇ ਲੁੱਕਆਊਟ ਸਰਕੁਲਰ ਤਾਂ ਪਹਿਲਾਂ ਹੀ ਜਾਰੀ ਕਰ ਦਿੱਤਾ। ਭਗਵੰਤ ਮਾਨ ਨੇ ਇਸ਼ਾਰੇ ਵਿਚ ਇਹ ਵੀ ਕਿਹਾ ਕਿ ਸਦਨ ਵਿਚ ਕਈ ਅਜਿਹੇ ਵੀ ਹਨ, ਜੋ ਬੋਲ ਕੇ ਚਲੇ ਜਾਂਦੇ ਹਨ, ਉਹ ਜਨੂੰਨ ਨਹੀਂ ਬਲਕਿ ਆਦਤ ਹੈ। ਉਨ੍ਹਾਂ ਵਿਰੋਧੀ ਧਿਰ ਦੀ ਤਾਰੀਫ਼ ਵੀ ਕੀਤੀ ਕਿ ਉਨ੍ਹਾਂ ਨੇ ਚੰਗਾ ਮਸ਼ਵਰਾ ਦਿੱਤਾ। ਮੁੱਖ ਮੰਤਰੀ ਨੇ ‘ਆਪ’ ਵਿਧਾਇਕਾਂ ਵਿੱਚ ਬੋਲਣ ਦੇ ਵਧੇ ਸਵੈ-ਭਰੋਸੇ ਦੀ ਸ਼ਲਾਘਾ ਵੀ ਕੀਤੀ।