ਬਜਟ ’ਤੇ ਬਹਿਸ ਦੌਰਾਨ ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ’ਤੇ ਨਿਸ਼ਾਨਾ

ਬਜਟ ’ਤੇ ਬਹਿਸ ਦੌਰਾਨ ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ’ਤੇ ਨਿਸ਼ਾਨਾ

ਕੇਂਦਰ ਤੋਂ ਭੀਖ ਨਹੀਂ, ਹੱਕ ਮੰਗਦੇ ਹਾਂ: ਭਗਵੰਤ ਮਾਨ
ਚੰਡੀਗੜ੍ਹ –
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਵਿਧਾਨ ਸਭਾ ’ਚ ਬਜਟ ’ਤੇ ਬਹਿਸ ਦੀ ਸਮਾਪਤੀ ਮੌਕੇ ਪਹਿਲੀ ਦਫ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਧੇ ਤੌਰ ’ਤੇ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ, ‘‘ਅਸੀਂ ਕੇਂਦਰ ਤੋਂ ਭੀਖ ਨਹੀਂ ਬਲਕਿ ਆਪਣਾ ਹੱਕ ਮੰਗਦੇ ਹਾਂ ਪਰ ਭਾਜਪਾ ਵਾਲੇ ਆਖਦੇ ਨੇ ਕਿ ਕੇਂਦਰ ਪੰਜਾਬ ਨੂੰ ਫ਼ੰਡ ਦੇ ਕੇ ਮਦਦ ਕਰਦਾ ਹੈ।’’ ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਜੀਐੱਸਟੀ ਇਕੱਠਾ ਕਰਕੇ ਕੇਂਦਰ ਕੋਲ ਜਮ੍ਹਾਂ ਕਰਾਉਂਦਾ ਹੈ ਅਤੇ ਉਸ ’ਚੋਂ ਆਪਣਾ ਹਿੱਸਾ ਮੰਗਦਾ ਹੈ, ਇਹ ਕੇਂਦਰ ਦਾ ਕੋਈ ਅਹਿਸਾਨ ਨਹੀਂ। ਚੇਤੇ ਰਹੇ ਕਿ ਬਹਿਸ ਦੌਰਾਨ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਕੇਂਦਰ ਦੀ ਨਿੰਦਾ ਵੀ ਕਰ ਰਹੀ ਹੈ ਅਤੇ ਕੇਂਦਰ ਤੋਂ ਫੰਡ ਵੀ ਮੰਗੇ ਜਾ ਰਹੇ ਹਨ। ਸਦਨ ’ਚ ਬਹਿਸ ਮੌਕੇ ਅੱਜ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਗ਼ੈਰਹਾਜ਼ਰ ਰਹੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਖੁੱਲ੍ਹਾ ਹੱਲਾ ਬੋਲਦਿਆਂ ਕਿਹਾ ਕਿ ਜਦੋਂ ਉਹ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਲੋਕਾਂ ਨੂੰ ਹੀ ਸਹੂਲਤਾਂ ਦਿੰਦੇ ਹਨ ਤਾਂ ‘‘ਵੱਡੇ ਸਾਹਿਬ’’ ਇਸ ਨੂੰ ਰਿਓੜੀ ਵੰਡ ਆਖ ਦਿੰਦੇ ਹਨ। ਉਨ੍ਹਾਂ ਕਿਹਾ ਕਿ ‘‘ਵੱਡੇ ਸਾਹਿਬ’’ ਨੇ ਜਨਤਕ ਅਦਾਰੇ ਵੇਚ ਦਿੱਤੇ ਪਰ ਖ਼ਰੀਦਿਆਂ ਕੁੱਝ ਮੀਡੀਆ ਹੀ ਹੈ। ਮਾਨ ਨੇ ਕੇਂਦਰ ਵੱਲੋਂ ਵਿਤਕਰੇ ਦੀ ਗੱਲ ਕਰਦਿਆਂ ਕਿਹਾ ਕਿ ਕੇਂਦਰੀ ਬਜਟ ’ਚੋਂ ਪੰਜਾਬ ਗ਼ਾਇਬ ਸੀ ਅਤੇ ਗਣਤੰਤਰ ਦਿਵਸ ਮੌਕੇ ਪੰਜਾਬ ਦੀ ਝਾਕੀ ਕੱਢ ਦਿੱਤੀ ਗਈ ਜੋ ਪੰਜਾਬੀਆਂ ਦੀ ਕੁਰਬਾਨੀ ਦੀ ਤੌਹੀਨ ਹੈ। ਉਨ੍ਹਾਂ ਨੇ ਅਕਾਲੀ-ਭਾਜਪਾ ਤੇ ਕਾਂਗਰਸ ਦੀਆਂ ਸਰਕਾਰਾਂ ਨੂੰ ਪੰਜਾਬ ਦੀ ਲੁੱਟ ਲਈ ਜ਼ਿੰਮੇਵਾਰ ਦੱਸਿਆ। ਮੁੱਖ ਮੰਤਰੀ ਨੇ ਵਿੱਤ ਮੰਤਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਚੀਮਾ ਨੇ ਆਮ ਲੋਕਾਂ ਦੀ ਭਾਸ਼ਾ ਵਿਚ ਆਮ ਲੋਕਾਂ ਦਾ ਬਜਟ ਪੇਸ਼ ਕੀਤਾ ਹੈ। ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਨੇ ਬਜਟ ’ਤੇ ਬੋਲਦਿਆਂ ਸੂਬੇ ਚੋਂ ਹੋ ਰਹੇ ‘‘ਬਰੇਨ ਡਰੇਨ’’ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜਿੱਥੇ ਬੱਚੇ ਵਿਦੇਸ਼ ਜਾ ਰਹੇ ਹਨ, ਉੱਥੇ ਹਰ ਵਰ੍ਹੇ 35 ਹਜ਼ਾਰ ਕਰੋੜ ਦੀ ਪੂੰਜੀ ਵੀ ਜਾ ਰਹੀ ਹੈ। ਉਨ੍ਹਾਂ ਨੇ ਆਈਲੈੱਟਸ ਕੋਚਿੰਗ ਸੈਂਟਰਾਂ ਵਿਚਲੇ ਅਧਿਆਪਕਾਂ ਦਾ ਟੈਸਟ ਲੈਣ ਅਤੇ ਪੰਜਾਬ ਦਾ ਬਾਸਮਤੀ ਦਾ ਆਪਣਾ ਬਰਾਂਡ ਸਥਾਪਿਤ ਕਰਨ ਦਾ ਮਸ਼ਵਰਾ ਦਿੱਤਾ। ਵਿਧਾਇਕ ਸੁਖਪਾਲ ਖਹਿਰਾ ਨੇ ਸਭ ਦੁੱਖਾਂ ਦੇ ਨਿਵਾਰਨ ਲਈ ਵਾਹਗਾ ਬਾਰਡਰ ਖੋਲ੍ਹੇ ਜਾਣ ਦੀ ਵਕਾਲਤ ਕਰਦਿਆਂ ਮੱਧ ਏਸ਼ੀਆ ਤੱਕ ਜਾਂਦਾ ‘ਸਿਲਕ ਰੂਟ’ ਬਹਾਲ ਕੀਤੇ ਜਾਣ ਗੱਲ ਕੀਤੀ। ਉਨ੍ਹਾਂ ਝੋਨੇ ਦੀ ਖ਼ਰੀਦ ਵਾਲੀ 45 ਹਜ਼ਾਰ ਕਰੋੜ ਦੀ ਸੀਸੀਐੱਲ ਨੂੰ ਬਦਲਵੀਂਆਂ ਫ਼ਸਲਾਂ ਵਿਚ ਵਰਤੇ ਜਾਣ ਦਾ ਸੁਝਾਅ ਵੀ ਦਿੱਤਾ। ਅਕਾਲੀ ਵਿਧਾਇਕ ਮਨਪ੍ਰੀਤ ਇਆਲੀ ਨੇ ਪਾਵਰਕੌਮ ਤੇ ਮੰਡੀ ਬੋਰਡ ਦੀ ਮੰਦਹਾਲੀ ਦੀ ਗੱਲ ਕੀਤੀ ਜਦੋਂ ਕਿ ਬਸਪਾ ਵਿਧਾਇਕ ਡਾ. ਨਛੱਤਰਪਾਲ ਨੇ ਸ਼ਹਿਰਾਂ ਲਈ ਘੱਟ ਬਜਟ ਰੱਖੇ ਜਾਣ ਦਾ ਮੁੱਦਾ ਉਠਾਇਆ। ਡਾ. ਰਾਜ ਕੁਮਾਰ ਨੇ ਇੱਕ ਸਾਲ ’ਚ ਨਵੇਂ ਚੁੱਕੇ ਕਰਜ਼ੇ ਦੀ ਚਰਚਾ ਕੀਤੀ। ਵਿਧਾਇਕ ਸੰਦੀਪ ਜਾਖੜ ਨੇ ਨਹਿਰਾਂ ਅਤੇ ਖਾਲ਼ਾਂ ਵਾਸਤੇ ਹੋਰ ਫ਼ੰਡਾਂ ਦੀ ਗੱਲ ਕੀਤੀ। ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਕੇਂਦਰ ਦੀਆਂ ਸਕੀਮਾਂ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ ਅਤੇ ਉਹ ਕੇਂਦਰੀ ਫ਼ੰਡਾਂ ਲਈ ਸੂਬਾ ਸਰਕਾਰ ਨਾਲ ਕੇਂਦਰ ਕੋਲ ਜਾਣ ਲਈ ਤਿਆਰ ਹਨ। ਉਨ੍ਹਾਂ ਪੰਜਾਬ ਵਿਚ ਸਮਾਰਟ ਸਿਟੀ ਪ੍ਰਾਜੈਕਟ ਵਿਚ ਗੜਬੜ ਹੋਣ ਦੀ ਗੱਲ ਕੀਤੀ। ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਕਿਹਾ ਕਿ ਬਜਟ ਵਿੱਚੋਂ ‘ਫ਼ਰਿਸ਼ਤੇ ਸਕੀਮ’ ਗ਼ਾਇਬ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ 73 ਹਜ਼ਾਰ ਕਰੋੜ ਕਰਜ਼ਾ ਲਿਆ ਗਿਆ ਸੀ ਜਦੋਂ ਕਿ ‘ਆਪ’ ਸਰਕਾਰ ਨੇ ਪਹਿਲੇ ਦੋ ਵਰ੍ਹਿਆਂ ਵਿੱਚ ਹੀ 66 ਹਜ਼ਾਰ ਕਰੋੜ ਦਾ ਕਰਜ਼ ਚੜ੍ਹਾ ਦੇਣਾ ਹੈ। ਉਨ੍ਹਾਂ ਮੁੱਖ ਮੰਤਰੀ ਕੈਂਸਰ ਰਾਹਤ ਫ਼ੰਡ ਦੀ ਰਾਸ਼ੀ ਤਿੰਨ ਲੱਖ ਰੁਪਏ ਕਰਨ ਦਾ ਸੁਝਾਅ ਦਿੱਤਾ ਅਤੇ ਕਿਡਨੀ ਦੇ ਮਰੀਜ਼ਾਂ ਦੀ ਮਦਦ ਦੀ ਗੱਲ ਵੀ ਕੀਤੀ। ਬਿਜਲੀ ਮੰਤਰੀ ਹਰਭਜਨ ਸਿੰਘ ਨੇ ਪਿਛਲੀਆਂ ਸਰਕਾਰਾਂ ਸਮੇਂ ਦੀ ਬਕਾਇਆ ਖੜ੍ਹੀ ਸਬਸਿਡੀ ਦੀ ਗੱਲ ਕਰਦਿਆਂ ਕਿਹਾ ਕਿ ਸਰਕਾਰ ਨੇ 300 ਯੂਨਿਟ ਮੁਫ਼ਤ ਬਿਜਲੀ ਦੀ ਗਾਰੰਟੀ ਪੂਰੀ ਕੀਤੀ ਹੈ। ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਦੀ ਭਰਤੀ ਵਿਚ ਰਾਖਵਾਂਕਰਨ ਕੀਤਾ ਗਿਆ ਹੈ। ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਨੇ ਕਿਹਾ ਕਿ ਬਜਟ ਵਿਚ ਦੇਣਦਾਰੀਆਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਡਾ. ਸੁਖਵਿੰਦਰ ਕੁਮਾਰ ਨੇ ਲੁਧਿਆਣਾ ਦੀ ਨੇਤਰਹੀਣ ਸਰਕਾਰੀ ਸੰਸਥਾ ਨੂੰ ਮੰਦਹਾਲੀ ਚੋਂ ਕੱਢਣ ਦੀ ਅਪੀਲ ਤੇ ਵਜ਼ੀਫ਼ਾ ਸਕੀਮ ’ਚੋਂ ਸਰਕਾਰੀ ਪੈਸਾ ਹੜੱਪ ਕਰਨ ਵਾਲੇ ਵਿੱਦਿਅਕ ਅਦਾਰਿਆਂ ਖ਼ਿਲਾਫ਼ ਪੜਤਾਲ ਦੀ ਮੰਗ ਕੀਤੀ। ਬਹਿਸ ਦੌਰਾਨ ਕਰੀਬ 30 ਵਿਧਾਇਕਾਂ ਨੇ ਆਪਣੇ ਸੁਝਾਅ ਦਿੱਤੇ।

ਹੰਕਾਰ ਛੱਡੋ, ਹਲੀਮੀ ਫੜੋ: ਮੁੱਖ ਮੰਤਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਦਨ ’ਚ ‘ਆਪ’ ਵਿਧਾਇਕਾਂ ਅਤੇ ਵਜ਼ੀਰਾਂ ਨੂੰ ਨਸੀਹਤ ਦਿੱਤੀ ਕਿ ਉਨ੍ਹਾਂ ਨੂੰ ਪੰਜਾਬ ਲੋਕਾਂ ਨੇ ਸੂਬੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਅਤੇ ਇਸ ਮੌਕੇ ਨੂੰ ਲੋਕਾਂ ਲਈ ਵਰਤਿਆ ਜਾਵੇ, ਨਾ ਕਿ ਲੋਕਾਂ ’ਤੇ ਵਰਤਿਆ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਹੰਕਾਰ ਕਰਨ ਦੀ ਥਾਂ ਹਲੀਮੀ ਦਾ ਪੱਲਾ ਫੜਨਾ ਚਾਹੀਦਾ ਹੈ। ਵਿਰੋਧੀ ਪਾਰਟੀ ਦੇ ਵਿਧਾਇਕਾਂ ਦੀ ਗੱਲ ਸੁਣਨੀ ਚਾਹੀਦੀ ਹੈ। ਅਫ਼ਸਰਾਂ ਅਤੇ ਆਮ ਲੋਕਾਂ ਨਾਲ ਠਰ੍ਹੰਮੇ ਨਾਲ ਪੇਸ਼ ਆਇਆ ਜਾਵੇ।

ਨਵੀਂ ਆਬਕਾਰੀ ਨੀਤੀ ਸਫਲ ਰਹੀ: ਚੀਮਾ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਬਜਟ ’ਤੇ ਬਹਿਸ ਦੌਰਾਨ ਸੁਆਲਾਂ ਦੇ ਜੁਆਬ ਦਿੰਦਿਆਂ ਕਿਹਾ ਕਿ ਪਿਛਲੇ ਪੰਦਰਾਂ ਵਰ੍ਹਿਆਂ ਵਿੱਚ ਸਰਕਾਰਾਂ ਨੇ ਪੰਜਾਬ ’ਤੇ ਨਵਾਂ 2.26 ਲੱਖ ਕਰੋੜ ਦਾ ਕਰਜ਼ਾ ਚਾੜ੍ਹਿਆ ਹੈ ਜਦੋਂ ਕਿ ਉਨ੍ਹਾਂ ਦੀ ਸਰਕਾਰ ਨੇ 36,046 ਕਰੋੜ ਦਾ ਕਰਜ਼ਾ ਵਾਪਸ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸਕੀਮਾਂ ਦੇ ਪੁਰਾਣੇ 1750 ਕਰੋੜ ਦੇ ਬਕਾਏ ਵੀ ਤਾਰੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਜਿੰਨੇ ਕਰਜ਼ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ, ਉਨ੍ਹਾਂ ਹੀ ਉਧਾਰ ਚੁੱਕਿਆ ਜਾਂਦਾ ਹੈ। ਵਿੱਤ ਮੰਤਰੀ ਨੇ ਨਵੀਂ ਆਬਕਾਰੀ ਨੀਤੀ ਦੀ ਵਕਾਲਤ ਕੀਤੀ ਅਤੇ ਇਸ ਨੀਤੀ ਵਜੋਂ ਮਾਲੀਏ ਵਿਚ 45 ਫ਼ੀਸਦੀ ਦੇ ਵਾਧੇ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਭ ਮਾਫ਼ੀਏ ਖ਼ਤਮ ਕੀਤੇ ਅਤੇ ਸ਼ਰਾਬ ਦੀ ਤਸਕਰੀ ਰੋਕੀ ਹੈ।

ਵਿਰੋਧੀ ਧਿਰ ਵੱਲੋਂ ਆਲੋਚਨਾ ਘੱਟ, ਸੁਝਾਅ ਵੱਧ

ਬਜਟ ਤੇ ਬਹਿਸ ਦੌਰਾਨ ਵਿਰੋਧੀ ਧਿਰ ’ਚੋਂ ਸੁਖਪਾਲ ਖਹਿਰਾ, ਅਵਤਾਰ ਹੈਨਰੀ, ਮਨਪ੍ਰੀਤ ਇਆਲੀ ਅਤੇ ਭਾਜਪਾ ਦੇ ਅਸ਼ਵਨੀ ਸ਼ਰਮਾ ਨੇ ਬਜਟ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਜਦੋਂ ਕਿ ਬਾਕੀ ਬਹੁਤੇ ਵਿਰੋਧੀ ਵਿਧਾਇਕਾਂ ਨੇ ਬਜਟ ਦੀ ਨਿੰਦਾ ਕਰਨ ਦੀ ਥਾਂ ਆਪਣੇ ਸੁਝਾਅ ਪੇਸ਼ ਕੀਤੇ। ਕਾਂਗਰਸ ਵਿਧਾਇਕ ਰਾਜਾ ਵੜਿੰਗ, ਰਾਣਾ ਗੁਰਜੀਤ, ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ, ਅਰੁਣਾ ਚੌਧਰੀ, ਡਾ. ਸੁਖਵਿੰਦਰ ਕੁਮਾਰ, ਡਾ. ਨਛੱਤਰਪਾਲ ਨੇ ਬਜਟ ਬਾਰੇ ਸੁਝਾਅ ਹੀ ਪੇਸ਼ ਕੀਤੇ।

‘ਰਾਜ ਸਭਾ ’ਚ ਨਾ ‘ਆਪ’ ਨੂੰ ਬੋਲਣ ਦਿੱਤਾ ਜਾਂਦੈ, ਨਾ ਹੀ ਕਾਂਗਰਸ ਨੂੰ’

ਮੁੱਖ ਮੰਤਰੀ ਨੇ ਕਾਂਗਰਸ ਨੂੰ ਮੁਖ਼ਾਤਬ ਹੁੰਦਿਆਂ ਕਿਹਾ, ‘‘ਕੇਂਦਰੀ ਏਜੰਸੀਆਂ (ਈਡੀ) ‘ਆਪ’ ਤੇ ਕਾਂਗਰਸ ਦੋਵੇਂ ਪਿੱਛੇ ਪਈਆਂ ਹਨ, ਰਾਜ ਸਭਾ ’ਚ ਨਾ ‘ਆਪ’ ਨੂੰ ਬੋਲਣ ਦਿੱਤਾ ਜਾਂਦੈ, ਨਾ ਹੀ ਕਾਂਗਰਸ ਸੰਸਦ ਮੈਂਬਰਾਂ ਨੂੰ। ਆਪਣਾ ਦੋਵਾਂ ਦਾ ਦਿੱਲੀ ’ਚ ਇੱਕੋ ਹਾਲ ਹੈ।’’ ਮਾਨ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਹਕੂਮਤ ਕਾਂਗਰਸ ਤੋਂ ਸਰਕਾਰਾਂ ਖੋਹ ਰਹੀ ਹੈ ਅਤੇ ‘ਆਪ’ ਤੇ ਕਾਂਗਰਸ ਦੇ ਰਾਜ ਸਭਾ ਚੋਂ ਮੈਂਬਰ ਮੁਅੱਤਲ ਕਰ ਦਿੱਤੇ ਜਾਂਦੇ ਹਨ। ਗ਼ੈਰ ਭਾਜਪਾਈ ਸਰਕਾਰਾਂ ’ਤੇ ਵਾਇਆ ਸਮੁੰਦਰੀ ਰਸਤੇ ਕੋਲਾ ਲਿਆਉਣ ਦਾ ਜ਼ੋਰ ਪਾਇਆ ਜਾਂਦਾ ਹੈ। ਮਾਨ ਨੇ ਕਿਹਾ, ‘‘ਕਾਂਗਰਸ ਵਾਲੇ ਇੱਥੇ ਰਾਜਪਾਲ ਕੋਲ ਜਾ ਰਹੇ ਹਨ, ਲੋੜ ਇਸ ਗੱਲ ਦੀ ਹੈ ਕਿ ਇਕੱਠੇ ਰਾਸ਼ਟਰਪਤੀ ਕੋਲ ਚੱਲੀਏ।’ ਮੁੱਖ ਮੰਤਰੀ ਨੇ ਅੱਜ ਇੱਕ ਤਰੀਕੇ ਨਾਲ ਕੇਂਦਰੀ ਧੱਕੇ ਖ਼ਿਲਾਫ਼ ਸਾਂਝੀ ਲੜਾਈ ਲੜਨ ’ਤੇ ਜ਼ੋਰ ਦਿੱਤਾ।

ਪੰਜਾਬੀ ’ਵਰਸਿਟੀ ਨੂੰ ਵਿੱਤੀ ਸੰਕਟ ’ਚੋਂ ਕੱਢਾਂਗੇ: ਭਗਵੰਤ ਮਾਨ
ਚੰਡੀਗੜ੍ਹ :ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਬਜਟ ਸੈਸ਼ਨ ਵਿੱਚ ਬਹਿਸ ਨੂੰ ਸਮੇਟਦਿਆਂ ਵਿੱਤੀ ਸੰਕਟ ਝੱਲ ਰਹੀ ਪੰਜਾਬੀ ਯੂਨੀਵਰਸਿਟੀ ਦੀ ਬਾਂਹ ਫੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ’ਵਰਸਿਟੀ ਨੂੰ ਬਚਾਉਣ ਲਈ ਲੋੜੀਂਦੇ ਫੰਡਾਂ ਦਾ ਇੰਤਜ਼ਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿੰਨੀ ਰਾਸ਼ੀ ਦੀ ਲੋੜ ਪਵੇਗੀ, ਉਹ ਯੂਨੀਵਰਸਿਟੀ ਨੂੰ ਦਿੱਤੀ ਜਾਵੇਗੀ, ਚਾਹੇ ਫੰਡਾਂ ਦਾ ਜਿਥੋਂ ਮਰਜ਼ੀ ਪ੍ਰਬੰਧ ਕਰਨਾ ਪਵੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸੇ ’ਵਰਸਿਟੀ ਨੂੰ ਘਾਟੇ ਵਿਚ ਨਹੀਂ ਰਹਿਣ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਪੰਜਾਬੀ ’ਵਰਸਿਟੀ ਦੇ ਵਾਈਸ ਚਾਂਸਲਰ ਡਾ. ਅਰਵਿੰਦ ਨੇ ਕੱਲ੍ਹ ਹੀ ’ਵਰਸਿਟੀ ਨੂੰ ਬਚਾਉਣ ਲਈ ਹੋਕਾ ਦਿੱਤਾ ਸੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਬਹਿਸ ਦੌਰਾਨ ਕਿਹਾ ਕਿ ਪੰਜਾਬੀ ’ਵਰਸਿਟੀ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿਛਲੇ ਵਰ੍ਹੇ ’ਵਰਸਿਟੀ ਨੂੰ 150 ਕਰੋੜ ਦੀ ਗਰਾਂਟ ਦਿੱਤੀ ਗਈ ਸੀ ਅਤੇ ਐਤਕੀਂ ਪੰਜਾਹ ਕਰੋੜ ਦਾ ਵਾਧਾ ਕੀਤਾ ਗਿਆ ਹੈ।