ਮਹਿਲਾ ਪ੍ਰੀਮੀਅਰ ਲੀਗ: ਯੂਪੀ ਵਾਰੀਅਰਜ਼ 10 ਵਿਕਟਾਂ ਨਾਲ ਜੇਤੂ

ਮਹਿਲਾ ਪ੍ਰੀਮੀਅਰ ਲੀਗ: ਯੂਪੀ ਵਾਰੀਅਰਜ਼ 10 ਵਿਕਟਾਂ ਨਾਲ ਜੇਤੂ

ਰਾਇਲ ਚੈਲੰਜਰਸ ਬੈਂਗਲੌਰ ਦੀ ਲਗਾਤਾਰ ਚੌਥੀ ਹਾਰ
ਮੁੰਬਈ- ਯੂਪੀ ਵਾਰੀਅਰਜ਼ ਨੇ ਮਹਿਲਾ ਪ੍ਰੀਮੀਅਰ ਲੀਗ ਦੇ ਇੱਕ ਮੈਚ ਵਿੱਚ ਅੱਜ ਇੱਥੇ ਰਾਇਲ ਚੈਲੰਜਰਸ ਬੈਂਗਲੌਰ (ਆਰਸੀਬੀ) ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਯੂਪੀ ਵਾਰੀਅਰਜ਼ ਵੱਲੋਂ ਕਪਤਾਨ ਅਲਾਇਸੀ ਹੀਲੀ ਨੇ ਨਾਬਾਦ 96 ਦੌੜਾਂ ਦੀ ਪਾਰੀ ਖੇਡੀ ਅਤੇ ਟੀਮ ਨੇ 139 ਦੌੜਾਂ ਦਾ ਟੀਚਾ ਬਿਨਾਂ ਕੋਈ ਵਿਕਟ ਗੁਆਏ ਸਿਰਫ 13 ਓਵਰਾਂ ਵਿੱਚ ਹੀ ਪੂਰਾ ਕਰ ਲਿਆ। ਜਿੱਤ ਵਿੱਚ ਦੇਵਿਕਾ ਵੈਦ ਨੇ 36 ਦੌੜਾਂ ਦਾ ਯੋਗਦਾਨ ਪਾਇਆ। ਅਲਾਇਸਾ ਨੇ ਆਪਣੀ 96 ਦੌੜਾਂ ਦੀ ਪਾਰੀ ’ਚ ਇੱਕ ਛੱਕਾ 18 ਚੌਕੇ ਮਾਰੇ। ਵਾਰੀਅਰਜ਼ ਦੀ ਤਿੰਨ ਮੈਚਾਂ ਵਿੱਚੋਂ ਇਹ ਦੂਜੀ ਜਿੱਤ ਹੈ ਜਦਕਿ ਆਰਸੀਬੀ ਦੀ ਟੂਰਨਾਮੈਂਟ ਵਿੱਚ ਇਹ ਲਗਾਤਾਰ ਚੌਥੀ ਹਾਰ ਹੈ। ਇਸ ਤੋਂ ਪਹਿਲਾਂ ਯੂਪੀ ਵਾਰੀਅਰਜ਼ ਦੀ ਸਪਿੰਨਰ ਐਕਲਸਟੋਨ ਅਤੇ ਦੀਪਤੀ ਸ਼ਰਮਾ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਰਾਇਲ ਚੈਲੰਜਰਸ ਬੈਂਗਲੌਰ ਟੀਮ 19.3 ਓਵਰਾਂ ਵਿੱਚ 138 ਦੌੜਾਂ ’ਤੇ ਆਊਟ ਹੋ ਗਈ। ਟੀਮ ਵੱਲੋਂ ਐਲਿਸ ਪੈਰੀ ਨੇ 52 ਦੌੜਾਂ ਅਤੇ ਸੋਫੀ ਡਿਵਾਈਨ ਨੇ 36 ਦੌੜਾਂ ਬਣਾਈਆਂ। ਯੂਪੀ ਵਾਰੀਅਰਜ਼ ਵੱਲੋਂ ਐਕਲੈਸਟੋਨ ਨੇ 4 ਅਤੇ ਦੀਪਤੀ ਸ਼ਰਮਾ ਨੇ 3 ਵਿਕਟਾਂ ਹਾਸਲ ਕੀਤੀਆਂ।