ਅਤਿਵਾਦ ਨੂੰ ਕਾਰਨਾਂ ਦੇ ਆਧਾਰ ’ਤੇੇ ਵਰਗੀਕ੍ਰਿਤ ਕਰਨਾ ‘ਖ਼ਤਰਨਾਕ’: ਭਾਰਤ

ਅਤਿਵਾਦ ਨੂੰ ਕਾਰਨਾਂ ਦੇ ਆਧਾਰ ’ਤੇੇ ਵਰਗੀਕ੍ਰਿਤ ਕਰਨਾ ‘ਖ਼ਤਰਨਾਕ’: ਭਾਰਤ

ਸੰਯੁਕਤ ਰਾਸ਼ਟਰ,- ਭਾਰਤ ਨੇ ਕਿਹਾ ਕਿ ਦਹਿਸ਼ਤੀ ਕਾਰਵਾਈਆਂ ਪਿਛਲੇ ਕਾਰਨਾਂ ਦੇ ਅਧਾਰ ’ਤੇ ਅਤਿਵਾਦ ਨੂੰ ਵਰਗੀਕ੍ਰਿਤ ਕਰਨ ਦਾ ਰੁਝਾਨ ‘ਖ਼ਤਰਨਾਕ’ ਹੈ। ਭਾਰਤ ਨੇ ਜ਼ੋਰ ਦੇ ਕੇ ਆਖਿਆ ਕਿ ਹਰ ਤਰ੍ਹਾਂ ਦਾ ਦਹਿਸ਼ਤੀ ਹਮਲਾ, ਫਿਰ ਚਾਹੇ ਉਹ ਇਸਲਾਮੋਫੋਬੀਆ, ਸਿੱਖ ਵਿਰੋਧੀ, ਬੋਧੀ ਵਿਰੋਧੀ ਜਾਂ ਹਿੰਦੂ ਵਿਰੋਧੀ ਪੱਖਪਾਤ ਤੋਂ ਪ੍ਰੇਰਿਤ ਹੋਵੇ, ਨਿੰਦਣਯੋਗ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਨੇ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਇਨ੍ਹਾਂ ਨਵੀਆਂ ਪਰਿਭਾਸ਼ਾਵਾਂ ਤੇ ਝੂਠੀਆਂ ਤਰਜੀਹਾਂ ਖਿਲਾਫ਼ ਢਾਲ ਵਜੋਂ ਖੜ੍ਹਨ ਦੀ ਲੋੜ ਹੈ, ਜੋ ਅਤਿਵਾਦ ਦੇ ਟਾਕਰੇ ਦੇ ਆਸ਼ੇ ਤੋਂ ਧਿਆਨ ਲਾਂਭੇ ਕਰਦੇ ਹਨ। ਭਾਰਤ ਨੇ ਪਾਕਿਸਤਾਨ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਜਿਹੜੇ ਦੇਸ਼ ਅਤਿਵਾਦ ਨੂੰ ਸਰਪ੍ਰਸਤੀ ਦਿੰਦੇ ਹਨ, ਉਨ੍ਹਾਂ ਦੀ ਜਵਾਬਦੇਹੀ ਨਿਰਧਾਰਿਤ ਕੀਤੀ ਜਾਵੇ। ਭਾਰਤ ਨੇ ਕਿਹਾ ਕਿ ਯੂਐੱਨ ਸਲਾਮਤੀ ਕੌਂਸਲ ਦੇ ਸਥਾਈ ਤੇ ਗੈਰ-ਸਥਾਈ ਵਰਗਾਂ ਦੇ ਘੇਰੇ ਵਿੱਚ ਵਾਧਾ ‘ਬਹੁਤ ਜ਼ਰੂਰੀ’ ਹੈ ਤਾਂ ਕਿ ਵਿਕਾਸਸ਼ੀਲ ਦੇਸ਼ਾਂ ਤੇ ਅਜਿਹੇ ਖੇਤਰ ਜਿਨ੍ਹਾਂ ਨੂੰ ਅਜੇ ਤੱਕ ਪ੍ਰਤੀਨਿਧਤਾ ਨਹੀਂ ਮਿਲੀ, ਦੀ ਆਵਾਜ਼ ਸੁਣੀ ਜਾ ਸਕੇ ਤੇ ਇਨ੍ਹਾਂ ਨੂੰ ਇਸ ਆਲਮੀ ਸੰਸਥਾ ਵਿੱਚ ਯੋਗ ਥਾਂ ਮਿਲੇ।

ਕੰਬੋਜ ਨੇ ਗਲੋਬਲ ਕਾਊਂਟਰ-ਟੈਰੋਰਿਜ਼ਮ ਸਟ੍ਰੈਟੇਜੀ (ਜੀਸੀਟੀਐੱਸ) ’ਤੇ ਨਜ਼ਰਸਾਨੀ ਦੇ 8ਵੇਂ ਖਰੜਾ ਵਿਸ਼ਲੇਸ਼ਣ ਦੀ ਪਹਿਲੀ ਰੀਡਿੰਗ ਦੌਰਾਨ ਕਿਹਾ, ‘‘ਦਹਿਸ਼ਤੀ ਕਾਰਵਾਈਆਂ ਪਿਛਲੇ ਕਾਰਨਾਂ ਦੇ ਅਧਾਰ ’ਤੇ ਅਤਿਵਾਦ ਦੇ ਵਰਗੀਕਰਨ ਦਾ ਰੁਝਾਨ ਖ਼ਤਰਨਾਕ ਹੈ ਤੇ ਇਹ ‘ਅਤਿਵਾਦ ਦੀ ਇਸ ਦੇ ਕਿਸੇ ਵੀ ਰੂਪ ਵਿੱਚ ਨਿੰਦਾ ਕਰਨ’ ਦੇ ਸਵੀਕਾਰਯੋਗ ਸਿਧਾਂਤ ਦੀ ਖਿਲਾਫ਼ਵਰਜ਼ੀ ਹੈ। ਅਤਿਵਾਦ ਦੀ ਕਿਸੇ ਵੀ ਕਾਰਵਾਈ ਨੂੰ ਨਿਆਂਸੰਗਤ ਨਹੀਂ ਠਹਿਰਾਇਆ ਜਾ ਸਕਦਾ।’’ ਕੰਬੋਜ ਨੇ ਜ਼ੋਰ ਕੇ ਆਖਿਆ ਕਿ ਅਤਿਵਾਦੀ ਚੰਗੇ ਜਾਂ ਮਾੜੇ ਨਹੀਂ ਹੋ ਸਕਦੇ ਤੇ ਅਜਿਹੀ ਪਹੁੰਚ ‘ਸਾਨੂੰ 9/11 ਤੋਂ ਪਹਿਲਾਂ ਵਾਲੇ ਯੁੱਗ ’ਚ ਲੈ ਜਾਵੇਗੀ, ਜਿੱਥੇ ਦਹਿਸ਼ਤਗਰਦਾਂ ਨੂੰ ‘ਤੁਹਾਡਾ ਦਹਿਸ਼ਤਗਰਦ’ ਤੇ ‘ਮੇਰਾ ਦਹਿਸ਼ਤਗਰਦ’ ਕਿਹਾ ਜਾਂਦਾ ਸੀ ਤੇ ਇਹ ਕੌਮਾਂਤਰੀ ਭਾਈਚਾਰੇ ਵੱਲੋਂ ਪਿਛਲੇ ਦੋ ਦਹਾਕਿਆਂ ਵਿੱਚ ਕਮਾਏ ਸਾਂਝੇ ਹਾਸਲਾਂ ਨੂੰ ਮਿਟਾ ਦੇਵੇਗਾ। ਉਨ੍ਹਾਂ ਕਿਹਾ, ‘‘ਸੱਜੇ ਜਾਂ ਸੱਜੇਪੱਖੀ ਇੰਤਹਾਪਸੰਦੀ, ਜਾਂ ਸਿਰੇ ਦੇ ਸੱਜੇ ਜਾਂ ਸਿਰੇ ਦੇ ਖੱਬੇ ਇੰਤਹਾਪਸੰਦ ਜਿਹੀਆਂ ਪਰਿਭਾਸ਼ਾਵਾਂ ਦੀ ਅਜਿਹੇ ਲੋਕਾਂ ਵੱਲੋਂ ਦੁਰਵਰਤੋਂ ਕੀਤੀ ਜਾਵੇਗੀ, ਜਿਨ੍ਹਾਂ ਦੇ ਸੌੜੇ ਹਿੱਤ ਜੁੜੇ ਹੋਣਗੇ। ਲਿਹਾਜ਼ਾ ਸਾਨੂੰ ਕਈ ਤਰ੍ਹਾਂ ਦੇ ਵਰਗੀਕਰਨ ਪ੍ਰਦਾਨ ਕਰਨ ਤੋਂ ਸੁਚੇਤ ਰਹਿਣ ਦੀ ਲੋੜ ਹੈ, ਜੋ ਕਿ ਜਮਹੂਰੀਅਤ ਦੀ ਧਾਰਨਾ ਦੇ ਖਿਲਾਫ਼ ਪ੍ਰਤੀਕੂਲ ਅਸਰ ਪਾ ਸਕਦੇ ਹਨ।’’