ਕੀ ਮਿਲੇਗਾ 1986 ਸਾਕਾ ਨਕੋਦਰ ਬੇਅਦਬੀ ਕਾਂਡ ਦੇ ਪੀੜਤਾਂ ਨੂੰ ਇਨਸਾਫ਼?

ਕੀ ਮਿਲੇਗਾ 1986 ਸਾਕਾ ਨਕੋਦਰ ਬੇਅਦਬੀ ਕਾਂਡ ਦੇ ਪੀੜਤਾਂ ਨੂੰ ਇਨਸਾਫ਼?

ਪੰਜਾਬ ਵਿਧਾਨ ਸਭਾ ਵਿੱਚ ਚਾਰ ਸਿੱਖ ਨੌਜਵਾਨਾਂ ਨੂੰ ਸ਼ਰਧਾਂਜਲੀਆਂ
ਨਕੋਦਰ ਵਿੱਚ ਅੱਜ ਤੋਂ ਸੈਂਤੀ ਵਰ੍ਹੇ ਪਹਿਲਾਂ ਵਾਪਰੇ ਸਾਕਾ ਨਕੋਦਰ ਦੇ ਸ਼ਹੀਦਾਂ ਨੂੰ ਵਿਧਾਨ ਸਭਾ ਵਿੱਚ ਸ਼ਰਧਾਂਜਲੀ ਭੇਂਟ ਕਰਨ ਲਈ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਸ਼ਹੀਦ ਸਿੰਘਾਂ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਹਰਮਿੰਦਰ ਸਿੰਘ ਚਲੂਪਰ, ਭਾਈ ਝਿਲਮਣ ਸਿੰਘ ਗੋਰਸੀਆਂ ਅਤੇ ਭਾਈ ਬਲਧੀਰ ਸਿੰਘ ਰਾਮਗੜ੍ਹ ਦੇ ਨਾਮ ਲੈ ਕੇ ਸਪੀਕਰ ਨੂੰ ਬੇਨਤੀ ਕੀਤੀ ਗਈ ਤਾਂ ਮੁੱਖ ਮੰਤਰੀ, ਸਪੀਕਰ ਤੇ ਸਮੁੱਚੇ ਹਾਊਸ ਨੇ ਖੜ੍ਹੇ ਹੋ ਕੇ ਇਨ੍ਹਾਂ ਚਾਰੇ ਸ਼ਹੀਦਾਂ ਨੂੰ ਸ਼ਰਧਾ ਦੇ ਫੁਲ ਭੇਂਟ ਕੀਤੇ। ਸ਼ਹੀਦ ਸਿੰਘਾਂ ਨੂੰ ਵਿਧਾਨ ਸਭਾ ਵਿੱਚ ਸ਼ਰਧਾਂਜਲੀ ਦੇਣ ਨਾਲ ਜਲੰਧਰ ਪਾਰਲੀਮਾਨੀ ਉਪ ਚੋਣ ਲਈ ਸ਼?ਰੋਮਣੀ ਅਕਾਲੀ ਦਲ ਦੀ ਘੇਰਾਬੰਦੀ ਦੇ ਅਸਾਰ ਵੱਧ ਗਏ ਹਨ।
ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਜੀ ਦੇ ਪਿਤਾ ਬਾਪੂ ਬਲਦੇਵ ਸਿੰਘ ਜੀ ਨੇ ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਨੌਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਕੀਤੀ ਕਾਰਵਾਈ ਦਾ ਸਵਾਗਤ ਕਰਦਿਆਂ ਕਿਹਾ ਕਿ ਸਰਕਾਰ ਸਾਕਾ ਨਕੋਦਰ ਸਬੰਧੀ ਜਸਟਿਸ ਗੁਰਨਾਮ ਸਿੰਘ ਰਿਪੋਰਟ ਬਿਨਾ ਕਿਸੇ ਦੇਰੀ ਦੇ ਵਿਧਾਨ ਸਭਾ ਵਿੱਚ ਪੇਸ਼ ਕਰਕੇ, ਇਸ ਤੇ ਚਰਚਾ ਕਰਵਾ ਇਸ ਸਬੰਧੀ ਐਕਸ਼ਨ ਰਿਪੋਰਟ ਜਾਰੀ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੁਆਰਾ 22 ਸਤੰਬਰ, 2022 ਨੂੰ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਮੌਜੂਦਾ ਸਰਕਾਰ ਇੱਕ ਐਸ ਆਈ ਟੀ ਦਾ ਗਠਨ ਕਰਕੇ ਪਤਾ ਲਗਾਵੇ ਕਿ ਜਸਟਿਸ ਗੁਰਨਾਮ ਸਿੰਘ ਜਾਂਚ ਰਿਪੋਰਟ ਦਾ ਦੂਸਰਾ ਹਿੱਸਾ ਕਿਵੇਂ, ਕਿਸਨੇ ਤੇ ਕਦੋਂ ਗਾਇਬ ਕਰਵਾਇਆ।
ਜ਼ਿਕਰਯੋਗ ਹੈ ਕਿ 2 ਫਰਵਰੀ 1986 ਨੂੰ ਨਕੋਦਰ ਦੇ ਇੱਕ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਪੰਜ ਬੀੜਾਂ ਸਾੜ ਦਿੱਤੀਆਂ ਗਈਆਂ ਸਨ। ਬਰਗਾੜੀ ਕਾਂਡ ਵਾਂਗ ਹੀ 37 ਸਾਲ ਪਹਿਲਾਂ ਜਦੋਂ ਸਿੱਖ ਸੰਗਤਾਂ 4 ਫਰਵਰੀ 1986 ਨੂੰ ਸ਼ਾਂਤਮਈ ਰੋਸ ਪ੍ਰਗਟਾ ਰਹੀਆਂ ਸਨ ਤਾਂ ਪੁਲੀਸ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਵਿੱਚ ਚਾਰ ਸਿੰਘ ਸ਼ਹੀਦ ਅਤੇ 20 ਦੇ ਕਰੀਬ ਜ਼ਖਮੀ ਹੋ ਗਏ ਸਨ। ਉਸ ਸਮੇ ਦੀ ਅਕਾਲੀ ਸਰਕਾਰ ਵਲੋਂ 5 ਫ਼ਰਵਰੀ ਸ਼ਾਮ ਨੂੰ ਸਮਾਂ ਬੱਧ ਅਦਾਲਤੀ ਜਾਂਚ ਦਾ ਐਲਾਨ ਕੀਤਾ ਗਿਆ ਸੀ, 5 ਫ਼ਰਵਰੀ ਨੂੰ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਬਣਾਉਣ ਦੇ ਹੁਕਮ ਜਾਰੀ ਹੋਏ ਸਨ ਤੇ 31 ਅਕਤੂਬਰ 1986 ਨੂੰ ਜਸਟਿਸ ਗੁਰਨਾਮ ਸਿੰਘ ਨੇ ਜਾਂਚ ਰਿਪੋਰਟ ਸਰਕਾਰ ਨੂੰ ਸੌਂਪੀ ਸੀ ਅਤੇ ਅੱਜ ਤੱਕ ਨਾ ਤਾ ਇਹ ਰਿਪੋਰਟ ਜਨਤਿਕ ਹੋਈ ਹੈ ਅਤੇ ਨਾ ਹੀ ਇਸਤੇ ਕੋਈ ਕਾਰਵਾਈ ਹੋਈ ਹੈ। ਹੁਣ ਸਾਕਾ ਨਕੋਦਰ ਬੇਅਦਬੀ ਕਾਂਡ ਦੇ ਪੀੜਤਾਂ ਪਰਿਵਾਰਾਂ ਨੂੰ ਇਨਸਾਫ਼ ਦੀ ਆਸ ਬੱਝੀ ਹੈ, ਪਰ ਆਉਣ ਵਾਲਾ ਸਮਾਂ ਦੱਸੇਗਾ ਕਿ ਮੌਜੂਦਾ ਸਰਕਾਰ ਲਗਭਗ ਚਾਰ ਦਹਾਕਿਆਂ ਦੀ ਨਾਇਨਸਾਫ਼ੀ ਦਾ ਇਨਸਾਫ਼ ਕਰੇਗੀ ਜਾਂ ਪਿਛਲੀਆਂ ਸਰਕਾਰਾਂ ਵਾਂਗ ਝੂਠੇ ਦਲਾਸੇ ਹੀ ਦੇਵੇਗੀ।