ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲੇਗੀ : ਭਗਵੰਤ ਮਾਨ

ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲੇਗੀ : ਭਗਵੰਤ ਮਾਨ

ਬੇਅਦਬੀ ਲਈ ਕੇਂਦਰ ਤੋਂ ਫਾਂਸੀ ਦੀ ਸਜ਼ਾ ਦਾ ਕਾਨੂੰਨ ਬਣਾਉਣ ਦੀ ਕੀਤੀ ਮੰਗ ਕੁਰਸੀ ਛੱਡਣ ਨੂੰ ਵੀ ਬਾਦਲ ਕੁਰਬਾਨੀ ਦੱਸਦੇ ਹਨ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ’ਚ ਬਜਟ ਸੈਸ਼ਨ ਮੌਕੇ ਰਾਜਪਾਲ ਦੇ ਭਾਸ਼ਣ ’ਤੇ ਪੇਸ਼ ਧੰਨਵਾਦ ਮਤੇ ’ਤੇ ਹੋਈ ਬਹਿਸ ਦੀ ਸਮਾਪਤੀ ਦੌਰਾਨ ਹਾਕਮ ਧਿਰ ਨੇ ਅੱਜ ਹਮਲਾਵਰ ਰੁਖ਼ ਰੱਖਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਬਹਿਸ ਨੂੰ ਸਮੇਟਦਿਆਂ ਜਿੱਥੇ ਪੰਜਾਬ ਦੀ ਤ੍ਰਾਸਦੀ ਲਈ ਵਿਰੋਧੀਆਂ ਨੂੰ ਨਿਸ਼ਾਨੇ ’ਤੇ ਲਿਆ, ਉੱਥੇ ਉਨ੍ਹਾਂ ਨੇ ‘ਆਪ’ ਸਰਕਾਰ ਦੇ ਇੱਕ ਵਰ੍ਹੇ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਨੂੰ ਵੀ ਉਜਾਗਰ ਕੀਤਾ। ਉਧਰ ਮੁੱਖ ਵਿਰੋਧੀ ਧਿਰ ਕਾਂਗਰਸ ਮੁੱਖ ਮੰਤਰੀ ਦੇ ਭਾਸ਼ਣ ਤੋਂ ਪਹਿਲਾਂ ਹੀ ਸਦਨ ’ਚੋਂ ਵਾਕਆਊਟ ਕਰ ਗਈ ਜਦੋਂ ਕਿ ਸ਼?ਰੋਮਣੀ ਅਕਾਲੀ ਦਲ ਅਤੇ ਬਸਪਾ ਵਿਧਾਇਕ ਨੇ ਬਹਿਸ ਨੂੰ ਗਹੁ ਨਾਲ ਸੁਣਿਆ। ਵਿਰੋਧੀ ਧਿਰ ਵੱਲੋਂ ਚੁੱਕੇ ਮੁੱਦਿਆਂ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਾਂਗਰਸ ’ਤੇ ਤਿੱਖੇ ਹਮਲੇ ਕੀਤੇ।
ਮੁੱਖ ਮੰਤਰੀ ਨੇ ਵਿਰੋਧੀ ਧਿਰ ਦੀ ਗੈਰਮੌਜੂਦਗੀ ਵਿੱਚ ਪੰਜਾਬ ਦੀ ਦੁਰਦਸ਼ਾ ਲਈ ਪਿਛਲੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਦੱਸਿਆ। ਬਹਿਸ ਦੇ ਆਖ਼ਰੀ ਪੜਾਅ ’ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਸਿੰਜਾਈ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਾਂਗਰਸ ਦੇ ਵਿਧਾਇਕਾਂ ਨੂੰ ਭਿ੍ਰਸ਼ਟਾਚਾਰ, ਪੰਚਾਇਤੀ ਜ਼ਮੀਨਾਂ ’ਤੇ ਕਬਜ਼ਿਆਂ, ਗ਼ੈਰਕਾਨੂੰਨੀ ਮਾਈਨਿੰਗ ਅਤੇ ‘ਗ਼ਲਤ ਸੂਚਨਾ ਨਾਲ ਗੁਮਰਾਹ ਕਰਨ ਨੂੰ ਲੈ ਕੇ ਨਿਸ਼ਾਨੇ ’ਤੇ ਰੱਖਿਆ। ਮਾਨ ਨੇ ਅੱਜ ਜਵਾਬੀ ਹਮਲੇ ’ਚ ਖੇਤੀ, ਕਾਨੂੰਨ ਵਿਵਸਥਾ, ਬੇਅਦਬੀ ਮਾਮਲੇ, ਸਨਅਤੀ ਵਿਕਾਸ, ਸਿੱਖਿਆ ਆਦਿ ’ਤੇ ਫੋਕਸ ਕੀਤਾ। ਮੁੱਖ ਮੰਤਰੀ ਨੇ ‘ਵਾਰਿਸ ਪੰਜਾਬ ਦੇ’ ਆਗੂ ਅੰਮਿ੍ਰਤਪਾਲ ਸਿੰਘ ਅਤੇ ਅਜਨਾਲਾ ਘਟਨਾ ਬਾਰੇ ਬੇਸ਼ੱਕ ਕੋਈ ਸ਼ਬਦ ਨਹੀਂ ਬੋਲਿਆ ਪ੍ਰੰਤੂ ਉਨ੍ਹਾਂ ਪੰਜਾਬ ਵਿਚ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਨੇ ਅਮਨ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਵਿਰੋਧੀ ਧਿਰਾਂ ਨੂੰ ਵੰਗਾਰਦਿਆਂ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਕਾਇਮ ਰੱਖੀ ਜਾਵੇਗੀ ਅਤੇ ਇਸ ਨਾਲ ਕਿਸੇ ਨੂੰ ਛੇੜਛਾੜ ਕਰਨ ਦੀ ਇਜਾਜ਼ਤ ਨਹੀਂ ਦਿਆਂਗੇ। ਉਨ੍ਹਾਂ ‘ਇੰਡੀਆ ਟੂਡੇ’ ਰਸਾਲੇ ਦੇ ਜਨਵਰੀ ਅੰਕ ਦੇ ਹਵਾਲੇ ਨਾਲ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਭਾਜਪਾ ਤੇ ਕਾਂਗਰਸ ਦੇ ਸ਼ਾਸਨ ਵਾਲੇ ਕਈ ਸੂਬਿਆਂ ਨਾਲੋਂ ਕਿਤੇ ਬਿਹਤਰ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਆਗੂ ਕਾਨੂੰਨ ਵਿਵਸਥਾ ਬਾਰੇ ਗੁੰਮਰਾਹਕੁਨ ਪ੍ਰਚਾਰ ਤੋਂ ਬਾਜ਼ ਆਉਣ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਵਿਚ ਦੋਸ਼ੀਆਂ ਨੂੰ ਸਜ਼ਾ ਮਿਲੇਗੀ ਜਿਸ ਨਾਲ ਲੋਕਾਂ ਦੇ ਹਿਰਦੇ ਠਰਨਗੇ। ਉਨ੍ਹਾਂ ਕਿਹਾ ਕਿ ਸੂੁਬਾ ਸਰਕਾਰ ਨੇ ਕੇਂਦਰ ਨੂੰ ਲਿਖਿਆ ਹੈ ਕਿ ਭਵਿੱਖ ’ਚ ਬੇਅਦਬੀ ਕਰਨ ਵਾਲਿਆਂ ਲਈ ਫਾਂਸੀ ਜਾਂ 20 ਸਾਲ ਦੀ ਸਜ਼ਾ ਦੀ ਵਿਵਸਥਾ ਕੀਤੀ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਆਗੂਆਂ ਨੇ ਐੱਸਵਾਈਐੱਲ ਸਮੇਤ ਲੋਕ ਵਿਰੋਧੀ ਫ਼ੈਸਲੇ ਲਏ, ਉਨ੍ਹਾਂ ਨੂੰ ਲੋਕਾਂ ਨੇ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਕੇਂਦਰੀ ਜਾਂਚ ਏਜੰਸੀਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਇਨ੍ਹਾਂ ਏਜੰਸੀਆਂ ਦੀ ਦੁਰਵਰਤੋਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਬਾਦਲ ਪਰਿਵਾਰ ਨੂੰ ਵੀ ਨਿਸ਼ਾਨੇ ’ਤੇ ਰੱਖਿਆ। ਉਨ੍ਹਾਂ ਕਿਹਾ ਕਿ ਜਦੋਂ ਪੂਰਾ ਪੰਜਾਬ ਕੇਂਦਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਹੋ ਗਿਆ ਤਾਂ ਇਸ ਪਰਿਵਾਰ ਨੇ ਲੋਕਾਂ ਨੂੰ ਮੂਰਖ ਬਣਾਉਣ ਲਈ ਆਪਣਾ ਪੈਂਤੜਾ ਬਦਲ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਧਿਰਾਂ ਨੂੰ ਹੁਣ ਆਮ ਘਰ ਦੇ ਪੁੱਤ ਵੱਲੋਂ ਸੂਬੇ ਨੂੰ ਚਲਾਉਣਾ ਹਜ਼ਮ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਖ਼ੂਨ ਦਾ ਹਰ ਕਤਰਾ ਪੰਜਾਬ ਦੀ ਤਰੱਕੀ ਤੇ ਖ਼ੁਸ਼ਹਾਲੀ ਨੂੰ ਸਮਰਪਿਤ ਹੈ। ਉਨ੍ਹਾਂ ਅਫ਼ਸੋਸ ਕੀਤਾ ਕਿ ਪਹਿਲਾਂ ਇਹ ਵਾਗਡੋਰ ਅਜਿਹੇ ਲੋਕਾਂ ਦੇ ਹੱਥਾਂ ਵਿਚ ਸੀ, ਜੋ ਸੂਬੇ ਨੂੰ ਲੁੱਟਣ ਵਿੱਚ ਅੰਗਰੇਜ਼ਾਂ ਤੋਂ ਵੀ ਅੱਗੇ ਨਿਕਲ ਗਏ। ਉਨ੍ਹਾਂ ਵਾਅਦਾ ਕੀਤਾ ਕਿ ਸੂਬੇ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਨਵੇਂ ਡਾਕਟਰਾਂ ਲਈ ਲਾਜ਼ਮੀ ਹੋਵੇਗੀ ਸਰਕਾਰੀ ਸੇਵਾ: ਸਿਹਤ ਮੰਤਰੀ
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪ੍ਰਸ਼ਨ ਕਾਲ ’ਚ ‘ਆਪ’ ਵਿਧਾਇਕਾ ਅਮਨਦੀਪ ਕੌਰ ਅਰੋੜਾ ਦੇ ਸਵਾਲ ਦੇ ਜਵਾਬ ’ਚ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਕਿਹਾ ਕਿ ਐੱਮਡੀ ਪਾਸ ਡਾਕਟਰਾਂ ਤੋਂ ਸਰਕਾਰੀ ਸੇਵਾਵਾਂ ਲਏ ਜਾਣ ਨੂੰ ਲਾਜ਼ਮੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਦਸ ਵਰ੍ਹ?ਆਂ ’ਚ ਸਰਕਾਰੀ ਮੈਡੀਕਲ ਕਾਲਜਾਂ ’ਚੋਂ ਪੀਜੀ ਕੋਰਸ ਕਰਨ ਵਾਲੇ ਵਿਦਿਆਰਥੀਆਂ ਤੋਂ ਬਾਂਡ ਦੀ ਸ਼ਰਤ ਮੁਤਾਬਕ ਸਰਕਾਰੀ ਹਸਪਤਾਲਾਂ ’ਚ ਸੇਵਾਵਾਂ ਨਹੀਂ ਲਈਆਂ ਗਈਆਂ, ਜਿਸ ਤਹਿਤ ਸਰਕਾਰ ਨੇ 57 ਡਾਕਟਰਾਂ ਤੋਂ 6 ਕਰੋੜ ਰੁਪਏ ਵਸੂਲੇ ਹਨ। ਸਿਹਤ ਮੰਤਰੀ ਨੇ ਕਿਹਾ ਕਿ ਮੋਗਾ ਵਿੱਚ ਸਰਕਾਰੀ ਮੈਡੀਕਲ ਕਾਲਜ ਬਣਾਏ ਜਾਣ ਲਈ ਇੱਕ ਪਿੰਡ ਦੀ ਪੰਚਾਇਤ ਨੇ ਜ਼ਮੀਨ ਦੇਣ ਲਈ ਮਤਾ ਦਿੱਤਾ ਹੈ। ਪੰਜਾਬ ’ਚ ਚਾਰ ਮੈਡੀਕਲ ਕਾਲਜਾਂ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਮੌਕੇ ਰਾਜਾ ਵੜਿੰਗ ਨੇ ਗਿੱਦੜਬਾਹਾ ਦੇ ਸਿਵਲ ਹਸਪਤਾਲ ’ਚ ਡਾਕਟਰਾਂ ਦੀਆਂ ਖ਼ਾਲੀ ਅਸਾਮੀਆਂ ਦਾ ਮੁੱਦਾ ਚੁੱਕਿਆ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬਟਾਲਾ ’ਚ ਮੈਡੀਕਲ ਕਾਲਜ ਬਣਾਉਣ ਦਾ ਸਵਾਲ ਚੁੱਕਿਆ। ਬਾਜਵਾ ਵੱਲੋਂ ਉਠਾਏ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਲੰਪੀ ਸਕਿਨ ਕਾਰਨ ਪ੍ਰਭਾਵਿਤ ਹੋਏ ਪਸ਼ੂ ਪਾਲਕਾਂ ਨੂੰ ਮੁਆਵਜ਼ਾ ਦੇਣ ਲਈ ਕੇਂਦਰ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਪੰਜਾਬ ਸਰਕਾਰ ਮੁਆਵਜ਼ੇ ’ਚ ਆਪਣਾ ਹਿੱਸਾ ਵੀ ਪਾਵੇਗੀ। ਇਸ ਮੌਕੇ ਬਠਿੰਡਾ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਇਸ ਬਿਮਾਰੀ ਕਾਰਨ ਪਿੰਡਾਂ ’ਚ ਹੱਡਾ ਰੋੜੀਆਂ ਦੀ ਘਾਟ ਸਾਹਮਣੇ ਆਈ ਸੀ। ਮੰਤਰੀ ਨੇ ਦੱਸਿਆ ਕਿ ਇਸ ਦੀ ਵੈਕਸੀਨੇਸ਼ਨ ’ਤੇ 1.54 ਕਰੋੜ ਰੁਪਏ ਖ਼ਰਚੇ ਗਏ ਹਨ।

ਵਿਧਾਇਕ ਡਾ. ਰਵਜੋਤ ਸਿੰਘ ਦੇ ਸਵਾਲ ਦੇ ਜਵਾਬ ਵਿੱਚ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਦੱਸਿਆ ਕਿ ਜਲੰਧਰ ਤੋਂ ਗਗਰੇਟ ਨੈਸ਼ਨਲ ਹਾਈਵੇ ਦਾ 39.12 ਕਿੱਲੋਮੀਟਰ ਦਾ ਹਿੱਸਾ ਪੂਰਾ ਕਰਨ ਸਬੰਧੀ ਕੇਂਦਰ ਸਰਕਾਰ ਨੂੰ ਲਿਖ ਕੇ 13.74 ਕਰੋੋੜ ਦੀ ਰਾਸ਼ੀ ਮਨਜ਼ੂਰੀ ਕਰਨ ਦੀ ਤਜਵੀਜ਼ ਵੀ ਭੇਜੀ ਹੈ। ਇਸ ਮੌਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲਤੀਫਪੁਰਾ ਦਾ ਮਾਮਲਾ ਵੀ ਉਠਾਇਆ। ‘ਆਪ’ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਜਗਰਾਉਂ ਸ਼ਹਿਰ ’ਚ ਪਾਣੀ ਦੀ ਨਿਕਾਸੀ ਬਾਰੇ ਸਵਾਲ ਪੁੱਛਿਆ, ਜਿਸ ਦੇ ਜਵਾਬ ’ਚ ਸਥਾਨਕ ਸਰਕਾਰ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਸੀਵਰੇਜ ਦੀ ਸਮੇਂ ਸਿਰ ਸਫ਼ਾਈ ਕੀਤੀ ਗਈ ਹੈ ਤੇ ਬਾਕੀ ਸਮੱਸਿਆ ਦੇ ਹੱਲ ਲਈ ਨਵੀਂ ਡੀਪੀਆਰ ਤਿਆਰ ਕੀਤੀ ਜਾ ਰਹੀ ਹੈ। ਵਿਧਾਇਕਾ ਨੀਨਾ ਮਿੱਤਲ ਨੇ ਰਾਜਪੁਰਾ ਦੇ ਸਿਵਲ ਹਸਪਤਾਲ ’ਚ ਖ਼ਾਲੀ ਅਸਾਮੀਆਂ ਬਾਰੇ ਸਵਾਲ ਚੁੱਕਿਆ ਜਿਸ ਦੇ ਜਵਾਬ ’ਚ ਸਿਹਤ ਮੰਤਰੀ ਨੇ ਛੇਤੀ ਅਸਾਮੀਆਂ ਭਰਨ ਦੀ ਗੱਲ ਕਹੀ। ਵਿਧਾਇਕ ਕੁਲਵੰਤ ਸਿੰਘ ਨੇ ਮੁਹਾਲੀ ਵਿਚ ਏਅਰਪੋਰਟ ਰੋਡ ’ਤੇ ਸੜਕੀ ਆਵਾਜਾਈ ਦਾ ਮਾਮਲਾ ਉਠਾਇਆ, ਜਿਸ ਦੇ ਜਵਾਬ ’ਚ ਅਮਨ ਅਰੋੜਾ ਨੇ ਸ਼ਹਿਰ ’ਚ ਬਣਾਏ ਜਾ ਰਹੇ 16 ਚੌਕਾਂ ਬਾਰੇ ਦੱਸਿਆ।