ਪੰਚਾਇਤੀ ਜ਼ਮੀਨਾਂ: ਧਾਲੀਵਾਲ ਤੇ ਖਹਿਰਾ ਖਹਿਬੜੇ

ਪੰਚਾਇਤੀ ਜ਼ਮੀਨਾਂ: ਧਾਲੀਵਾਲ ਤੇ ਖਹਿਰਾ ਖਹਿਬੜੇ

ਚੰਡੀਗੜ੍ਹ : ਰਾਜਪਾਲ ਦੇ ਭਾਸ਼ਨ ’ਤੇ ਚਰਚਾ ਦੌਰਾਨ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਪੰਚਾਇਤੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ਿਆਂ ਦੇ ਮੁੱਦੇ ’ਤੇ ਆਪਸ ਵਿਚ ਖਹਿਬੜ ਪਏ। ਸੁਖਪਾਲ ਖਹਿਰਾ ਅੱਜ ਇਸ ਮਾਮਲੇ ’ਤੇ ਘਿਰੇ ਘਿਰੇ ਨਜ਼ਰ ਆਏ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਫ਼ਾਈ ਦੇਣ ਦਾ ਮੌਕਾ ਵੀ ਨਹੀਂ ਮਿਲ ਸਕਿਆ। ਲੰਘੇ ਕੱਲ੍ਹ ਸੁਖਪਾਲ ਖਹਿਰਾ ਨੇ ਲਵਲੀ ’ਵਰਸਿਟੀ ਦੇ ਮਾਲਕਾਂ ਤੇ ਐਮ.ਪੀ ਅਸ਼ੋਕ ਮਿੱਤਲ ਅਤੇ ਐਮ.ਪੀ ਸੰਤ ਬਲਬੀਰ ਸਿੰਘ ਸੀਚੇਵਾਲ ’ਤੇ ਪੰਚਾਇਤੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਦਾ ਇਲਜ਼ਾਮ ਲਾਇਆ ਸੀ। ਬਹਿਸ ਦੌਰਾਨ ਮੌਕਾ ਮਿਲਦਿਆਂ ਹੀ ਅੱਜ ਪੰਚਾਇਤ ਮੰਤਰੀ ਧਾਲੀਵਾਲ ਨੇ ਲਵਲੀ ’ਵਰਸਿਟੀ ਦੇ ਮਾਮਲੇ ਵਿਚ ਕਿਹਾ ਕਿ ਇਸ ਵਰਸਿਟੀ ਵੱਲੋਂ ਚਹੇੜੂ ਪਿੰਡ ਦੀ ਪੰਚਾਇਤ ਨਾਲ 2016 ਵਿਚ ਜ਼ਮੀਨ ਦਾ ਵਟਾਂਦਰਾ ਕਰ ਲਿਆ ਸੀ ਅਤੇ ਇਸ ਵੇਲੇ ਰਸਤਿਆਂ ਆਦਿ ਦੀ ਤਿੰਨ ਕਨਾਲ ਜ਼ਮੀਨ ਬਾਕੀ ਰਹਿ ਗਈ ਹੈ, ਇਸ ਤੋਂ ਜ਼ਿਆਦਾ ਹੋਵੇ, ਖਹਿਰਾ ਜੋ ਮਰਜ਼ੀ ਸਜ਼ਾ ਦੇਣ, ਉਹ ਮੰਨਣਗੇ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਵੱਲੋਂ ਪਿੰਡ ਜਾਮੇਵਾਲ ਦੀ ਜਿਸ ਪੰਚਾਇਤੀ ਜ਼ਮੀਨ ’ਤੇ ਗਊਸ਼ਾਲਾ ਆਦਿ ਚਲਾਈ ਜਾ ਰਹੀ ਹੈ, ਉਸ ਨੂੰ ਸੀਚੇਵਾਲ ਨੇ ਸਰਕਾਰ ਨੂੰ ਦੇਣ ਦੀ ਪੇਸ਼ਕਸ਼ ਕਰ ਦਿੱਤੀ ਹੈ।

ਧਾਲੀਵਾਲ ਨੇ ਖਹਿਰਾ ’ਤੇ ਵਾਰ ਕਰਦਿਆਂ ਕਿਹਾ ਕਿ ਸੁਖਪਾਲ ਖਹਿਰਾ ਦੇ ਸ਼ਰੀਕੇ ਵਾਲਿਆਂ ਨੇ ਖਹਿਰਾ ਦੇ ਜੱਦੀ ਪਿੰਡ ਰਾਮਗੜ੍ਹ ਵਿਚ ਹੀ ਪੰਚਾਇਤ ਦੀ ਜ਼ਮੀਨ ਨੱਪੀ ਹੋਈ ਹੈ ਅਤੇ ਖਹਿਰਾ ਇਸ ਜ਼ਮੀਨ ਨੂੰ ਛੁਡਾਉਣ। ਖਹਿਰਾ ਇਸ ਗੱਲੋਂ ਤੋਂ ਤੈਸ਼ ਵਿਚ ਆ ਗਏ, ਜਿਸ ਜ਼ਮੀਨ ਦੀ ਗੱਲ ਕਰਦੇ ਹੋ, ਉਹ ਫ਼ਤਿਹ ਸਿੰਘ ਲੁਬਾਣਾ ਕੋਲ ਹੈ ਅਤੇ ਕੇਸ ਐਫ.ਸੀ.ਆਰ ਕੋਲ ਚੱਲ ਰਿਹਾ ਹੈ। ਧਾਲੀਵਾਲ ਨੇ ਮੌਕੇ ’ਤੇ ਕਾਗ਼ਜ਼ ਪੇਸ਼ ਕਰਦਿਆਂ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਖਹਿਰਾ ਨੇ ਕਿਹਾ ਕਿ ਉਨ੍ਹਾਂ ਦੇ ਪੁਰਖਿਆਂ ਨੇ ਖ਼ੁਦ 21 ਏਕੜ ਜ਼ਮੀਨ ਗੁਰੂ ਘਰ ਨੂੰ ਦਾਨ ਕੀਤੀ ਸੀ। ਖਹਿਰਾ ਇਨ੍ਹਾਂ ਇਲਜ਼ਾਮਾਂ ਦਾ ਜੁਆਬ ਦੇਣ ਲਈ ਸਪੀਕਰ ਤੋਂ ਸਮਾਂ ਮੰਗਦੇ ਰਹੇ ਅਤੇ ਇਨ੍ਹਾਂ ਦੋਸ਼ਾਂ ਨੇ ਖਹਿਰਾ ਨੂੰ ਕਾਫ਼ੀ ਪ੍ਰੇਸ਼ਾਨ ਕੀਤਾ। ਸੁਖਪਾਲ ਖਹਿਰਾ ਨੇ ਸਪੀਕਰ ਨੂੰ ਅਪੀਲ ਕੀਤੀ ਕਿ ਸਦਨ ਦੀ ਇੱਕ ਕਮੇਟੀ ਬਣਾ ਦਿੱਤੀ ਜਾਵੇ ਜੋ ਲਵਲੀ ਵਰਸਿਟੀ, ਸੀਚੇਵਾਲ ਦੇ ਕਬਜ਼ੇ ਹੇਠਲੀ ਜ਼ਮੀਨ ਅਤੇ ਉਨ੍ਹਾਂ ਦੇ ਜੱਦੀ ਪਿੰਡ ਰਾਮਗੜ੍ਹ ਵਿਚਲੀ ਜ਼ਮੀਨ ਦੀ ਜਾਂਚ ਕਰੇ। ਖਹਿਰਾ ਨੇ ਕਿਹਾ ਕਿ ਉਹ ਕਿਸੇ ਵੀ ਪੜਤਾਲ ਦਾ ਸਾਹਮਣਾ ਕਰਨਾ ਵਾਸਤੇ ਤਿਆਰ ਹਨ।

ਲਿੰਕ ਸੜਕਾਂ ਤੋਂ ਕਬਜ਼ੇ ਹਟਾਉਣ ਲਈ ਨਵਾਂ ਕਾਨੂੰਨ ਛੇਤੀ: ਧਾਲੀਵਾਲ

ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪ੍ਰਸ਼ਨ ਕਾਲ ਦੌਰਾਨ ਅੱਜ ਲਿੰਕ ਸੜਕਾਂ ਦੇ ਕਿਨਾਰਿਆਂ ’ਤੇ ਨਾਜਾਇਜ਼ ਕਬਜ਼ਿਆਂ ਅਤੇ ਰਜਿਸਟਰੀਆਂ ਲਈ ਲਾਜ਼ਮੀ ਕਰਾਰ ਦਿੱਤੀ ਐਨਓਸੀ ਦਾ ਮਾਮਲਾ ਛਾਇਆ ਰਿਹਾ। ਅੱਜ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਪੇਂਡੂ ਲਿੰਕ ਸੜਕਾਂ ਦੇ ਕਿਨਾਰਿਆਂ ਨੂੰ ਕੱਟਣ ਤੇ ਪੁੱਟਣ ਦੇ ਮਾਮਲੇ ਦੇ ਜਵਾਬ ਵਿਚ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਲਿੰਕ ਸੜਕਾਂ ਦੇ ਬਰਮ ਅਕਸਰ ਲੋਕ ਕੱਟ ਲੈਂਦੇ ਹਨ ਅਤੇ ਇਨ੍ਹਾਂ ’ਤੇ ਨਾਜਾਇਜ਼ ਕਬਜ਼ੇ ਹੋ ਜਾਂਦੇ ਹਨ। ਉਹ ਇਸ ਬਾਰੇ ਕੋਈ ਨਵਾਂ ਕਾਨੂੰਨ ਲਿਆਉਣ ਬਾਰੇ ਵਿਚਾਰ ਕਰਨਗੇ ਤਾਂ ਕਿ ਕਾਬਜ਼ਕਾਰਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਅਜਿਹਾ ਕੋਈ ਕਾਨੂੰਨ ਨਹੀਂ ਕਿ ਸੜਕਾਂ ਦੇ ਕਿਨਾਰਿਆਂ ਨੂੰ ਬਚਾਇਆ ਜਾ ਸਕੇ। ਵਿਧਾਇਕ ਬਣਾਂਵਾਲੀ ਨੇ ਕਿਹਾ ਕਿ ਨਾਜਾਇਜ਼ ਕਬਜ਼ਿਆਂ ਕਰਕੇ ਲਿੰਕ ਸੜਕਾਂ ਤੰਗ ਹੋ ਗਈਆਂ ਹਨ ਜਿਸ ਕਰਕੇ ਸੜਕ ਹਾਦਸੇ ਵਾਪਰਨ ਲੱਗੇ ਹਨ। ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਇੱਕ ਦਫ਼ਾ ਡਿਪਟੀ ਕਮਿਸ਼ਨਰ ਮਾਨਸਾ ਨੇ ਮੁਹਿੰਮ ਚਲਾ ਕੇ ਲਿੰਕ ਸੜਕਾਂ ਤੋਂ ਕਬਜ਼ੇ ਹਟਾਏ ਸਨ। ਅਕਾਲੀ ਵਿਧਾਇਕ ਮਨਪ੍ਰੀਤ ਇਯਾਲੀ ਨੇ ਮਸ਼ਵਰਾ ਦਿੱਤਾ ਕਿ ਸ਼ਨਾਖਤ ਲਈ ਲਿੰਕ ਸੜਕਾਂ ’ਤੇ ਬੁਰਜੀਆਂ ਲਾਈਆਂ ਜਾਣ। ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਮੰਤਰੀ ਅਨਮੋਲ ਗਗਨ ਮਾਨ ਨੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਦੋਰਾਹਾ ਸਥਿਤ ਮੁਗ਼ਲ ਸਰਾਏ ਨੂੰ ਟੂਰਿਜ਼ਮ ਵਜੋਂ ਵਿਕਸਿਤ ਕਰਨ ਲਈ 31 ਅਗਸਤ 2023 ਤੱਕ ਕੰਮ ਮੁਕੰਮਲ ਹੋਣ ਦੀ ਸੰਭਾਵਨਾ ਹੈ। ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਦੇ ਸੁਆਲ ਦੇ ਜੁਆਬ ’ਚ ਕਿਹਾ ਕਿ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਨਿਗਮ ਦੇ ਪ੍ਰਬੰਧਕੀ ਖ਼ਰਚਿਆਂ ਲਈ ਕੇਂਦਰ ਨੂੰ 500 ਕਰੋੜ ਦੀ ਤਜਵੀਜ਼ ਭੇਜੀ ਗਈ ਹੈ। ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਵਰਤੋਂ ਸਰਟੀਫਿਕੇਟ ਨਹੀਂ ਦਿੱਤੇ ਜਿਸ ਕਰਕੇ ਇਹ ਫ਼ੰਡ ਰੁਕੇ ਹਨ। ਸਿਹਤ ਮੰਤਰੀ ਡਾ.ਬਲਵੀਰ ਸਿੰਘ ਨੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਜਵਾਬ ’ਚ ਕਿਹਾ ਕਿ ਸੀਐਚਸੀ ਦੂਧਨਸਾਧਾਂ ਨੂੰ ਅਪਗਰੇਡ ਕਰਨ ਦੀ ਕੋਈ ਯੋਜਨਾ ਨਹੀਂ ਹੈ। ਫ਼ਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਤਰਸਯੋਗ ਹਾਲਤ ’ਚ ਰਹਿ ਰਹੇ ਫਰੀਡਮ ਫਾਈਟਰਾਂ ਦਾ ਮਾਮਲਾ ਚੁੱਕਿਆ।