ਹਰਿਆਣਾ ਕਮੇਟੀ ਨੇ ਪਿਹੋਵਾ ਦੇ ਤਿੰਨ ਗੁਰਦੁਆਰਿਆਂ ਦਾ ਪ੍ਰਬੰਧ ਸਾਂਭਿਆ

ਹਰਿਆਣਾ ਕਮੇਟੀ ਨੇ ਪਿਹੋਵਾ ਦੇ ਤਿੰਨ ਗੁਰਦੁਆਰਿਆਂ ਦਾ ਪ੍ਰਬੰਧ ਸਾਂਭਿਆ

ਪਿਹੋਵਾ- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਪਿਹੋਵਾ ਹਲਕੇ ਦੇ ਤਿੰਨ ਹੋਰ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲ ਲਿਆ ਹੈ| ਇਸ ਤੋਂ ਪਹਿਲਾਂ ਇਨ੍ਹਾਂ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਭਾਲ ਰਹੀ ਸੀ। ਸੁਪਰੀਮ ਕੋਰਟ ਤੋਂ ਮਾਨਤਾ ਮਿਲਣ ਅਤੇ ਐੱਸਜੀਪੀਸੀ ਦੀ ਨਜ਼ਰਸਾਨੀ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਐੱਚਐੱਸਜੀਪੀਸੀ ਦੇ ਮੈਂਬਰ ਹੌਲੀ-ਹੌਲੀ ਸੂਬੇ ਦੇ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲ ਰਹੇ ਹਨ। ਜਾਣਕਾਰੀ ਅਨੁਸਾਰ ਐੱਚਐੱਸਜੀਪੀਸੀ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਦੀ ਅਗਵਾਈ ਹੇਠ ਕਮੇਟੀ ਦੇ ਮੈਂਬਰ ਪਹਿਲਾਂ ਸਰਸਵਤੀ ਰੋਡ ’ਤੇ ਸਥਿਤ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਪੁੱਜੇ ਅਤੇ ਕਾਰਜਭਾਰ ਸੰਭਾਲਿਆ। ਇਸੇ ਤਰ੍ਹਾਂ ਕਮੇਟੀ ਮੈਂਬਰਾਂ ਨੇ ਪਿੰਡ ਸਿਆਣਾ ਸੈਦਾਂ ਦੇ ਗੁਰਦੁਆਰਾ ਦਮਦਮਾ ਸਾਹਿਬ ਅਤੇ ਪਿੰਡ ਕਰਾਹ ਸਾਹਿਬ ਦੇ ਗੁਰਦੁਆਰਾ ਤ੍ਰਿਵੇਣੀ ਸਾਹਿਬ ਦਾ ਚਾਰਜ ਸੰਭਾਲ ਲਿਆ। ਕਮੇਟੀ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਨੇ ਦੱਸਿਆ ਕਿ ਕਮੇਟੀ ਨੇ ਸੂਬੇ ਦੇ ਲਗਪਗ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਤੋਂ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਸੂਬੇ ਵਿੱਚ ਅਜੇ ਵੀ ਕਈ ਇਤਿਹਾਸਕ ਗੁਰਦੁਆਰੇ ਅਜਿਹੇ ਹਨ ਜਿਨ੍ਹਾਂ ਨੂੰ ਅਜੇ ਤੱਕ ਨੋਟੀਫਾਈ ਨਹੀਂ ਕੀਤਾ ਗਿਆ। ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਸਾਰੇ ਗੁਰਦੁਆਰਿਆਂ ਨੂੰ ਸੂਚਿਤ ਕੀਤਾ ਜਾਵੇਗਾ ਅਤੇ ਇਨ੍ਹਾਂ ਦਾ ਕੰਮ ਵੀ ਕਮੇਟੀ ਵੱਲੋਂ ਸੰਭਾਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਗੁਰਦੁਆਰਿਆਂ ਵਿੱਚ ਕੰਮ ਕਰਦੇ ਕਿਸੇ ਵੀ ਮੁਲਾਜ਼ਮ ਨੂੰ ਨੌਕਰੀ ਤੋਂ ਨਹੀਂ ਕੱਢਿਆ ਜਾਵੇਗਾ। ਇਸ ਮੌਕੇ ਕਾਰਜਕਾਰਨੀ ਮੈਂਬਰ ਮੋਹਨਜੀਤ ਸਿੰਘ ਪਾਣੀਪਤ, ਬੀਬੀ ਰਵਿੰਦਰ ਕੌਰ ਅਜਰਾਣਾ, ਜਸਵੰਤ ਸਿੰਘ ਦੁਨੀਆ ਮਾਜਰਾ, ਕੰਵਲਜੀਤ ਸਿੰਘ ਅਜਰਾਣਾ, ਮੁਖਤਿਆਰ ਸਿੰਘ ਸਮੇਤ ਸੰਗਤਾਂ ਹਾਜ਼ਰ ਸਨ।