ਆਬਕਾਰੀ ਨੀਤੀ ਘੁਟਾਲਾ ਕੇਸ: ਸਿਸੋਦੀਆ ਨੂੰ 20 ਤੱਕ ਤਿਹਾੜ ਜੇਲ੍ਹ ਭੇਜਿਆ

ਆਬਕਾਰੀ ਨੀਤੀ ਘੁਟਾਲਾ ਕੇਸ: ਸਿਸੋਦੀਆ ਨੂੰ 20 ਤੱਕ ਤਿਹਾੜ ਜੇਲ੍ਹ ਭੇਜਿਆ

ਸੀਬੀਆਈ ਨੇ ‘ਆਪ’ ਆਗੂ ਦਾ ਹੋਰ ਰਿਮਾਂਡ ਨਹੀਂ ਮੰਗਿਆ
ਨਵੀਂ ਦਿੱਲੀ – ਆਬਕਾਰੀ ਨੀਤੀ ਘੁਟਾਲੇ ਦੇ ਕੇਸ ’ਚ ਗ੍ਰਿਫ਼ਤਾਰ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਅੱਜ ਇਥੋਂ ਦੀ ਅਦਾਲਤ ਨੇ 20 ਮਾਰਚ ਤੱਕ ਲਈ ਤਿਹਾੜ ਜੇਲ੍ਹ ’ਚ ਭੇਜ ਦਿੱਤਾ ਹੈ।ਸਿਸੋਦੀਆ ਨੂੰ ਤਿਹਾੜ ਦੀ ਜੇਲ੍ਹ ਨੰਬਰ ਇਕ ’ਚ ਰੱਖਿਆ ਜਾਵੇਗਾ। ਸੀਬੀਆਈ ਨੇ ਅਦਾਲਤ ’ਚ ਕਿਹਾ ਕਿ ‘ਆਪ’ ਦੇ ਸੀਨੀਅਰ ਆਗੂ ਦੀ ਉਨ੍ਹਾਂ ਨੂੰ ਅਜੇ ਹੋਰ ਹਿਰਾਸਤ ਦੀ ਲੋੜ ਨਹੀਂ ਹੈ। ਸਿਸੋਦੀਆ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਉਨ੍ਹਾਂ ਨੂੰ ਵਿਸ਼ੇਸ਼ ਜੱਜ ਐੱਮ ਕੇ ਨਾਗਪਾਲ ਅੱਗੇ ਪੇਸ਼ ਕੀਤਾ ਗਿਆ ਸੀ। ਸੁਣਵਾਈ ਸ਼ੁਰੂ ਹੁੰਦੇ ਸਾਰ ਸੀਬੀਆਈ ਦੇ ਵਕੀਲ ਨੇ ਅਦਾਲਤ ’ਚ ਕਿਹਾ ਕਿ ਜਾਂਚ ਏਜੰਸੀ ਨੂੰ ਅਜੇ ਸਿਸੋਦੀਆ ਦੀ ਹੋਰ ਹਿਰਾਸਤ ਦੀ ਲੋੜ ਨਹੀਂ ਹੈ ਅਤੇ ਜੇਕਰ ਲੋੜ ਪਈ ਤਾਂ ਉਹ ਦੁਬਾਰਾ ਉਸ ਦਾ ਰਿਮਾਂਡ ਲੈ ਲੈਣਗੇ। ਸੀਬੀਆਈ ਨੇ ‘ਆਪ’ ਸਮਰਥਕਾਂ ’ਤੇ ਮਾਮਲੇ ਦੇ ਸਿਆਸੀਕਰਨ ਦਾ ਦੋਸ਼ ਲਾਇਆ ਹੈ। ਅਦਾਲਤ ਨੇ ਕਿਹਾ ਕਿ ਸੀਬੀਆਈ ਵੱਲੋਂ ਦਿੱਤੇ ਬਿਆਨ ਮਗਰੋਂ ਮੁਲਜ਼ਮ ਨੂੰ 20 ਮਾਰਚ ਤੱਕ ਲਈ ਨਿਆਂਇਕ ਹਿਰਾਸਤ ’ਚ ਭੇਜਿਆ ਜਾਂਦਾ ਹੈ। ਅਦਾਲਤ ਨੇ ਸਿਸੋਦੀਆ ਨੂੰ ਜੇਲ੍ਹ ’ਚ ਭਗਵਦ ਗੀਤਾ, ਐਨਕਾਂ, ਦਵਾਈਆਂ ਆਦਿ ਲਿਜਾਣ ਦੀ ਇਜਾਜ਼ਤ ਦਿੱਤੀ ਹੈ ਜਦਕਿ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸਿਸੋਦੀਆ ਦੀ ਵਿਪਾਸਨਾ ਧਿਆਨ ਲਗਾਉਣ ਦੀ ਬੇਨਤੀ ਬਾਰੇ ਵਿਚਾਰ ਕਰੇ। ਇਸ ਦੌਰਾਨ ‘ਆਪ’ ਨੇ ਕਿਹਾ ਹੈ ਕਿ ਸੀਬੀਆਈ ਕੋਲ ਸਿਸੋਦੀਆ ਤੋਂ ਹੋਰ ਪੁੱਛ-ਗਿੱਛ ਕਰਨ ਦਾ ਕੋਈ ਆਧਾਰ ਨਹੀਂ ਰਿਹਾ ਹੈ। ‘ਆਪ’ ਦੇ ਕੌਮੀ ਤਰਜਮਾਨ ਸੌਰਭ ਭਾਰਦਵਾਜ ਨੇ ਦਾਅਵਾ ਕੀਤਾ ਕਿ ਅਦਾਲਤ ਕੋਲ ਦੋ ਹੀ ਰਾਹ ਬਚੇ ਸਨ। ਜਾਂ ਤਾਂ ਸਿਸੋਦੀਆ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ ਜਾਂਦਾ ਜਾਂ ਉਨ੍ਹਾਂ ਦੀ ਪੁਲੀਸ ਹਿਰਾਸਤ ਵਧਾਈ ਜਾਂਦੀ। ਸੀਬੀਆਈ ਕੋਲ ਹੁਣ ਕੋਈ ਸਵਾਲ ਨਹੀਂ ਬਚੇ ਸਨ ਅਤੇ ਨਾ ਹੀ ਉਨ੍ਹਾਂ ਕੋਲ ਕੋਈ ਦਸਤਾਵੇਜ਼ੀ ਸਬੂਤ ਹੈ। ਭਾਜਪਾ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਉਸ ਦੇ ਤਰਜਮਾਨ ਟੀਵੀ ਬਹਿਸਾਂ ’ਚ ਫ਼ਰਜ਼ੀ ਦਸਤਾਵੇਜ਼ ਦਿਖਾ ਕੇ ਦਾਅਵੇ ਕਰ ਰਹੇ ਹਨ ਕਿ ਆਬਕਾਰੀ ਨੀਤੀ ’ਚ ਘੁਟਾਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਬੂਤ ਹੈ ਤਾਂ ਉਹ ਸੀਬੀਆਈ ਹਵਾਲੇ ਕਿਉਂ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਅਦਾਲਤ 10 ਮਾਰਚ ਨੂੰ ਸਿਸੋਦੀਆ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਕਰੇਗੀ ਅਤੇ ਜੇਕਰ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਤਾਂ ਨਿਆਂਇਕ ਹਿਰਾਸਤ ਆਪ ਹੀ ਖ਼ਤਮ ਹੋ ਜਾਵੇਗੀ।

ਸੀਬੀਆਈ ਨੇ ਰੱਦ ਹੋ ਚੁੱਕੀ 2021-22 ਦੀ ਸ਼ਰਾਬ ਨੀਤੀ ’ਚ ਕਥਿਤ ਭ੍ਰਿਸ਼ਟਾਚਾਰ ਦੇ ਸਬੰਧ ’ਚ ਪਿਛਲੇ ਹਫ਼ਤੇ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਸੀ।