ਜੀ-20 ਸੰਮੇਲਨ ਦੀ ਮੇਜ਼ਬਾਨੀ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ: ਭਗਵੰਤ ਮਾਨ

ਜੀ-20 ਸੰਮੇਲਨ ਦੀ ਮੇਜ਼ਬਾਨੀ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ: ਭਗਵੰਤ ਮਾਨ

ਮੁੱਖ ਮੰਤਰੀ ਨੇ ਤਿਆਰੀਆਂ ਦਾ ਜਾਇਜ਼ਾ ਲਿਆ
ਅੰਮ੍ਰਿਤਸਰ – ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਜੀ-20 ਸੰਮੇਲਨ ਅੰਮ੍ਰਿਤਸਰ ਵਿਚ ਆਪਣੇ ਨਿਰਧਾਰਤ ਪ੍ਰੋਗਰਾਮ ਅਨੁਸਾਰ ਹੋ ਰਿਹਾ ਹੈ। ਇਸ ਸਬੰਧੀ ਅਫ਼ਵਾਹਾਂ ਰਾਹੀਂ ਸਰਕਾਰ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਗਿਆ ਹੈ। ਭਗਵੰਤ ਮਾਨ ਨੇ ਅੱਜ ਸ਼ਾਮ ਇੱਥੇ ਦੌਰਾ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੂਬੇ ਵਿੱਚ 15, 17 ਅਤੇ 19, 20 ਮਾਰਚ ਨੂੰ ਹੋਣ ਵਾਲੇ ਜੀ-20 ਸੰਮੇਲਨ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਉਣ ਲਈ ਕੰਮ ਕਰਨ। ਕੌਮਾਂਤਰੀ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਇਸ ਸਮਾਗਮ ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਗਲੇ ਹਫ਼ਤੇ ਅੰਮ੍ਰਿਤਸਰ ਵਿੱਚ ਹੋਣ ਵਾਲੇ ਜੀ-20 ਸੰਮੇਲਨ ਦੇ ਕਾਰਜਕਾਰੀ ਸੈਸ਼ਨਾਂ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ। ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਇਕ ਚੰਗਾ ਮੌਕਾ ਹੈ ਕਿ ਸੂਬੇ ਵਿੱਚ ਅਜਿਹਾ ਵੱਡਾ ਸਮਾਗਮ ਕਰਵਾਉਣ ਦਾ ਮੌਕਾ ਮਿਲਿਆ ਹੈ ਪਰ ਅਫ਼ਵਾਹਾਂ ਜ਼ਰੀਏ ਪੰਜਾਬ ਨੂੰ ਬਦਨਾਮ ਕਰਨ ਵਾਲੇ ਕਦੇ ਕਾਮਯਾਬ ਨਹੀਂ ਹੋਣਗੇ। ਸ੍ਰੀ ਮਾਨ ਨੇ ਅਧਿਕਾਰੀਆਂ ਨੂੰ ਕਿਹਾ ਕਿ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਪਤਵੰਤਿਆਂ ਦੇ ਆਰਾਮਦਾਇਕ ਠਹਿਰਾਅ ਲਈ ਪੁਖ਼ਤਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮਹਿਮਾਨਾਂ ਨੂੰ ਰਵਾਇਤੀ ਪੰਜਾਬੀ ਪਕਵਾਨ ਪਰੋਸੇ ਜਾਣਗੇ ਅਤੇ ਸ਼ਾਮ ਨੂੰ ਸੱਭਿਆਚਾਰਕ ਸਮਾਗਮਾਂ ਦੌਰਾਨ ਪੰਜਾਬੀ ਸੱਭਿਆਚਾਰ ਦੀ ਝਲਕ ਵੀ ਦਿਖਾਈ ਜਾਵੇਗੀ।

ਭਗਵੰਤ ਮਾਨ ਨੇ ਦੱਸਿਆ ਕਿ ਸੂਬੇ ਵਿੱਚ ਜੀ-20 ਸੰਮੇਲਨ ਦੇ ਦੋ ਸੈਸ਼ਨ ਹੋ ਰਹੇ ਹਨ, ਪਹਿਲਾ ਸੈਸ਼ਨ 15, 16 ਅਤੇ 17 ਮਾਰਚ ਨੂੰ ਸਿੱਖਿਆ ਸਬੰਧੀ ਅਤੇ ਦੂਜਾ 19 ਤੇ 20 ਮਾਰਚ ਨੂੰ ਕਿਰਤ ਬਾਰੇ ਹੈ। ਇਹ ਸੰਮੇਲਨ ਪੰਜਾਬ ਨੂੰ ਕੌਮਾਂਤਰੀ ਪੱਧਰ ’ਤੇ ਵਪਾਰ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਉਭਾਰੇਗਾ ਅਤੇ ਸਰਕਾਰ ਨੂੰ ਨਵੇਂ ਕਾਰੋਬਾਰ ਸਥਾਪਤ ਕਰਨ ਲਈ ਆਪਣੀਆਂ ਪ੍ਰਾਪਤੀਆਂ ਤੇ ਸਹੂਲਤਾਂ ਦਿਖਾਉਣ ਲਈ ਮੰਚ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਨੂੰ ਕੌਮਾਂਤਰੀ ਸੈਰ-ਸਪਾਟੇ ਦੀ ਰਾਹ ’ਤੇ ਹੋਰ ਅੱਗੇ ਲਿਆਂਦਾ ਜਾਵੇਗਾ। ਸੂਬਾ ਸਰਕਾਰ ਇਸ ਸਮਾਗਮ ਵਿੱਚ ਹਰ ਪੰਜਾਬੀ ਨੂੰ ਸ਼ਾਮਲ ਕਰੇਗੀ ਤਾਂ ਜੋ ਸੂਬੇ ਦੀ ਅਮੀਰ ਵਿਰਾਸਤ ਆਉਣ ਵਾਲੇ ਮਹਿਮਾਨਾਂ ਨੂੰ ਵਿਖਾਈ ਜਾ ਸਕੇ। ਇਸ ਮੌਕੇ ਕਮਿਸ਼ਨਰ ਪੁਲੀਸ ਨੌਨਿਹਾਲ ਸਿੰਘ, ਆਈਜੀ ਨਰਿੰਦਰ ਭਾਰਗਵ, ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।