ਸਾਲ ਵਿੱਚ ਹੀ ਕਾਨੂੰਨ ਪ੍ਰਬੰਧ ਦਾ ਭੱਠਾ ਬੈਠਿਆ: ਚੰਨੀ

ਸਾਲ ਵਿੱਚ ਹੀ ਕਾਨੂੰਨ ਪ੍ਰਬੰਧ ਦਾ ਭੱਠਾ ਬੈਠਿਆ: ਚੰਨੀ

ਸਰਪੰਚ ਦੇ ਪੁੱਤਰ ਨੂੰ ਥੱਪੜ ਮਾਰਨ ਦੀ ਧਮਕੀ ਦੇਣ ਨੂੰ ਵਿਧਾਇਕ ਦਾ ਬਚਪਨਾ ਦੱਸਿਆ
ਸ਼ਹਿਣਾ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸਥਾਨਕ ਪੰਚਾਇਤਘਰ ’ਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਦਲਾਅ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ‘ਆਪ’ ਸਰਕਾਰ ਦੇ ਇੱਕ ਸਾਲ ਦੇ ਕਾਰਜਕਾਲ ਵਿੱਚ ਹੀ ਸੂਬੇ ਵਿੱਚ ਕਾਨੂੰਨ ਵਿਵਸਥਾ ਦਾ ਭੱਠਾ ਬੈਠ ਗਿਆ ਹੈ। ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਵੱਲੋਂ ਬੀਤੀ 27 ਜਨਵਰੀ ਨੂੰ ਸ਼ਹਿਣਾ ਵਿੱਚ ਮੁਹੱਲਾ ਕਲੀਨਿਕ ਦੇ ਉਦਘਾਟਨ ਸਮੇਂ ਸਰਪੰਚ ਦੇ ਪੁੱਤਰ ਨੂੰ ਥੱਪੜ ਮਾਰ ਕੇ ਅੰਦਰ ਕਰ ਦੇਣ ਦੀ ਦਿੱਤੀ ਧਮਕੀ ਵਾਲੇ ਮਾਮਲੇ ਸਬੰਧੀ ਸ੍ਰੀ ਚੰਨੀ ਨੇ ਕਿਹਾ, ‘ਵਿਧਾਇਕ ਨੂੰ ਬਚਪਨੇ ’ਚੋਂ ਬਾਹਰ ਆਉਣਾ ਚਾਹੀਦਾ ਹੈ। ਚੌਧਰ ਤਾਂ ਆਉਂਦੀ ਜਾਂਦੀ ਰਹਿੰਦੀ ਹੈ। ਮੈਂ ਵੀ 15 ਸਾਲ ਵਿਧਾਇਕ ਤੇ ਸੂਬੇ ਦਾ ਮੁੱਖ ਮੰਤਰੀ ਰਿਹਾ ਹਾਂ। ਜਿੱਤੇ ਹੋਏ ਵਿਧਾਇਕਾਂ ਨੂੰ ਵਿਰੋਧੀ ਪਾਰਟੀਆਂ ਦੇ ਵਰਕਰਾਂ ਨਾਲ ਰੰਜਿਸ਼ ਨਹੀਂ ਕੱਢਣੀ ਚਾਹੀਦੀ।’ ਸ੍ਰੀ ਚੰਨੀ ਨੇ ਕਿਹਾ ਕਿ ‘ਆਪ’ ਸਰਕਰ ਬਣਨ ਮਗਰੋਂ ਪਿੰਡਾਂ ਨੂੰ ਕੋਈ ਗਰਾਂਟ ਜਾਰੀ ਨਹੀਂ ਕੀਤੀ ਗਈ ਹੈ, ਜਿਸ ਕਰਕੇ ਪਿੰਡਾਂ ਵਿੱਚ ਸਾਰੇ ਵਿਕਾਸ ਕਾਰਜ ਠੱਪ ਪਏ ਹਨ। ਕਸਬਾ ਸ਼ਹਿਣਾ ’ਚ ਆਈਟੀਆਈ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਉਨ੍ਹਾਂ ਇਹ ਆਈਟੀਆਈ ਮਨਜ਼ੂਰ ਕੀਤੀ ਤੇ ਗਰਾਂਟ ਵੀ ਦਿਵਾਈ, ਪਰ ਮੌਜੂਦਾ ਸਰਕਾਰ ਨੇ ਇਹ ਆਈਟੀਆਈ ਹਾਲੇ ਤੱਕ ਸ਼ੁਰੂ ਨਹੀਂ ਕਰਵਾਈ। ਉਨ੍ਹਾਂ ਦੋਸ਼ ਲਾਇਆ ਕਿ ਸ਼ਹਿਣਾ ਪੰਚਾਇਤ ਕੋਲ ਪਿਛਲੇ ਇੱਕ ਸਾਲ ਤੋਂ ਪਈ ਡੇਢ ਕਰੋੜ ਦੀ ਗਰਾਂਟ ਵੀ ਸਰਕਾਰ ਵਰਤਣ ਨਹੀਂ ਦੇ ਰਹੀ। ਇਸ ਮੌਕੇ ਗ੍ਰਾਮ ਪੰਚਾਇਤ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨਾ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।