ਸਿਫ਼ਰ ਕਾਲ: ਪ੍ਰੈੱਸ, ਪੰਜਾਬੀ ਤੇ ਪ੍ਰਦੂਸ਼ਣ ਦੀ ਪਈ ਗੂੰਜ..!

ਸਿਫ਼ਰ ਕਾਲ: ਪ੍ਰੈੱਸ, ਪੰਜਾਬੀ ਤੇ ਪ੍ਰਦੂਸ਼ਣ ਦੀ ਪਈ ਗੂੰਜ..!

ਮੀਡੀਆ ਨਾਲ ਪੱਖਪਾਤ ਬੰਦ ਕਰਨ ਦੀ ਮੰਗ; ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ’ਤੇ ਚਿੰਤਾ ਜ਼ਾਹਰ ਕੀਤੀ
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਅੱਜ ਸਿਫ਼ਰ ਕਾਲ ਦੌਰਾਨ ਪ੍ਰੈੱਸ ਦੀ ਆਜ਼ਾਦੀ, ਪੰਜਾਬੀ ਭਾਸ਼ਾ, ਜ਼ਮੀਨਾਂ ਅਤੇ ਪ੍ਰਦੂਸ਼ਣ ਦੇ ਮੁੱਦੇ ਉੱਭਰੇ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਪੰਜਾਬੀ ਅਖ਼ਬਾਰ ਦੇ ਸੰਪਾਦਕ ਵੱਲੋਂ ਰਾਜਪਾਲ ਨੂੰ ਲਿਖੇ ਪੱਤਰ ਦੇ ਹਵਾਲੇ ਨਾਲ ਕਿਹਾ ਕਿ ਮੀਡੀਆ ਜਮਹੂਰੀਅਤ ਦਾ ਚੌਥਾ ਥੰਮ੍ਹ ਹੈ ਅਤੇ ਇਸ ਦੀ ਨਿਰਪੱਖਤਾ ਤੇ ਸੁਤੰਤਰਤਾ ਬਣੀ ਰਹਿਣੀ ਚਾਹੀਦੀ ਹੈ। ਉਨ੍ਹ: ਕਿਹਾ ਕਿ ਅੱਜ ਇਸ ਅਖ਼ਬਾਰ ਦੇ ਸੰਪਾਦਕ ਨੂੰ ਵਿਜੀਲੈਂਸ ਅਫ਼ਸਰਾਂ ਤੋਂ ਧਮਕੀਆਂ ਭਰੇ ਫ਼ੋਨ ਆ ਰਹੇ ਹਨ।

ਅਕਾਲੀ ਵਿਧਾਇਕ ਮਨਪ੍ਰੀਤ ਇਆਲੀ ਨੇ ਕਿਹਾ ਕਿ ਮੀਡੀਆ ਨਾਲ ਪੱਖਪਾਤ ਅਤੇ ਵਿਤਕਰਾ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਕੁਝ ਮੀਡੀਆ ਕਰਮੀਆਂ ਦੀ ਐਂਟਰੀ ਬੰਦ ਕੀਤੇ ਜਾਣਾ ਮੰਦਭਾਗਾ ਹੈ। ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਪੱਸ਼ਟ ਕੀਤਾ ਕਿ ਇਸ ਅਖ਼ਬਾਰ ਦੇ ਦੋ ਪੱਤਰਕਾਰਾਂ ਨੂੰ ਪਹਿਲਾਂ ਹੀ ਸੀਟਾਂ ਅਲਾਟ ਹਨ ਅਤੇ ਇੱਕ ਚੈੱਨਲ ਨੂੰ ਦੋ ਪਾਸ ਜਾਰੀ ਕਰ ਦਿੱਤੇ ਗਏ ਹਨ। ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਬੋਲਣ ਦੀ ਆਜ਼ਾਦੀ ’ਤੇ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ।

ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਨੇ ਸੂਬੇ ਦੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ ਅਤੇ ਦਿਨ ਦਿਹਾੜੇ ਕਤਲ ਹੋਣ ਲੱਗੇ ਹਨ। ਅੱਜ ਸੂਬੇ ਦੇ ਥਾਣੇ ਵੀ ਸੁਰੱਖਿਅਤ ਨਹੀਂ ਹਨ। ਸਿੱਧੂ ਮੂਸੇਵਾਲਾ ਦਾ ਕੇਸ ਹਾਲੇ ਤੱਕ ਹੱਲ ਨਹੀਂ ਹੋ ਸਕਿਆ। ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਅਦਾਲਤਾਂ ਵਿਚ ਪੰਜਾਬੀ ਭਾਸ਼ਾ ਲਾਗੂ ਕੀਤੇ ਜਾਣ ਦਾ ਮਸਲਾ ਚੁੱਕਿਆ ਜਦਕਿ ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਨੇ ਨਰਮਾ ਅਤੇ ਕਿੰਨੂ ਦੀ ਫ਼ਸਲ ਦੇ ਖ਼ਰਾਬੇ ਦੀ ਸੂਰਤ ਵਿਚ ਮਜ਼ਦੂਰਾਂ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਮੰਗੀ।

ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ‘ਆਪ’ ਦੇ ਦੋ ਸੰਸਦ ਮੈਂਬਰਾਂ ਵੱਲੋਂ ਪੰਚਾਇਤੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਕੀਤੇ ਜਾਣ ਦਾ ਮੁੱਦਾ ਚੁੱਕਿਆ।

ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕੌਮੀ ਸੜਕ ਮਾਰਗਾਂ ਵਾਸਤੇ ਐਕੁਆਇਰ ਜ਼ਮੀਨ ਦੇ ਢੁਕਵੇਂ ਮੁਆਵਜ਼ੇ ਦੀ ਗੱਲ ਰੱਖੀ। ਵਿਧਾਇਕ ਗੁਰਲਾਲ ਸਿੰਘ ਨੇ ਗੈਰਕਾਨੂੰਨੀ ਬੀਜਾਂ ਦੀ ਵਿਕਰੀ ਰੋਕਣ ਵਾਸਤੇ ਸਖ਼ਤ ਕਾਨੂੰਨ ਦੀ ਮੰਗ ਕੀਤੀ। ਡਾ.ਰਾ ਜ ਕੁਮਾਰ ਚੱਬੇਵਾਲ ਨੇ ਕਾਲੇ ਪੀਲੀਏ ਦੇ ਵੱਧ ਰਹੇ ਕੇਸਾਂ ’ਤੇ ਫ਼ਿਕਰ ਜ਼ਾਹਿਰ ਕਰਦਿਆਂ ਮੰਗ ਕੀਤੀ ਕਿ ਮੁੱਖ ਮੰਤਰੀ ਰਾਹਤ ਫ਼ੰਡ ਵਿਚੋਂ ਇਨ੍ਹਾਂ ਮਰੀਜ਼ਾਂ ਨੂੰ ਇਲਾਜ ਵਾਸਤੇ ਮਦਦ ਕੀਤੀ ਜਾਵੇ। ਪ੍ਰਿੰਸੀਪਲ ਬੁੱਧ ਰਾਮ ਨੇ ਕੈਂਸਰ ਦੇ ਮਰੀਜ਼ਾਂ ਦੇ ਨਾਲ ਸਫ਼ਰ ਕਰਨ ਵਾਲੇ ਸਹਾਇਕਾਂ ਵਾਸਤੇ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦੀ ਮੰਗ ਕੀਤੀ। ਵਿਧਾਇਕ ਕੁੰਵਰ ਵਿਜੈ ਪ੍ਰਤਾਪ ਨੇ ਅੰਮ੍ਰਿਤਸਰ ਵਿਚ ਆਵਾਰਾ ਕੁੱਤਿਆਂ ਦੀ ਸਮੱਸਿਆ ਬਾਰੇ ਗੱਲ ਕੀਤੀ। ਡੇਰਾਬੱਸੀ ਤੋਂ ਵਿਧਾਇਕ ਕੁਲਜੀਤ ਰੰਧਾਵਾ ਨੇ ਡੇਰਾਬੱਸੀ ਅਤੇ ਜ਼ੀਰਕਪੁਰ ਦੇ ਪੀਣ ਵਾਲੇ ਪਾਣੀ ਦਾ ਮਸਲਾ ਰੱਖਿਆ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਹਰੀਕੇ ਪੱਤਣ ਦਾ ਅਤੇ ਨਰੇਸ਼ ਕਟਾਰੀਆ ਨੇ ਟੁੱਟ ਚੁੱਕੇ ਖਾਲ਼ਿਆਂ ਦਾ ਮਸਲਾ ਚੁੱਕਿਆ। ਮੁਕਤਸਰ ਤੋਂ ਵਿਧਾਇਕ ਕਾਕਾ ਬਰਾੜ ਨੇ ਸੇਮ ਨਾਲਿਆਂ ਦੀ ਸਫ਼ਾਈ ਸਮੇਂ ਸਿਰ ਕੀਤੇ ਜਾਣ ਦੀ ਮੰਗ ਉਠਾਈ।