ਬਜਟ ਇਜਲਾਸ: ਮਿਹਣੋ-ਮਿਹਣੀ ਹੋਏ ਭਗਵੰਤ ਮਾਨ ਤੇ ਪ੍ਰਤਾਪ ਬਾਜਵਾ

ਬਜਟ ਇਜਲਾਸ: ਮਿਹਣੋ-ਮਿਹਣੀ ਹੋਏ ਭਗਵੰਤ ਮਾਨ ਤੇ ਪ੍ਰਤਾਪ ਬਾਜਵਾ

  • ਵਿਜੀਲੈਂਸ ਦਫ਼ਤਰ ’ਤੇ ‘ਆਪ’ ਦਾ ਝੰਡਾ ਲਾਉਣ ਦੇ ਸੁਝਾਅ ਤੋਂ ਤਿੱਖੀ ਬਹਿਸ ਦਾ ਮੁੱਢ ਬੱਝਾ * ਮੁੱਖ ਮੰਤਰੀ ਨੇ ਪੰਜਾਬ ਦਾ ਪੈਸਾ ਖਾਣ ਵਾਲਿਆਂ ਤੋਂ ਇਕ ਇਕ ਪੈਸੇ ਦਾ ਹਿਸਾਬ ਲੈਣ ਦਾ ਕੀਤਾ ਦਾਅਵਾ
    ਚੰਡੀਗੜ੍-ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਅੱਜ ਰਾਜਪਾਲ ਦੇ ਭਾਸ਼ਣ ’ਤੇ ਬਹਿਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ‘ਭ੍ਰਿਸ਼ਟਾਚਾਰ’ ਦੇ ਮੁੱਦੇ ’ਤੇ ਖਹਿਬੜ ਪਏ। ਦੋਵੇਂ ਆਗੂ ਪਹਿਲਾਂ ਮਿਹਣੋ-ਮਿਹਣੀ ਹੋਏ ਅਤੇ ਪਿੱਛੋਂ ਮਾਹੌਲ ਤਿੱਖੀ ਤਕਰਾਰ ਵਿੱਚ ਬਦਲ ਗਿਆ। ਦੋਵਾਂ ਨੇ ਇਕ ਦੂਜੇ ’ਤੇ ਜੰਮ ਕੇ ਹੱਲੇ ਬੋਲੇ। ਸਦਨ ਵਿੱਚ ਦੁਪਹਿਰ ਤੱਕ ਸ਼ਾਂਤਮਈ ਸੁਰ ’ਚ ਚੱਲ ਰਹੀ ਬਹਿਸ ਪਲਾਂ ’ਚ ਗਰਮਾ ਗਈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਦਾ ਪੈਸਾ ਖਾਣ ਵਾਲਿਆਂ ਤੋਂ ਇਕ ਇਕ ਪੈਸੇ ਦਾ ਹਿਸਾਬ ਲੈਣਗੇ। ਉਧਰ ਬਾਜਵਾ ਨੇ ਮੁੱਖ ਮੰਤਰੀ ’ਤੇ ਵਿਰੋਧੀ ਧਿਰ ਦੇ ਸਾਰੇ ਮੈਂਬਰਾਂ ਨੂੰ ਧਮਕਾਉਣ ਤੇ ਮਾੜੀ ਸ਼ਬਦਾਵਲੀ ਵਰਤਣ ਦਾ ਦੋਸ਼ ਲਾਇਆ। ਉਨ੍ਹਾਂ ਸਪੀਕਰ ਤੋਂ ਮੰਗ ਕੀਤੀ ਕਿ ਮੁੱਖ ਮੰਤਰੀ ਇਸ ਲਈ ਸਦਨ ਵਿੱਚ ਮੁਆਫ਼ੀ ਮੰਗਣ। ਬਾਜਵਾ ਨੇ ਇੱਥੋਂ ਤੱਕ ਆਖ ਦਿੱਤਾ ਕਿ ਭਵਿੱਖ ’ਚ ਕਿਸੇ ਮੈਂਬਰ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਸਿੱਧੇ ਤੌਰ ’ਤੇ ਮੁੱਖ ਮੰਤਰੀ ਜ਼ਿੰਮੇਵਾਰ ਹੋਣਗੇ। ਸੁਖਪਾਲ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਬਿਨਾਂ ਕਿਸੇ ਕੇਸ ਦੇ ਪਹਿਲਾਂ ਹੀ ਸਾਰੇ ਮੈਂਬਰਾਂ ਨੂੰ ਨਾਮਜ਼ਦ ਕਰ ਦਿੱਤਾ ਹੈ। ਅਕਾਲੀ ਦਲ, ਬਸਪਾ ਅਤੇ ਭਾਜਪਾ ਦੇ ਵਿਧਾਇਕ ਨੇ ਇਹ ਸਾਰਾ ਸਿਆਸੀ ਤਮਾਸ਼ਾ ਚੁੱਪਚਾਪ ਦੇਖਿਆ। ਵਿਰੋਧੀ ਧਿਰ ਦੀ ਗੈਰਹਾਜ਼ਰੀ ਵਿਚ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਨੇ ਦੇਰ ਸ਼ਾਮ ਤੱਕ ਰਾਜਪਾਲ ਦੇ ਭਾਸ਼ਣ ’ਤੇ ਬਹਿਸ ਬਾਰੇ ਚਰਚਾ ਕੀਤੀ।

ਇਸ ਤੋਂ ਪਹਿਲਾਂ ਕਰੀਬ ਪੌਣੇ ਇੱਕ ਵਜੇ ਮੁੱਖ ਮੰਤਰੀ ਸਦਨ ਵਿਚ ਆਏ, ਉਦੋਂ ਪ੍ਰਿੰਸੀਪਲ ਬੁੱਧ ਰਾਮ ਬਹਿਸ ’ਤੇ ਬੋਲ ਰਹੇ ਸਨ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬਹਿਸ ਮੱਠੇ ਸੁਰ ਨਾਲ ਸ਼ੁਰੂ ਕੀਤੀ ਤੇ ਕੇਂਦਰੀ ਵਿਤਕਰੇ ਖ਼ਿਲਾਫ਼ ਸਰਕਾਰ ਨਾਲ ਕਦਮ ਮਿਲਾ ਕੇ ਚੱਲਣ ਦੀ ਗੱਲ ਕੀਤੀ। ਉਨ੍ਹਾਂ ਜਿਉਂ ਹੀ ‘ਆਪ’ ਆਗੂ ਰਾਘਵ ਚੱਢਾ ਦੇ ਕੇਂਦਰੀ ਜਾਂਚ ਏਜੰਸੀਆਂ ਦੇ ਦਫ਼ਤਰਾਂ ’ਤੇ ਭਾਜਪਾ ਦਾ ਝੰਡਾ ਲਗਾਉਣ ਦੇ ਟਵੀਟ ਦੇ ਹਵਾਲੇ ਨਾਲ ਵਿਜੀਲੈਂਸ ਦਫ਼ਤਰ ’ਤੇ ‘ਆਪ’ ਦਾ ਝੰਡਾ ਲਾਉਣ ਦੀ ਗੱਲ ਕਹੀ ਤਾਂ ਸਦਨ ਵਿੱਚ ਤਿੱਖੀ ਬਹਿਸ ਦਾ ਮੁੱਢ ਬੱਝ ਗਿਆ। ਸਦਨ ਵਿੱਚ ਬੇਰੋਕ ਚੱਲੀ ਬਹਿਸ ‘ਤੂੰ ਤੂੰ ਮੈਂ ਮੈਂ’ ਉੱਤੇ ਉੱਤਰ ਆਈ। ਮੁੱਖ ਮੰਤਰੀ ਨੇ ਤਾਂ ਬਾਜਵਾ ਅੱਗੇ ‘ਕੁਰੱਪਟ’ ਲੋਕਾਂ ਨਾਲ ਨਜਿੱਠਣ ਦਾ ਰੋਡ ਮੈਪ ਹੀ ਰੱਖ ਦਿੱਤਾ। ਦੋਵਾਂ ਨੇ ਇੱਕ ਦੂਜੇ ਉੱਤੇ ਧਮਕੀ ਦਿੱਤੇ ਜਾਣ ਦੇ ਇਲਜ਼ਾਮ ਵੀ ਲਾਏ। ਮਾਨ ਨੇ ਤਿੱਖੇ ਅੰਦਾਜ਼ ’ਚ ਕਿਹਾ ਕਿ ਜਨਤਾ ਦੇ ਪੈਸੇ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਚਾਹੇ ਕੋਈ ਵੀ ਹੋਵੇ। ਉਨ੍ਹਾਂ ਕਿਹਾ ਕਿ ਜਦੋਂ ਅਮਰਿੰਦਰ ਸਿੰਘ 40 ਜਣਿਆਂ ਦੀ ਸੂਚੀ ਸੋਨੀਆ ਗਾਂਧੀ ਕੋਲ ਲੈ ਕੇ ਗਏ ਸਨ ਤਾਂ ਅੱਗਿਓਂ ਪਾਰਟੀ ਦੀ ਬਦਨਾਮੀ ਦੇ ਡਰੋਂ ਚੁੱਪ ਕਰਾ ਦਿੱਤਾ ਗਿਆ ਸੀ। ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਦੀ ਬਦਨਾਮੀ ਦੀ ਕਿਸੇ ਨੇ ਪ੍ਰਵਾਹ ਨਹੀਂ ਕੀਤੀ। ਜਦੋਂ ਮੁੱਖ ਮੰਤਰੀ ਨੇ ਵਿਰੋਧੀ ਧਿਰ ਦੇ ਬੈਂਚਾਂ ਵੱਲ ਇਸ਼ਾਰਾ ਕਰ ਕੇ ਕਿਹਾ ਕਿ ‘ਤੁਸੀਂ ਆਪਣੀ ਪਾਰਟੀ ਬਚਾ ਲਓ, ਪਹਿਲੀ ਕਤਾਰ ਵਾਲੇ ਜਾਖੜ, ਮਨਪ੍ਰੀਤ ਬਾਦਲ, ਫਤਹਿਜੰਗ ਬਾਜਵਾ, ਕਾਂਗੜ ਤੇ ਬਲਬੀਰ ਸਿੱਧੂ ਅੱਜ ਕਿੱਥੇ ਨੇ।’ ਅੱਗਿਓਂ ਬਾਜਵਾ ਨੇ ਆਖ ਦਿੱਤਾ ਕਿ ‘ਚੰਦ ਦਿਨ ਹੀ ਲੱਗਣੇ ਨੇ, ਦਿੱਲੀ ਆਲ਼ੇ ਤੁਹਾਡੇ ਗੁਆਂਢ ਬਹਿਣ ਵਾਲੇ ਨੇ ਤੇ ਤੁਸੀਂ ਵੀ ਆਪਣੀ ਤਿਆਰੀ ਰੱਖੋ।’ ਮੁੱਖ ਮੰਤਰੀ ਨੇ ਇਸ ’ਤੇ ਕਿਹਾ ਕਿ ‘ਸਾਡੀ ਕਮੀਜ਼ ’ਤੇ ਕੋਈ ਧੱਬੇ ਨਹੀਂ’। ਜਵਾਬ ’ਚ ਬਾਜਵਾ ਨੇ ਕਿਹਾ ਕਿ ‘ਤੁਹਾਡੀ ਕਮੀਜ਼ ਹੀ ਪਾਟ ਜਾਣੀ ਹੈ।’ ਸਰਾਰੀ ਦਾ ਮੁੱਦਾ ਉੱਠਿਆ ਤਾਂ ਮਾਨ ਨੇ ਕਿਹਾ ਕਿ ‘ਜਾਂਚ ’ਚ ਸਮਾਂ ਤਾਂ ਲੱਗਦਾ ਹੀ, ਸਬਰ ਕਰੋ, ਸਭ ਦੀ ਵਾਰੀ ਆਵੇਗੀ, ਪੰਜਾਬ ਦੇ ਇੱਕ ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ।’ ਬਾਜਵਾ ਨੇ ਰੇਤਾ ਬਜਰੀ ’ਚੋਂ 20 ਹਜ਼ਾਰ ਕਰੋੜ ਦੀ ਕਮਾਈ ਦੇ ਦਾਅਵੇ ’ਤੇ ਸੁਆਲ ਚੁੱਕਿਆ ਤਾਂ ਅੱਗਿਓਂ ਮੁੱਖ ਮੰਤਰੀ ਨੇ ਕਿਹਾ ਕਿ ‘ਕਿਹੜੇ ਕਿਹੜੇ ਮਾਫ਼ੀਆ ਫੜੇ ਨੇ, ਚਿੱਠੇ ਵੱਡੇ ਵੱਡੇ ਨੇ, ਚੰਨੀ ਦਾ ਵੀ ਨਾਮ ਹੈ।’ ਮੁੱਖ ਮੰਤਰੀ ਨੇ ਬਾਜਵਾ ਨੂੰ ਕਿਹਾ ਕਿ ‘ਤੁਸੀਂ ਭ੍ਰਿਸ਼ਟਾਚਾਰੀਆਂ ਨੂੰ ਬਚਾ ਰਹੇ ਹੋ।’ ਮੁੱਖ ਮੰਤਰੀ ਨੇ ਕਾਂਗਰਸੀ ਨੇਤਾ ਰਣਦੀਪ ਸੁਰਜੇਵਾਲਾ ਦੇ ਇਕ ਬਿਆਨ ਦੇ ਹਵਾਲੇ ਨਾਲ ਕਿਹਾ ਕਿ ‘ਤੁਸੀਂ ਚਾਹੇ ਬੀਜੇਪੀ ’ਚ ਚਲੇ ਜਾਓ, ਕੋਈ ਬਖ਼ਸ਼ਿਆ ਨਹੀਂ ਜਾਵੇਗਾ।’ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਰਾਜਸਥਾਨ ਤੇ ਛੱਤੀਸਗੜ੍ਹ ਵਿਚ ਕਾਂਗਰਸੀ ਸਰਕਾਰਾਂ ਨੇ ਅਡਾਨੀ ਨੂੰ ਠੇਕੇ ਦੇ ਰੱਖੇ ਹਨ। ਬਾਜਵਾ ਨੇ ਕਿਹਾ ਕਿ ‘ਇੱਥੇ ਤੁਸੀਂ ਰੇਤ ਦੇ ਠੇਕੇ ਦੇ ਰੱਖੇ ਹਨ।’ ਮਾਹੌਲ ਉਦੋਂ ਭਖ ਗਿਆ ਜਦੋਂ ਬਾਜਵਾ ਦੇ ਪਿੱਛੇ ਸੁਖਪਾਲ ਸਿੰਘ ਖਹਿਰਾ ਖੜ੍ਹੇ ਹੋ ਕੇ ਬੋਲਣ ਲੱਗੇ। ਸੱਤਾਧਾਰੀ ਬੈਂਚ ਤੋਂ ਸਾਰੇ ਵਿਧਾਇਕ ਤੇ ਵਜ਼ੀਰ ਖਹਿਰਾ ਨੂੰ ਇਕਦਮ ਪੈ ਨਿਕਲੇ ਅਤੇ ਮੁੱਖ ਮੰਤਰੀ ਨੇ ਕਿਹਾ ਕਿ ‘ਖਹਿਰਾ ਟਵੀਟੋ ਟਵੀਟੀ ਖੇਡ ਲਵੇ, ਇਸ ਨਾਲ ਕੋਈ ਗੱਲ ਨਹੀਂ’। ਸਪੀਕਰ ਕੁਲਤਾਰ ਸਿੰਘ ਸੰਧਵਾਂ ਵਾਰ ਵਾਰ ਰੋਕਦੇ ਰਹੇ। ਅਖੀਰ ਜਦੋਂ ਮਾਹੌਲ ਸ਼ਾਂਤ ਹੋਇਆ ਤਾਂ ਬਾਜਵਾ ਮੁੜ ਬੋਲਣ ਲੱਗੇ। ਸਪੀਕਰ ਨੇ ਕਿਹਾ ਕਿ ਦੁਪਹਿਰ ਦੇ ਖਾਣੇ ਦਾ ਸਮਾਂ ਹੋ ਗਿਆ ਹੈ ਤੇ ਜਵਾਬ ’ਚ ਬਾਜਵਾ ਨੇ ਕਿਹਾ ਕਿ ‘ਮਾਹੌਲ ਤੋਂ ਤਾਂ ਹੁਣ ਕੋਈ ਲੰਚ ਵਾਲਾ ਪ੍ਰੋਗਰਾਮ ਲੱਗਦਾ ਨਹੀਂ।’ ਦੁਪਹਿਰ ਦੇ ਖਾਣੇ ਮਗਰੋਂ ਢਾਈ ਵਜੇ ਮੁੜ ਸਦਨ ’ਚ ਪ੍ਰਤਾਪ ਸਿੰਘ ਬਾਜਵਾ ਬੋਲਣ ਲੱਗੇ। ਬਾਜਵਾ ਨੇ ਸਪਸ਼ਟ ਲਫ਼ਜ਼ਾਂ ’ਚ ਆਖ ਦਿੱਤਾ ਕਿ ‘ਅੱਜ ਮੁੱਖ ਮੰਤਰੀ ਵੱਲੋਂ ਵਿਰੋਧੀ ਧਿਰ ਦੇ ਸਾਰੇ ਮੈਂਬਰਾਂ ਵੱਲ ਇਸ਼ਾਰਾ ਕਰਕੇ ਧਮਕੀ ਦਿੱਤੀ ਗਈ ਹੈ ਅਤੇ ਮਾੜੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਗਿਆ ਹੈ। ਮੁੱਖ ਮੰਤਰੀ ਦਾ ਲਹਿਜ਼ਾ ਧਮਕੀ ਵਾਲਾ ਸੀ।’ ਬਾਜਵਾ ਨੇ ਮੰਗ ਕੀਤੀ ਕਿ ਜਿੰਨਾ ਸਮਾਂ ਮੁੱਖ ਮੰਤਰੀ ਸਦਨ ਵਿਚ ਆ ਕੇ ਮੁਆਫ਼ੀ ਨਹੀਂ ਮੰਗ ਲੈਂਦੇ, ਉਸ ਸਮੇਂ ਤੱਕ ਉਨ੍ਹਾਂ ਦਾ ਸਦਨ ’ਚ ਬੈਠਣਾ ਔਖਾ ਹੈ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਸ਼ਬਦ ਵਾਪਸ ਲੈਣ। ਉਨ੍ਹਾਂ ਇੱਥੋਂ ਤੱਕ ਆਖ ਦਿੱਤਾ ਕਿ ਭਵਿੱਖ ’ਚ ਕਿਸੇ ਮੈਂਬਰ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਸਿੱਧੇ ਤੌਰ ’ਤੇ ਮੁੱਖ ਮੰਤਰੀ ਜ਼ਿੰਮੇਵਾਰ ਹੋਣਗੇ। ਸੁਖਪਾਲ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਪਹਿਲਾਂ ਹੀ ਸਾਰੇ ਮੈਂਬਰਾਂ ਨੂੰ ਨਾਮਜ਼ਦ ਕਰ ਦਿੱਤਾ। ਸਪੀਕਰ ਸੰਧਵਾ ਨੇ ਮੁੱਖ ਮੰਤਰੀ ਤਰਫ਼ੋਂ ਸਫ਼ਾਈ ਦੇਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਰੋਹ ਵਿਚ ਵਿਰੋਧੀ ਧਿਰ ਸਪੀਕਰ ਦੇ ਆਸਣ ਦੇ ਸਾਹਮਣੇ ਆ ਗਈ। ਸਪੀਕਰ ਨੂੰ ਕਹਿਣਾ ਪਿਆ ਕਿ ਉਹ ਸਦਨ ਦੀ ਕਾਰਵਾਈ ਦੀ ਰਿਕਾਰਡਿੰਗ ਤੋਂ ਤਸਦੀਕ ਕਰ ਲੈਣਗੇ ਪ੍ਰੰਤੂ ਵਿਰੋਧੀ ਧਿਰ ਨਾ ਮੰਨੀ। ਅਖੀਰ ਸਪੀਕਰ ਨੂੰ ਸਦਨ ਤਿੰਨ ਵਜੇ ਤੱਕ ਮੁਲਤਵੀ ਕਰਨਾ ਪਿਆ। ਜਦੋਂ ਸਦਨ ਮੁੜ ਜੁੜਿਆ ਤਾਂ ਉਦੋਂ ਨਾ ਤਾਂ ਮੁੱਖ ਮੰਤਰੀ ਵਾਪਸ ਆਏ ਅਤੇ ਨਾ ਹੀ ਵਿਰੋਧੀ ਧਿਰ ਦਾ ਕੋਈ ਆਗੂ ਆਇਆ। ਵਿਰੋਧੀ ਧਿਰ ਦੀ ਗੈਰਹਾਜ਼ਰੀ ਵਿਚ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਨੇ ਦੇਰ ਸ਼ਾਮ ਤੱਕ ਰਾਜਪਾਲ ਦੇ ਭਾਸ਼ਣ ’ਤੇ ਬਹਿਸ ਬਾਰੇ ਚਰਚਾ ਕੀਤੀ। ਵਿਧਾਇਕ ਜੀਵਨਜੋਤ ਕੌਰ ਨੇ ਬਹਿਸ ਦੇ ਸ਼ੁਰੂ ਵਿਚ ਪ੍ਰਸਤਾਵ ਪੇਸ਼ ਕੀਤਾ ਅਤੇ ਕਿਹਾ ਕਿ ਰਾਜਪਾਲ ਵਿਰੋਧੀਆਂ ਦੀਆਂ ਹਲਕੀਆਂ ਗੱਲਾਂ ਵਿਚ ਨਹੀਂ ਆਏ।

ਪ੍ਰਿੰਸੀਪਲ ਬੁੱਧ ਰਾਮ ਨੇ ਬੇਅਦਬੀ ਮਾਮਲੇ, ਗੈਂਗਸਟਰਾਂ ਦੇ ਖ਼ਾਤਮੇ, ਸਿੰਗਾਪੁਰ ਸਿਖਲਾਈ ਲਈ ਭੇਜੇ ਪ੍ਰਿੰਸੀਪਲਾਂ ਦੀ ਗੱਲ ਕੀਤੀ। ਵਿਧਾਇਕ ਜਗਰੂਪ ਗਿੱਲ, ਹਲਕਾ ਲੰਬੀ ਤੋਂ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ, ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਵਣਾਂਵਾਲੀ, ਸਰਵਜੀਤ ਕੌਰ ਮਾਣੂਕੇ, ਮਨਜੀਤ ਬਿਲਾਸਪੁਰ, ਕੁਲਜੀਤਪਾਲ ਰੰਧਾਵਾ, ਸ਼ੈਰੀ ਕਲਸੀ, ਜਗਦੀਪ ਗੋਲਡੀ ਆਦਿ ਨੇ ਸਰਕਾਰ ਦੀਆਂ ਪ੍ਰਾਪਤੀਆਂ ਦੀ ਗੱਲ ਕੀਤੀ ਜਦੋਂ ਕਿ ਬਸਪਾ ਵਿਧਾਇਕ ਨਛੱਤਰਪਾਲ, ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਅਤੇ ਅਕਾਲੀ ਵਿਧਾਇਕ ਡਾ.ਸੁਖਵਿੰਦਰ ਕੁਮਾਰ ਨੇ ਸਰਕਾਰ ਦੇ ਕੰਮਕਾਰ ’ਤੇ ਉਂਗਲ ਉਠਾਈ।