ਆਟਾ-ਦਾਲ ਸਕੀਮ – ਪੰਜਾਬ ਸਰਕਾਰ ਵੱਲੋਂ 88 ਹਜ਼ਾਰ ਰਾਸ਼ਨ ਕਾਰਡ ਰੱਦ

ਆਟਾ-ਦਾਲ ਸਕੀਮ – ਪੰਜਾਬ ਸਰਕਾਰ ਵੱਲੋਂ 88 ਹਜ਼ਾਰ ਰਾਸ਼ਨ ਕਾਰਡ ਰੱਦ

ਸਾਢੇ ਤਿੰਨ ਲੱਖ ਲੋਕਾਂ ਨੂੰ ਨਹੀਂ ਮਿਲੇਗਾ ਰਾਸ਼ਨ; ਯੋਗ ਕਾਰਡ ਹੋਲਡਰਾਂ ’ਚ ਹਲਚਲ ਮੱਚੀ

ਚੰਡੀਗੜ੍ਹ- ‘ਆਪ’ ਸਰਕਾਰ ਨੇ ਪੰਜਾਬ ’ਚ ਸਾਢੇ ਤਿੰਨ ਲੱਖ ਲੋਕਾਂ ਨੂੰ ‘ਆਟਾ-ਦਾਲ ਸਕੀਮ’ ਦਾ ਮੁਫ਼ਤ ਰਾਸ਼ਨ ਦੇਣਾ ਬੰਦ ਕਰ ਦਿੱਤਾ ਹੈ। ਖ਼ੁਰਾਕ ਤੇ ਸਪਲਾਈ ਵਿਭਾਗ ਨੇ ਪਿਛਲੇ ਦਿਨਾਂ ਵਿੱਚ ਸਮਾਰਟ ਰਾਸ਼ਨ ਸਕੀਮ (ਆਟਾ ਦਾਲ ਸਕੀਮ) ਦੇ 88,064 ਰਾਸ਼ਨ ਕਾਰਡ ਰੱਦ ਕਰ ਦਿੱਤੇ ਹਨ ਜਿਸ ਕਰ ਕੇ ਹੁਣ 3,59,926 ਲਾਭਪਾਤਰੀਆਂ ਨੂੰ ਸਰਕਾਰੀ ਰਾਸ਼ਨ ਨਹੀਂ ਮਿਲੇਗਾ। ‘ਆਪ’ ਸਰਕਾਰ ਨੇ ਆਟਾ-ਦਾਲ ਸਕੀਮ ਦੇ ਰਾਸ਼ਨ ਕਾਰਡਾਂ ਦੀ ਪੜਤਾਲ ਸ਼ੁਰੂ ਕੀਤੀ ਹੋਈ ਹੈ। ਜਿਹੜੇ ਰਾਸ਼ਨ ਕਾਰਡ ਹੋਲਡਰ ਅਯੋਗ ਪਾਏ ਜਾ ਰਹੇ ਹਨ, ਉਨ੍ਹਾਂ ਦੇ ਰਾਸ਼ਨ ਕਾਰਡ ਪੋਰਟਲ ਵਿੱਚੋਂ ਡਿਲੀਟ ਕੀਤੇ ਜਾ ਰਹੇ ਹਨ।

ਵੇਰਵਿਆਂ ਅਨੁਸਾਰ ਖ਼ੁਰਾਕ ਤੇ ਸਪਲਾਈ ਵਿਭਾਗ ਕੋਲ ਡਿਪਟੀ ਕਮਿਸ਼ਨਰਾਂ ਤੋਂ ਪੜਤਾਲ ਦੀ 3 ਮਾਰਚ ਤੱਕ ਦੀ ਪੁੱਜੀ ਰਿਪੋਰਟ (ਜਿਸ ਦੀ ਕਾਪੀ ਪੰਜਾਬੀ ਟ੍ਰਿਬਿਊਨ ਕੋਲ ਮੌਜੂਦ ਹੈ) ਅਨੁਸਾਰ ਪੰਜਾਬ ਵਿੱਚ ਕੁੱਲ 40.68 ਲੱਖ ਰਾਸ਼ਨ ਕਾਰਡ ਹਨ। ਇਨ੍ਹਾਂ ਵਿੱਚੋਂ 37.79 ਲੱਖ ਕਾਰਡਾਂ ਦੀ ਪੜਤਾਲ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਜੋ 92.89 ਫ਼ੀਸਦੀ ਬਣਦਾ ਹੈ। ਇਸ ਪੜਤਾਲ ’ਚ 3.30 ਲੱਖ ਰਾਸ਼ਨ ਕਾਰਡ ਅਯੋਗ ਪਾਏ ਗਏ ਹਨ ਜੋ ਸ਼ਰਤਾਂ ਪੂਰੀਆਂ ਨਹੀਂ ਕਰਦੇ ਸਨ। ਅਯੋਗ ਰਾਸ਼ਨ ਕਾਰਡਾਂ ਵਿੱਚੋਂ 88,064 ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ।

ਪੰਜਾਬ ’ਚ ਇਨ੍ਹਾਂ ਰਾਸ਼ਨ ਕਾਰਡਾਂ ਦੇ ਕੱਟੇ ਜਾਣ ਤੋਂ ਹਲਚਲ ਮੱਚ ਗਈ ਹੈ ਅਤੇ ਵਿਰੋਧੀ ਧਿਰਾਂ ਨੇ ਇਸ ਮਾਮਲੇ ’ਤੇ ਸਰਕਾਰ ਨੂੰ ਨਿਸ਼ਾਨੇ ’ਤੇ ਲੈਣਾ ਸ਼ੁਰੂ ਕਰ ਦਿੱਤਾ ਹੈ। ਜਿੱਥੇ ਯੋਗ ਰਾਸ਼ਨ ਕਾਰਡ ਕੱਟੇ ਗਏ ਹਨ, ਉੱਥੇ ਸਰਕਾਰ ਖ਼ਿਲਾਫ਼ ਰੋਸ ਵਧਣ ਲੱਗਾ ਹੈ। ਜਿਹੜੇ ਰਸੂਖਵਾਨਾਂ ਦੇ ਰਾਸ਼ਨ ਕਾਰਡ ਕੱਟੇ ਹਨ, ਉਨ੍ਹਾਂ ਤੋਂ ਲੋਕ ਖ਼ੁਸ਼ ਵੀ ਹਨ। ਬਹੁਤੇ ਅਯੋਗ ਕਾਰਡ ਹੋਲਡਰ ਉਹ ਹਨ ਜਿਨ੍ਹਾਂ ਦੇ ਕੋਠੀਆਂ ਕਾਰਾਂ ਹਨ। ਇਸ ਪੜਤਾਲ ’ਚ ਬਹੁਤਾ ਰਗੜਾ ਗ਼ਰੀਬ ਲੋਕਾਂ ਨੂੰ ਲੱਗ ਗਿਆ ਹੈ। ਕਈ ਜ਼ਿਲ੍ਹਿਆਂ ਵਿੱਚ ਮੁੜ ਪੜਤਾਲ ਲਈ ਵੀ ਦਬਾਅ ਪੈ ਰਿਹਾ ਹੈ। ਇਹ ਮੁੱਦਾ ਸਰਕਾਰ ’ਤੇ ਭਾਰੂ ਪੈ ਸਕਦਾ ਹੈ। ਪੜਤਾਲ ਰਿਪੋਰਟ ਅਨੁਸਾਰ ਤਰਨ ਤਾਰਨ ਜ਼ਿਲ੍ਹੇ ’ਚ ਔਸਤਨ ਹਰ ਚੌਥਾ ਰਾਸ਼ਨ ਕਾਰਡ ਹੀ ਅਯੋਗ ਪਾਇਆ ਗਿਆ ਹੈ। ਇਸ ਜ਼ਿਲ੍ਹੇ ਵਿੱਚ 1.41 ਲੱਖ ਕਾਰਡਾਂ ਦੀ ਪੜਤਾਲ ਹੋਈ ਹੈ ਜਿਸ ਵਿੱਚੋਂ 36,982 (26.08 ਫ਼ੀਸਦੀ) ਅਯੋਗ ਨਿਕਲੇ ਹਨ। ਦੂਸਰੇ ਨੰਬਰ ’ਤੇ ਜ਼ਿਲ੍ਹਾ ਲੁਧਿਆਣਾ ਹੈ ਜਿੱਥੇ 46 ਹਜ਼ਾਰ ਰਾਸ਼ਨ ਕਾਰਡ ਅਯੋਗ ਪਾਏ ਗਏ ਹਨ। ਤੀਜਾ ਨੰਬਰ ਜ਼ਿਲ੍ਹਾ ਬਠਿੰਡਾ ਹੈ ਜਿੱਥੇ ਦੋ ਲੱਖ ਕਾਰਡਾਂ ਦੀ ਪੜਤਾਲ ’ਚ 31,219 ਰਾਸ਼ਨ ਕਾਰਡ ਅਯੋਗ ਪਾਏ ਗਏ ਹਨ ਜੋ 15.34 ਫ਼ੀਸਦੀ ਬਣਦੇ ਹਨ। ਇਵੇਂ ਹੀ ਰੋਪੜ ਜ਼ਿਲ੍ਹੇ ਵਿੱਚ 13.11 ਫ਼ੀਸਦੀ, ਫ਼ਤਿਹਗੜ੍ਹ ਸਾਹਿਬ ਵਿੱਚ 12.98 ਫ਼ੀਸਦੀ, ਫ਼ਰੀਦਕੋਟ ਵਿੱਚ 13.42 ਫ਼ੀਸਦੀ, ਮੁਹਾਲੀ ਜ਼ਿਲ੍ਹੇ ਵਿੱਚ 11.14 ਫ਼ੀਸਦੀ, ਮਾਨਸਾ ਜ਼ਿਲ੍ਹੇ ਵਿੱਚ 9.99 ਫ਼ੀਸਦੀ, ਫ਼ਿਰੋਜ਼ਪੁਰ ਵਿੱਚ 9.05 ਫ਼ੀਸਦੀ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ 9.74 ਫ਼ੀਸਦੀ ਰਾਸ਼ਨ ਕਾਰਡ ਅਯੋਗ ਪਾਏ ਹਨ। ਦੂਸਰੇ ਬੰਨ੍ਹੇ ਕੱਟੇ ਗਏ ਰਾਸ਼ਨ ਕਾਰਡਾਂ ’ਤੇ ਨਜ਼ਰ ਮਾਰੀਏ ਤਾਂ ਜ਼ਿਲ੍ਹਾ ਲੁਧਿਆਣਾ ਵਿਚ ਸਭ ਤੋਂ ਵੱਧ 29,725 ਰਾਸ਼ਨ ਕਾਰਡ ਰੱਦ ਕੀਤੇ ਗਏ ਹਨ ਜਦੋਂ ਕਿ ਰੋਪੜ ਜ਼ਿਲ੍ਹੇ ਵਿੱਚ 8567 ਕਾਰਡ ਕੱਟੇ ਗਏ ਹਨ। ਇਸ ਤੋਂ ਇਲਾਵਾ ਮੋਗਾ ਜ਼ਿਲ੍ਹੇ ਵਿੱਚ 7445 ਕਾਰਡ, ਹੁਸ਼ਿਆਰਪੁਰ ਵਿੱਚ 6155, ਬਠਿੰਡਾ ਵਿੱਚ 6063 ਅਤੇ ਪਠਾਨਕੋਟ ਵਿੱਚ 4596 ਰਾਸ਼ਨ ਕਾਰਡ ਰੱਦ ਕੀਤੇ ਗਏ ਹਨ। ਪਤਾ ਲੱਗਾ ਹੈ ਕਿ ਕਰੀਬ ਅੱਠ ਲੱਖ ਲਾਭਪਾਤਰੀਆਂ ਅਯੋਗ ਪਾਏ ਹਨ ਜਿਨ੍ਹਾਂ ਵਿੱਚੋਂ 3.59 ਲੱਖ ਲਾਭਪਾਤਰੀਆਂ ਦਾ ਰਾਸ਼ਨ ਬੰਦ ਕਰ ਦਿੱਤਾ ਗਿਆ ਹੈ। ਚੇਤੇ ਰਹੇ ਕਿ ਕੇਂਦਰ ਸਰਕਾਰ ਨੇ ਕੁਝ ਸਮਾਂ ਪਹਿਲਾਂ ਪੰਜਾਬ ’ਤੇ ਕਰੀਬ 11 ਫ਼ੀਸਦੀ ਦਾ ਕੱਟ ਲਾ ਦਿੱਤਾ ਸੀ ਕਿਉਂਕਿ ਕੇਂਦਰ ਵੱਲੋਂ ਨਿਸ਼ਚਿਤ ਕੋਟੇ ਤੋਂ ਲਾਭਪਾਤਰੀਆਂ ਦੀ ਗਿਣਤੀ ਪੰਜਾਬ ਵਿੱਚ ਕਿਤੇ ਜ਼ਿਆਦਾ ਹੈ।

ਯੋਗ ਕੇਸਾਂ ’ਤੇ ਮੁੜ ਵਿਚਾਰ ਕਰਾਂਗੇ: ਕਟਾਰੂਚੱਕ

ਖ਼ੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਕਹਿਣਾ ਸੀ ਕਿ ਜਿੱਥੇ ਕਿਤੇ ਯੋਗ ਰਾਸ਼ਨ ਕਾਰਡ ਕੱਟੇ ਗਏ ਹਨ, ਉਨ੍ਹਾਂ ’ਤੇ ਮੁੜ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਰੀਬ ਤਿੰਨ ਲੱਖ ਲਾਭਪਾਤਰੀਆਂ ਦੇ ਨਾਮ ਕੱਟੇ ਗਏ ਹਨ ਅਤੇ ਪੜਤਾਲ ਦਾ ਕੰਮ ਦਸ ਦਿਨਾਂ ਦੇ ਅੰਦਰ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋੜਵੰਦਾਂ ਨੂੰ ਸਕੀਮ ਤੋਂ ਬਾਹਰ ਨਹੀਂ ਰੱਖਿਆ ਜਾਵੇਗਾ।