ਜਥੇਦਾਰ ਵੱਲੋਂ ਅੰਮ੍ਰਿਤਪਾਲ ਨਾਲ ਬੰਦ ਕਮਰਾ ਮੀਟਿੰਗ

ਜਥੇਦਾਰ ਵੱਲੋਂ ਅੰਮ੍ਰਿਤਪਾਲ ਨਾਲ ਬੰਦ ਕਮਰਾ ਮੀਟਿੰਗ

ਅਜਨਾਲਾ ਮਾਮਲੇ ਸਬੰਧੀ ਬਣਾਈ ਕਮੇਟੀ ਬਾਰੇ ਕੋਈ ਗੱਲਬਾਤ ਨਾ ਹੋਣ ਦਾ ਕੀਤਾ ਦਾਅਵਾ
ਅੰਮ੍ਰਿਤਸਰ – ਅਜਨਾਲਾ ਥਾਣੇ ਸਾਹਮਣੇ ਵਾਪਰੀ ਹਿੰਸਕ ਘਟਨਾ ਕਾਰਨ ਵਿਵਾਦਾਂ ਵਿੱਚ ਘਿਰੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਅੱਜ ਇੱਥੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੀਟਿੰਗ ਕੀਤੀ। ਇਸ ਤੋ ਪਹਿਲਾਂ ਅੰਮ੍ਰਿਤਪਾਲ ਸਿੰਘ ਨੇ ਆਪਣੇ ਸਮਰਥਕਾਂ ਸਮੇਤ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ। ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਅਜਨਾਲਾ ਮਾਮਲੇ ਸਬੰਧੀ ਬਣਾਈ ਕਮੇਟੀ ਬਾਰੇ ਕੋਈ ਗੱਲਬਾਤ ਨਹੀਂ ਹੋਈ। ਇਸ ਦੌਰਾਨ ਪੰਜਾਬ ਦੇ ਹਾਲਾਤ ਅਤੇ ਸਿੱਖ ਨੌਜਵਾਨੀ ਸਮੇਤ ਪੰਥਕ ਮਾਮਲੇ ਵਿਚਾਰੇ ਗਏ ਹਨ।

ਅਕਾਲ ਤਖਤ ਦੇ ਸਕੱਤਰੇਤ ਵਿੱਚ ਲਗਪਗ ਡੇਢ-ਦੋ ਘੰਟੇ ਚੱਲੀ ਇਸ ਮੀਟਿੰਗ ਬਾਰੇ ਦੋਵਾਂ ਧਿਰਾਂ ਵੱਲੋਂ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਦਿੱਤੀ ਗਈ ਪਰ ਮੀਟਿੰਗ ਮਗਰੋਂ ਅੰਮ੍ਰਿਤਪਾਲ ਸਿੰਘ ਨੇ ਇਸ ਬਾਰੇ ਸੰਖੇਪ ਗੱਲਬਾਤ ਕਰਦਿਆਂ ਆਖਿਆ ਕਿ ਅੱਜ ਦੀ ਮੀਟਿੰਗ ਵਿੱਚ ਪੰਥਕ ਮਸਲਿਆਂ ਅਤੇ ਪੰਜਾਬ ਦੀ ਨੌਜਵਾਨੀ ਬਾਰੇ ਗੱਲਬਾਤ ਹੋਈ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖਤ ਵੱਲੋਂ ਧਰਨਿਆਂ ਅਤੇ ਰੋਸ ਮੁਜ਼ਾਹਰਿਆਂ ਵਾਲੀਆਂ ਥਾਵਾਂ ’ਤੇ ਪਾਵਨ ਸਰੂਪ ਲਿਜਾਣ ਸੰਬਧੀ ਅਕਾਲ ਤਖਤ ਵੱਲੋਂ ਕਾਇਮ 15 ਮੈਂਬਰੀ ਕਮੇਟੀ ਮਾਮਲੇ ਬਾਰੇ ਕੋਈ ਚਰਚਾ ਨਹੀ ਹੋਈ। ਉਨ੍ਹਾਂ ਕਿਹਾ ਕਿ ਜਥੇਦਾਰ ਨਾਲ ਹੋਈ ਗੱਲਬਾਤ ਨੂੰ ਮੀਡੀਆ ਵਿੱਚ ਸਿਰਫ ਇੱਥੋਂ ਤਕ ਹੀ ਸੀਮਤ ਰੱਖਣਾ ਚਾਹੀਦਾ ਹੈ। ਇਸ ਮੀਟਿੰਗ ਵਿੱਚ ਨੀਤੀਗਤ ਮਾਮਲਿਆਂ ਬਾਰੇ ਕੋਈ ਚਰਚਾ ਨਹੀਂ ਹੋਈ। ਮਿਲੇ ਵੇਰਵਿਆਂ ਮੁਤਾਬਕ ਦੋਵਾਂ ਸਿੱਖ ਆਗੂਆਂ ਨੇ ਲੰਮਾ ਸਮਾਂ ਗੱਲਬਾਤ ਕੀਤੀ। ਦੋਵਾਂ ਨੇ ਇਕੱਠੇ ਲੰਗਰ ਵੀ ਛਕਿਆ।

ਥਾਣਾ ਅਜਨਾਲਾ ਵਿੱਚ ਵਾਪਰੀ ਹਿੰਸਕ ਘਟਨਾ ਸਮੇਂ ਪਾਵਨ ਸਰੂਪ ਨਾਲ ਲਿਜਾ ਕੇ ਹੋਈ ਮਰਿਆਦਾ ਦੀ ਉਲੰਘਣਾ ਬਾਰੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਹ ਸਿਧਾਂਤਕ ਤੌਰ ’ਤੇ ਠੀਕ ਹਨ। ਜੇ ਉਨ੍ਹਾਂ ਨੂੰ ਕੋਈ ਗ਼ਲਤ ਸਾਬਤ ਕਰ ਦੇਵੇ ਤਾਂ ਉਹ ਹਰ ਸਜ਼ਾ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਜੇ ਇਸ ਬਾਰੇ ਅਕਾਲ ਤਖਤ ਵੱਲੋਂ ਉਨ੍ਹਾਂ ਨੂੰ ਬੁਲਾਇਆ ਜਾਵੇਗਾ ਤਾਂ ਉਹ ਜ਼ਰੂਰ ਪੇਸ਼ ਹੋਣਗੇ। ਸ੍ਰੀ ਹਰਿਮੰਦਰ ਸਾਹਿਬ ਵਿੱਚ ਹਥਿਆਰ ਲੈ ਕੇ ਆਉਣ ਬਾਰੇ ਉਨ੍ਹਾਂ ਕਿਹਾ ਕਿ ਸਿੱਖੀ ਵਿੱਚ ਮੀਰੀ-ਪੀਰੀ ਦਾ ਸਿਧਾਂਤ ਹੈ। ਸ੍ਰੀ ਅਕਾਲ ਤਖਤ ਵਿੱਚ ਸ਼ਸਤਰਾਂ ਨੂੰ ਸਤਿਕਾਰਤ ਸਥਾਨ ਦਿੱਤਾ ਗਿਆ ਹੈ।

ਪੰਜਾਬ ਵਿੱਚ ਰਹਿਣਾ ਮੇਰਾ ਹੱਕ: ਅੰਮ੍ਰਿਤਪਾਲ ਸਿੰਘ

ਮੀਟਿੰਗ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਪੰਜਾਬੀ ਹਨ ਅਤੇ ਪੰਜਾਬ ਵਿਚ ਰਹਿਣਾ ਉਨ੍ਹਾਂ ਦਾ ਹੱਕ ਹੈ। ਪੰਜਾਬ ਲਈ ਉਨ੍ਹਾਂ ਦੇ ਪੁਰਖਿਆਂ ਨੇ ਖੂਨ ਦਿੱਤਾ ਹੈ। ਉਨ੍ਹਾਂ ਕਿਹਾ, ‘‘ਮੈਂ ਪੰਜਾਬ ਛੱਡ ਕੇ ਕਿਉਂ ਜਾਵਾਂ। ਜੇ ਕਿਸੇ ਨੂੰ ਇਤਰਾਜ਼ ਹੈ ਤਾਂ ਉਹ ਪੰਜਾਬ ਛੱਡ ਕੇ ਜਾਵੇ।’’ ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਹਾਲ ਹੀ ਵਿੱਚ ਭਾਰਤੀ ਨਾਗਰਿਕ ਹੋਣ ਤੋਂ ਇਨਕਾਰ ਕੀਤਾ ਸੀ, ਜਿਸ ਤੋਂ ਬਾਅਦ ਇਹ ਵਿਵਾਦ ਉਠਿਆ ਸੀ ਕਿ ਜੇ ਉਹ ਭਾਰਤੀ ਨਹੀਂ ਤਾਂ ਉਹ ਇਸ ਦੇਸ਼ ਵਿੱਚ ਕੀ ਕਰ ਰਹੇ ਹਨ।