ਯੂਥ ਕਾਂਗਰਸ ਵੱਲੋਂ ਚੀਨ ਖ਼ਿਲਾਫ਼ ਮੁਜ਼ਾਹਰਾ

ਯੂਥ ਕਾਂਗਰਸ ਵੱਲੋਂ ਚੀਨ ਖ਼ਿਲਾਫ਼ ਮੁਜ਼ਾਹਰਾ

ਨਵੀਂ ਦਿੱਲੀ- ਭਾਰਤੀ ਯੂਥ ਕਾਂਗਰਸ ਨੇ ਅੱਜ ਚੀਨ ਦੇ ਵਿਦੇਸ਼ ਮੰਤਰੀ ਕਿਨ ਗੈਂਗ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਵਿਰੋਧ ਪ੍ਰਦਰਸ਼ਨ ਕੀਤਾ। ਉਹ ਜੀ-20 ਮੀਟਿੰਗ ਵਿੱਚ ਸ਼ਾਮਲ ਹੋਣ ਲਈ ਭਾਰਤ ਆਏ ਹੋਏ ਹਨ। ਇਸ ਮੌਕੇ ਭਾਰਤੀ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ ਬੀਵੀ ਨੇ ਕਿਹਾ ਕਿ ਚੀਨੀ ਫੌਜ ਵੱਲੋਂ ਭਾਰਤ ਦੀ ਧਰਤੀ ’ਤੇ ਕੀਤੇ ਗਏ ਕਬਜ਼ੇ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਕਦੋਂ ਚੀਨ ਖ਼ਿਲਾਫ਼ ਕਾਰਵਾਈ ਕਰਨਗੇ। ਇਸ ਦੌਰਾਨ ਇੰਡੀਅਨ ਯੂਥ ਕਾਂਗਰਸ ਦੇ ਕਈ ਕਾਰਕੁਨ ਡਾਕਟਰ ਰਾਜਿੰਦਰ ਪ੍ਰਸਾਦ ਰੋਡ ’ਤੇ ਧਰਨਾ ਦੇਣ ਲਈ ਪਹੁੰਚੇ ਪਰ ਦਿੱਲੀ ਪੁਲੀਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਕਈ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਕੌਮੀ ਪ੍ਰਧਾਨ ਨੇ ਕਿਹਾ ਕਿ ਚੀਨ ਨੇ ਭਾਰਤ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਜੀ-20 ਮੀਟਿੰਗ ਵਿੱਚ ਸ਼ਾਮਲ ਹੋਣ ਲਈ ਭਾਰਤ ਆਏ ਚੀਨ ਦੇ ਵਿਦੇਸ਼ ਮੰਤਰੀ ਕਿਨ ਗੈਂਗ ਨੂੰ ਸਾਡਾ ਸਪੱਸ਼ਟ ਸੰਦੇਸ਼ ਹੈ ਕਿ ਚੀਨ ਵੱਲੋਂ ਜ਼ਬਰਦਸਤੀ ਕਬਜ਼ੇ ਵਿੱਚ ਕੀਤੀ ਗਈ ਭਾਰਤ ਦੀ ਪਵਿੱਤਰ ਧਰਤੀ ਨੂੰ ਛੱਡਿਆ ਜਾਵੇ। ਉਨ੍ਹਾਂ ਕਿਹਾ ਕਿ ਸ਼ਾਂਤੀ ਸਮਝੌਤੇ ਨੂੰ ਤੋੜਦਾ ਹੋਇਆ ਚੀਨ ਜ਼ਬਰਦਸਤੀ ਸਾਡੀ ਸਰਹੱਦ ਵਿੱਚ ਦਾਖ਼ਲ ਹੋ ਗਿਆ ਹੈ। ਸਾਡਾ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਚੀਨ ਭਾਰਤ ਦੀ ਜ਼ਮੀਨ ਖਾਲੀ ਨਹੀਂ ਕਰ ਦਿੰਦਾ। ਸ੍ਰੀਨਿਵਾਸ ਨੇ ਕਿਹਾ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਮੋਦੀ ਲਾਲ ਅੱਖਾਂ ਦਿਖਾਉਣ ਦੀ ਗੱਲ ਕਰਦੇ ਹਨ ਤੇ ਦੂਜੇ ਪਾਸੇ ਮੋਦੀ ਅਤੇ ਉਨ੍ਹਾਂ ਦੇ ਮੰਤਰੀ ਚੀਨ ਅੱਗੇ ਆਤਮ ਸਮਰਪਣ ਕਰ ਰਹੇ ਹਨ। ਭਾਰਤੀ ਯੂਥ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਤੇ ਦਿੱਲੀ ਦੇ ਇੰਚਾਰਜ ਕੋਕੋ ਪਾਧੀ ਨੇ ਵੀ ਇਸ ਮੌਕੇ ਸੰਬੋਧਨ ਕੀਤਾ।