ਰੂਸੀ ਹਮਲੇ ’ਚ ਤਿੰਨ ਹਲਾਕ, ਛੇ ਜ਼ਖ਼ਮੀ

ਰੂਸੀ ਹਮਲੇ ’ਚ ਤਿੰਨ ਹਲਾਕ, ਛੇ ਜ਼ਖ਼ਮੀ

ਹਮਲਿਆਂ ਨਾਲ ਲੋਕਾਂ ਨੂੰ ਦਹਿਸ਼ਤ ’ਚ ਰੱਖਣਾ ਚਾਹੁੰਦੈ ਰੂਸ: ਜ਼ੈਲੇਂਸਕੀ
ਕੀਵ- ਦੱਖਣ-ਪੂਰਬੀ ਯੂਕਰੇਨ ਦੇ ਸ਼ਹਿਰ ਦੀ ਪੰਜ ਮੰਜ਼ਿਲਾ ਇਮਾਰਤ ’ਤੇ ਰੂਸੀ ਮਿਜ਼ਾਈਲ ਹਮਲੇ ’ਚ ਤਿੰਨ ਵਿਅਕਤੀ ਹਲਾਕ ਅਤੇ ਛੇ ਹੋਰ ਜ਼ਖ਼ਮੀ ਹੋ ਗਏ ਹਨ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਕਿਹਾ ਕਿ ਹਨੇਰੇ ’ਚ ਕੀਤੇ ਗਏ ਹਮਲੇ ਦੌਰਾਨ ਇਮਾਰਤ ਦੀਆਂ ਕਈ ਮੰਜ਼ਿਲਾਂ ਤਬਾਹ ਹੋ ਗਈਆਂ ਹਨ। ਹੰਗਾਮੀ ਸੇਵਾਵਾਂ ਨੇ ਆਨਲਾਈਨ ਬਿਆਨ ’ਚ ਕਿਹਾ ਕਿ ਉਨ੍ਹਾਂ ਹੁਣ ਤੱਕ 11 ਵਿਅਕਤੀਆਂ ਨੂੰ ਬਚਾਅ ਲਿਆ ਹੈ। ਜ਼ੈਲੇਂਸਕੀ ਨੇ ਕਿਹਾ ਕਿ ਰੂਸ ਲੋਕਾਂ ਨੂੰ ਰੋਜ਼ਾਨਾ ਦਹਿਸ਼ਤ ’ਚ ਪਾਈ ਰਖਣਾ ਚਾਹੁੰਦਾ ਹੈ।

ਉਧਰ ਬਖਮੁਤ ’ਤੇ ਕਬਜ਼ੇ ਨੂੰ ਲੈ ਕੇ ਤਿੱਖੀ ਜੰਗ ਹੋ ਰਹੀ ਹੈ। ਯੂਕਰੇਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਰਣਨੀਤਕ ਤੌਰ ’ਤੇ ਇਲਾਕੇ ’ਚੋਂ ਪਿੱਛੇ ਹਟ ਸਕਦੇ ਹਨ। ਯੂਕਰੇਨ ਦੇ ਜਨਰਲ ਸਟਾਫ਼ ਨੇ ਕਿਹਾ ਕਿ ਰੂਸੀ ਫ਼ੌਜ ਲਗਾਤਾਰ ਸ਼ਹਿਰ ਵੱਲ ਅੱਗੇ ਵਧ ਰਹੀ ਹੈ ਪਰ ਕੀਵ ਦੀ ਫ਼ੌਜ ਨੇ ਉਨ੍ਹਾਂ ਦੇ ਕੁਝ ਹਮਲਿਆਂ ਨੂੰ ਰੋਕ ਦਿੱਤਾ ਹੈ। ਦੋਨੇਤਸਕ ਦੇ ਖੇਤਰੀ ਗਵਰਨਰ ਪਾਵਲੋ ਕਿਰੀਲੇਂਕੋ ਨੇ ਕਿਹਾ ਕਿ ਬਖਮੁਤ ’ਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਬਖਮੁਤ ਸ਼ਹਿਰ ’ਤੇ ਕਬਜ਼ੇ ਨਾਲ ਰੂਸੀ ਫ਼ੌਜ ਨੂੰ ਕੁਝ ਢਾਰਸ ਮਿਲੇਗਾ ਪਰ ਸਪਲਾਈ ਲਾਈਨਾਂ ਟੁੱਟੀਆਂ ਹੋਣ ਕਾਰਨ ਰੂਸੀ ਫ਼ੌਜ ਯੂਕਰੇਨ ਦੇ ਕਬਜ਼ੇ ਵਾਲੇ ਹੋਰ ਇਲਾਕਿਆਂ ਵੱਲ ਵਧ ਸਕਦੀ ਹੈ।