ਯੂਕਰੇਨ ਸ਼ਾਂਤੀ ਅਮਲ ’ਚ ਯੋਗਦਾਨ ਪਾਉਣ ਲਈ ਭਾਰਤ ਤਿਆਰ: ਮੋਦੀ

ਯੂਕਰੇਨ ਸ਼ਾਂਤੀ ਅਮਲ ’ਚ ਯੋਗਦਾਨ ਪਾਉਣ ਲਈ ਭਾਰਤ ਤਿਆਰ: ਮੋਦੀ

ਇਤਾਲਵੀ ਪ੍ਰਧਾਨ ਮੰਤਰੀ ਵੱਲੋਂ ਭਾਰਤ ਨੂੰ ਰੂਸ-ਯੂਕਰੇਨ ਵਿਵਾਦ ਦੇ ਹੱਲ ਲਈ ‘ਕੇਂਦਰੀ ਭੂਮਿਕਾ’ ਨਿਭਾਉਣ ਦਾ ਸੱਦਾ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ, ਯੂਕਰੇਨ ਸੰਘਰਸ਼ ਦਾ ਹੱਲ ਲੱਭਣ ਲਈ ਵਿੱਢੇ ਸਾਂਤੀ ਅਮਲ ਵਿੱਚ ਯੋਗਦਾਨ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਧਰ ਸ੍ਰੀ ਮੋਦੀ ਦੀ ਇਤਾਲਵੀ ਹਮਰੁਤਬਾ ਜੌਰਜੀਆ ਮੈਲੋਨੀ ਨੇ ਰੂਸ-ਯੂਕਰੇਨ ਵਿਵਾਦ ਦੇ ਹੱਲ ਲਈ ਨਵੀਂ ਦਿੱਲੀ ਨੂੰ ‘ਕੇਂਦਰੀ ਭੂਮਿਕਾ’ ਨਿਭਾਉਣ ਦਾ ਸੱਦਾ ਦਿੱਤਾ। ਭਾਰਤ ਦੇ ਸਰਕਾਰੀ ਦੌਰੇ ’ਤੇ ਆਈ ਮੈਲੋਨੀ ਨੇ ਰੂਸੀ ਹਥਿਆਰਬੰਦ ਬਲਾਂ ਵੱਲੋਂ ਬਿਨਾਂ ਕਿਸੇ ਭੜਕਾਹਟ ਤੋਂ ਵਿਖਾਏ ਹਮਲਾਵਰ ਰੁਖ਼ ਦੀ ਨਿਖੇਧੀ ਕੀਤੀ। ਦੋਵਾਂ ਆਗੂਆਂ ਨੇ ਦੁਵੱਲੇ, ਖੇਤਰੀ ਤੇ ਆਲਮੀ ਮੁੱਦਿਆਂ ’ਤੇ ਵਿਚਾਰ ਵਟਾਂਦਰੇ ਦੇ ਨਾਲ ਰੂਸ-ਯੂਕਰੇਨ ਵਿਵਾਦ ਬਾਰੇ ਵੀ ਚਰਚਾ ਕੀਤੀ। ਸ੍ਰੀ ਮੋਦੀ ਨੇ ਯੂਕਰੇਨ ਸੰਕਟ ਬਾਰੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ ਜਦੋਂ ਜੀ-20 ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਨਵੀਂ ਦਿੱਲੀ ਵਿੱਚ ਮੀਟਿੰਗ ਹੋ ਰਹੀ ਹੈ। ਸ੍ਰੀ ਮੋਦੀ ਨੇ ਆਪਣੇ ਇਤਾਲਵੀ ਹਮਰੁਤਬਾ ਦੀ ਹਾਜ਼ਰੀ ਵਿੱਚ ਪੱਤਰਕਾਰਾਂ ਨੂੰ ਕਿਹਾ, ‘‘ਰੂਸ-ਯੂਕਰੇਨ ਵਿਵਾਦ ਦੀ ਸ਼ੁਰੂਆਤ ਤੋਂ ਹੀ ਭਾਰਤ ਨੇ ਸਪਸ਼ਟ ਕਰ ਦਿੱਤਾ ਸੀ ਕਿ ਇਸ ਝਗੜੇ ਨੂੰ ਸਿਰਫ਼ ਸੰਵਾਦ ਤੇ ਕੂਟਨੀਤੀ ਜ਼ਰੀਏ ਹੀ ਹੱਲ ਕੀਤਾ ਜਾ ਸਕਦਾ ਹੈ। ਭਾਰਤ ਕਿਸੇ ਵੀ ਸ਼ਾਂਤੀ ਅਮਲ ਵਿਚ ਯੋਗਦਾਨ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।’’ ਇਤਾਲਵੀ ਪ੍ਰਧਾਨ ਮੰਤਰੀ ਮੈਲੋਨੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਭਾਰਤ ਜੀ-20 ਦੀ ਆਪਣੀ ਪ੍ਰਧਾਨਗੀ ਦੌਰਾਨ ਯੂਕਰੇਨ ਵਿੱਚ ਦੁਸ਼ਮਣੀ ਖਤਮ ਕਰਨ ਅਤੇ ਨਿਆਂਪੂਰਨ ਸ਼ਾਂਤੀ ਦੇ ਅਮਲ ਨੂੰ ਸੌਖਾ ਬਣਾਉਣ ਅਤੇ ਗੱਲਬਾਤ ਕਰਨ ਵਿੱਚ ਕੇਂਦਰੀ ਭੂਮਿਕਾ ਨਿਭਾ ਸਕਦਾ ਹੈ। ਸਾਂਝੇ ਬਿਆਨ ਵਿੱਚ ਇਟਲੀ ਨੇ ਰੂਸੀ ਹਥਿਆਰਬੰਦ ਬਲਾਂ ਵੱਲੋਂ ਯੂਕਰੇਨ ਖਿਲਾਫ਼ ਵਿਖਾਏ ਹਮਲਾਵਰ ਰੁਖ਼ ਦੀ ਜ਼ੋਰਦਾਰ ਢੰਗ ਨਾਲ ਨਿਖੇਧੀ ਕੀਤੀ।