ਤ੍ਰਿਪੁਰਾ ਅਤੇ ਨਾਗਾਲੈਂਡ ’ਚ ਮੁੜ ਭਾਜਪਾ ਗੱਠਜੋੜ ਦੀ ਸਰਕਾਰ

ਤ੍ਰਿਪੁਰਾ ਅਤੇ ਨਾਗਾਲੈਂਡ ’ਚ ਮੁੜ ਭਾਜਪਾ ਗੱਠਜੋੜ ਦੀ ਸਰਕਾਰ

ਮੇਘਾਲਿਆ ਵਿੱਚ ਭਾਜਪਾ ਵੱਲੋਂ ਐੱਨਪੀਪੀ ਨੂੰ ਹਮਾਇਤ ਦੇਣ ਦਾ ਐਲਾਨ
ਅਗਰਤਲਾ/ਕੋਹਿਮਾ/ਸ਼ਿਲੌਂਗ-
ਉੱਤਰ-ਪੂਰਬ ਦੇ ਦੋ ਸੂਬਿਆਂ ਤ੍ਰਿਪੁਰਾ ਅਤੇ ਨਾਗਾਲੈਂਡ ’ਚ ਭਾਜਪਾ ਗੱਠਜੋੜ ਮੁੜ ਸਰਕਾਰ ਬਣਾਉਣ ’ਚ ਕਾਮਯਾਬ ਰਿਹਾ ਹੈ। ਮੇਘਾਲਿਆ ’ਚ ਐੱਨਪੀਪੀ 26 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ ਪਰ ਉਹ ਸਰਕਾਰ ਬਣਾਉਣ ਦੇ ਅੰਕੜੇ ਤੋਂ ਪੰਜ ਸੀਟਾਂ ਦੂਰ ਰਹੀ। ਭਾਜਪਾ ਨੇ ਕੋਨਰਾਡ ਕੇ ਸੰਗਮਾ ਦੀ ਅਗਵਾਈ ਹੇਠਲੀ ਨੈਸ਼ਨਲ ਪੀਪਲਜ਼ ਪਾਰਟੀ ਨੂੰ ਹਮਾਇਤ ਦੇਣ ਦਾ ਫ਼ੈਸਲਾ ਲਿਆ ਹੈ। ਉੱਤਰ-ਪੂਰਬੀ ਸੂਬਿਆਂ ’ਚ ਭਾਜਪਾ ਦੀ ਜਿੱਤ ਨਾਲ ਪਾਰਟੀ ਨੂੰ ਆਉਂਦੇ ਸਮੇਂ ’ਚ ਹੋਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ’ਚ ਜਿੱਤ ਲਈ ਹੱਲਾਸ਼ੇਰੀ ਮਿਲੇਗੀ। ਉਧਰ ਕਾਂਗਰਸ ਨੂੰ ਇਨ੍ਹਾਂ ਸੂਬਿਆਂ ’ਚ ਮਿਲੀ ਹਾਰ ਤੋਂ ਝਟਕਾ ਲੱਗਾ ਹੈ ਕਿਉਂਕਿ ਉਸ ਨੂੰ ਆਸ ਸੀ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਮਿਲੇ ਭਰਵੇਂ ਹੁੰਗਾਰੇ ਅਤੇ ਮਲਿਕਾਰਜੁਨ ਖੜਗੇ ਨੂੰ ਪਾਰਟੀ ਦਾ ਨਵਾਂ ਪ੍ਰਧਾਨ ਬਣਾਏ ਜਾਣ ਦਾ ਅਸਰ ਉੱਤਰ-ਪੂਰਬੀ ਸੂਬਿਆਂ ਦੀਆਂ ਚੋਣਾਂ ’ਚ ਦੇਖਣ ਨੂੰ ਮਿਲੇਗਾ ਪਰ ਇੰਜ ਨਹੀਂ ਹੋ ਸਕਿਆ।
ਤ੍ਰਿਪੁਰਾ ’ਚ ਭਾਜਪਾ-ਆਈਪੀਐੱਫਟੀ ਗੱਠਜੋੜ ਕੁੱਲ 60 ’ਚੋਂ 33 ਸੀਟਾਂ ਜਿੱਤ ਕੇ ਮੁੜ ਸੱਤਾ ’ਚ ਆਇਆ ਹੈ। ਨਵੀਂ ਬਣੀ ਪਾਰਟੀ ਟਿਪਰਾ ਮੋਥਾ ਨੇ 13, ਖੱਬੇ ਪੱਖੀ-ਕਾਂਗਰਸ ਗੱਠਜੋੜ ਨੇ 14 ਸੀਟਾਂ ਜਿੱਤੀਆਂ ਹਨ। ਤ੍ਰਿਣਮੂਲ ਕਾਂਗਰਸ ਨੇ 28 ਸੀਟਾਂ ’ਤੇ ਚੋਣ ਲੜੀ ਸੀ ਪਰ ਉਹ ਖਾਤਾ ਖੋਲ੍ਹਣ ’ਚ ਨਾਕਾਮ ਰਹੀ। ਉਸ ਦਾ ਵੋਟ ਸ਼ੇਅਰ 0.88 ਫ਼ੀਸਦ ਸੀ ਜੋ ਨੋਟਾ ਨਾਲੋਂ ਵੀ ਘੱਟ ਰਿਹਾ। ਭਾਜਪਾ ਅਤੇ ਇੰਡੀਜੀਨਸ ਪੀਪਲਜ਼ ਫਰੰਟ ਆਫ਼ ਤ੍ਰਿਪਰਾ ਦਾ ਗੱਠਜੋੜ ਲਗਾਤਾਰ ਦੂਜੀ ਵਾਰ ਸੱਤਾ ਹਾਸਲ ਕਰਨ ’ਚ ਭਾਵੇਂ ਕਾਮਯਾਬ ਰਿਹਾ ਹੈ ਪਰ ਦੋਵੇਂ ਪਾਰਟੀਆਂ ਨੂੰ 2018 ਦੇ ਮੁਕਾਬਲੇ ’ਚ ਘੱਟ ਸੀਟਾਂ ਮਿਲੀਆਂ ਹਨ। ਟਿਪਰਾ ਮੋਥਾ ਨੇ ਆਦਿਵਾਸੀ ਇਲਾਕਿਆਂ ’ਚ ਗੱਠਜੋੜ ਨੂੰ ਢਾਹ ਲਗਾਈ। ਭਗਵਾ ਪਾਰਟੀ ਨੇ 55 ਸੀਟਾਂ ’ਤੇ ਚੋਣ ਲੜੀ ਸੀ ਅਤੇ ਉਹ 32 ਸੀਟਾਂ ਜਿੱਤਣ ’ਚ ਸਫ਼ਲ ਰਹੀ। ਭਾਜਪਾ ਨੂੰ 38.97 ਫ਼ੀਸਦ ਵੋਟਾਂ ਮਿਲੀਆਂ ਹਨ।
ਆਈਪੀਐੱਫਟੀ ਨੂੰ ਸਿਰਫ਼ ਇਕ ਸੀਟ ਮਿਲੀ ਜਦਕਿ ਪੰਜ ਸਾਲ ਪਹਿਲਾਂ ਉਸ ਨੇ ਅੱਠ ਸੀਟਾਂ ਜਿੱਤੀਆਂ ਸਨ। ਸਾਲ 2018 ’ਚ ਸੱਤਾ ਤੋਂ ਲਾਂਭੇ ਹੋਈ ਸੀਪੀਐੱਮ ਨੇ ਐਤਕੀਂ 47 ’ਚੋਂ 11 ਸੀਟਾਂ ’ਤੇ ਜਿੱਤ ਹਾਸਲ ਕੀਤੀ ਜਦਕਿ ਫਾਰਵਰਡ ਬਲਾਕ, ਸੀਪੀਆਈ ਅਤੇ ਆਰਐੱਸਪੀ ਆਪਣਾ ਖਾਤਾ ਖੋਲ੍ਹਣ ’ਚ ਨਾਕਾਮ ਰਹੀਆਂ। ਸੀਪੀਐੱਮ ਨੇ 2018 ’ਚ 16 ਸੀਟਾਂ ਜਿੱਤੀਆਂ ਸਨ। ਕਾਂਗਰਸ ਨੇ ਖੱਬੇ-ਪੱਖੀ ਪਾਰਟੀਆਂ ਨਾਲ ਗੱਠਜੋੜ ਕਰਦਿਆਂ 13 ਸੀਟਾਂ ’ਤੇ ਚੋਣ ਲੜੀ ਸੀ ਅਤੇ ਉਹ ਸਿਰਫ਼ ਤਿੰਨ ਸੀਟਾਂ ਜਿੱਤਣ ’ਚ ਕਾਮਯਾਬ ਰਹੀ। ਉਧਰ ਨਾਗਾਲੈਂਡ ’ਚ ਵੀ ਹੁਕਮਰਾਨ ਐੱਨਡੀਪੀਪੀ-ਭਾਜਪਾ ਗੱਠਜੋੜ ਨੇ 60 ਮੈਂਬਰੀ ਵਿਧਾਨ ਸਭਾ ਲਈ ਹੋਈਆਂ ਚੋਣਾਂ ’ਚ 37 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਨੈਸ਼ਨਲਿਸਟ ਡੈਮੋਕਰੈਟਿਕ ਪ੍ਰੋਗਰੈਸਿਵ ਪਾਰਟੀ ਨੇ 25 ਅਤੇ ਗੱਠਜੋੜ ਭਾਈਵਾਲ ਨੇ 12 ਸੀਟਾਂ ਜਿੱਤੀਆਂ ਹਨ। ਕਾਂਗਰਸ ਇਥੇ ਖਾਤਾ ਖੋਲ੍ਹਣ ’ਚ ਨਾਕਾਮ ਰਹੀ। ਨਾਗਾ ਪੀਪਲਜ਼ ਫਰੰਟ ਨੂੰ 2, ਨੈਸ਼ਨਲਿਸਟ ਕਾਂਗਰਸ ਪਾਰਟੀ ਨੂੰ 7, ਨੈਸ਼ਨਲ ਪੀਪਲਜ਼ ਪਾਰਟੀ ਨੂੰ 5, ਆਜ਼ਾਦ 4, ਜਨਤਾ ਦਲ (ਯੂਨਾਈਟਿਡ) ਨੂੰ ਇਕ, ਰਿਪਬਲਕਿਨ ਪਾਰਟੀ ਆਫ਼ ਇੰਡੀਆ (ਅਠਾਵਲੇ) ਅਤੇ ਨੈਸ਼ਨਲ ਪੀਪਲਜ਼ ਫਰੰਟ ਨੂੰ 2-2 ਸੀਟਾਂ ਮਿਲੀਆਂ ਹਨ। ਮੇਘਾਲਿਆ ’ਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ।
ਉਂਜ ਹੁਕਮਰਾਨ ਨੈਸ਼ਨਲ ਪੀਪਲਜ਼ ਪਾਰਟੀ (ਐੱਨਪੀਪੀ) ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਅਤੇ ਉਸ ਨੇ 59 ’ਚੋਂ 26 ਸੀਟਾਂ ਜਿੱਤੀਆਂ। ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਕੇ ਸੰਗਮਾ ਨੇ ਨਵੀਂ ਸਰਕਾਰ ਬਣਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਹਮਾਇਤ ਮੰਗੀ ਹੈ। ਭਾਜਪਾ ਨੇ ਦੋ ਸੀਟਾਂ ’ਤੇ ਜਿੱਤ ਹਾਸਲ ਕੀਤੀ ਅਤੇ ਉਸ ਨੇ ਕਿਹਾ ਹੈ ਕਿ ਉਸ ਦੇ ਵਿਧਾਇਕ ਐੱਨਪੀਪੀ ਨੂੰ ਹਮਾਇਤ ਦੇਣਗੇ। ਸੰਗਮਾ ਸਰਕਾਰ ’ਚ ਐੱਨਪੀਪੀ ਦੀ ਭਾਈਵਾਲ ਰਹੀ ਯੂਨਾਈਟਿਡ ਡੈਮੋਕਰੈਟਿਕ ਪਾਰਟੀ ਨੇ 11 ਸੀਟਾਂ ਜਿੱਤੀਆਂ। ਕਾਂਗਰਸ ਅਤੇ ਮਮਤਾ ਬੈਨਰਜੀ ਦੀ ਅਗਵਾਈ ਹੇਠਲੀ ਟੀਐੱਮਸੀ ਨੂੰ ਪੰਜ-ਪੰਜ ਸੀਟਾਂ ਮਿਲੀਆਂ ਹਨ। ਨਵੀਂ ਬਣੀ ਵੁਆਇਸ ਆਫ਼ ਪੀਪਲ ਪਾਰਟੀ ਨੇ ਚਾਰ, ਹਿੱਲ ਸਟੇਟ ਪੀਪਲਜ਼ ਡੈਮੋਕਰੈਟਿਕ ਪਾਰਟੀ, ਪੀਪਲਜ਼ ਡੈਮੋਕਰੈਟਿਕ ਫਰੰਟ ਨੇ ਦੋ-ਦੋ ਅਤੇ ਦੋ ਆਜ਼ਾਦ ਉਮੀਦਵਾਰਾਂ ਨੇ ਸੀਟਾਂ ਜਿੱਤੀਆਂ ਹਨ।

ਨਾਗਾਲੈਂਡ ’ਚ ਦੋ ਮਹਿਲਾਵਾਂ ਨੇ ਚੋਣ ਜਿੱਤ ਕੇ ਇਤਿਹਾਸ ਬਣਾਇਆ
ਕੋਹਿਮਾ:
ਨਾਗਾਲੈਂਡ ’ਚ ਦੋ ਮਹਿਲਾਵਾਂ ਨੇ ਚੋਣ ਜਿੱਤ ਕੇ ਇਤਿਹਾਸ ਸਿਰਜ ਦਿੱਤਾ। ਹੁਕਮਰਾਨ ਐੱਨਡੀਪੀਪੀ ਦੀਆਂ ਹੇਖਾਨੀ ਜਖਾਲੂ ਅਤੇ ਸਲਹੋਤੂਨੂ ਕਰੂਜ਼ ਨੇ ਮੌਜੂਦਾ ਵਿਧਾਇਕਾਂ ਨੂੰ ਹਰਾ ਕੇ ਕ੍ਰਮਵਾਰ ਪੱਛਮੀ ਅੰਗਾਮੀ ਅਤੇ ਦੀਮਾਪੁਰ-3 ਤੋਂ ਚੋਣ ਜਿੱਤੀ ਹੈ। ਜਖਾਲੂ ਦਾ ਚੋਣ ਨਤੀਜਾ ਪਹਿਲਾਂ ਐਲਾਨੇ ਜਾਣ ਕਾਰਨ ਉਹ ਨਾਗਾਲੈਂਡ ਅਸੈਂਬਲੀ ਲਈ ਚੁਣੀ ਜਾਣ ਵਾਲੀ ਪਹਿਲੀ ਮਹਿਲਾ ਵਿਧਾਇਕ ਬਣ ਗਈ ਹੈ। ਜਖਾਲੂ ਨੇ ਟਵੀਟ ਕੀਤਾ ਕਿ ਇਹ ਜਿੱਤ ਲੋਕਾਂ ਦੀ ਹੈ ਅਤੇ ਉਹ ਪੂਰੀ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰੇਗੀ।

ਜ਼ਿਮਨੀ ਚੋਣਾਂ: ਕਾਂਗਰਸ ਤਿੰਨ ਸੀਟਾਂ ’ਤੇ ਜੇਤੂ

ਨਵੀਂ ਦਿੱਲੀ:
ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਨਤੀਜਿਆਂ ਵਿੱਚ ਕਾਂਗਰਸ ਨੂੰ ਕੁਝ ਰਾਹਤ ਮਿਲੀ ਹੈ। ਪਾਰਟੀ ਨੇ ਤਿੰਨ ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਵੇਰਵਿਆਂ ਅਨੁਸਾਰ ਕਾਂਗਰਸ ਨੇ ਮਹਾਰਾਸ਼ਟਰ ਤੇ ਪੱਛਮੀ ਬੰਗਾਲ ਵਿੱਚ ਭਾਜਪਾ ਤੇ ਤ੍ਰਿਣਮੂਲ ਕਾਂਗਰਸ ਨੂੰ ਮਾਤ ਦਿੰਦਆਂ ਦੋ ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਹੈ ਤੇ ਤਾਮਿਲਨਾਡੂ ਵਿੱਚ ਡੀਐੱਮਕੇ ਦੇ ਸਮਰਥਨ ਨਾਲ ਇਕ ’ਤੇ ਕਬਜ਼ਾ ਬਰਕਰਾਰ ਰੱਖਿਆ ਹੈ। ਇਸੇ ਦੌਰਾਨ ਭਾਜਪਾ ਤੇ ਉਸ ਦੀ ਭਾਈਵਾਲ ਪਾਰਟੀ ਏਜੇਐੱਸਯੂ ਨੇ ਪੱਛਮੀ ਸੂਬੇ ਤੇ ਝਾਰਖੰਡ ਵਿੱਚ ਇਕ-ਇਕ ਸੀਟ ’ਤੇ ਜਿੱਤ ਹਾਸਲ ਕੀਤੀ ਹੈ। ਵੇਰਵਿਆਂ ਅਨੁਸਾਰ ਸੱਤਾਧਾਰੀ ਤ੍ਰਿਣਾਮੂਲ ਕਾਂਗਰਸ ਸਾਗਰਦਿਗੀ ਸੀਟ ’ਤੇ ਚੋਣ ਹਾਰ ਗਈ ਹੈ ਤੇ ਕਾਂਗਰਸੀ ਉਮੀਦਵਾਰ ਬੇਰੋਨ ਬਿਸਵਾਸ 22,986 ਵੋਟਾਂ ਨਾਲ ਜੇਤੂ ਰਿਹਾ। ਇਸੇ ਦੌਰਾਨ ਮਹਾਰਾਸ਼ਟਰ ਦੇ ਪੁਣੇ ਵਿੱਚ ਛਿੰਛਵਾੜ ਸੀਟ ’ਤੇ ਭਾਜਪਾ ਨੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੈ ਪਰ ਪਾਰਟੀ ਨੂੰ ਕਸਬਾ ਪੇਠ ਵਿਧਾਨ ਸਭਾ ਸੀਟ ’ਤੇ ਹਾਰ ਦਾ ਸਾਹਮਣਾ ਕਰਨਾ ਪਿਆ।

ਇਸ ਸੀਟ ’ਤੇ ਕਾਂਗਰਸੀ ਉਮੀਦਵਾਰ ਰਵਿੰਦਰਾ ਧਨਗੇਕਾਰ ਨੇ ਭਾਜਪਾ ਦੇ ਹੇਮੰਤ ਰਸਾਨੇ ਨੂੰ ਹਰਾਇਆ। ਧਨਗੇਕਾਰ ਨੂੰ 73,194 ਵੋਟਾਂ ਪਈਆਂ ਜਦੋਂ ਕਿ ਰਸਾਨੇ ਨੂੰ 62,244 ਵੋਟਾਂ ਨਾਲ ਸਬਰ ਕਰਨਾ ਪਿਆ।

ਲੋਕਤੰਤਰ ਅਤੇ ਜਮਹੂਰੀ ਸੰਸਥਾਵਾਂ ’ਤੇ ਲੋਕਾਂ ਦਾ ਪੂਰਾ ਭਰੋਸਾ ਕਾਇਮ: ਮੋਦੀ

ਨਵੀਂ ਦਿੱਲੀ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਲਗਾਤਾਰ ਜਿੱਤ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦੀ ‘ਤ੍ਰਿਵੇਣੀ’, ਕੰਮ ਦੇ ਸੱਭਿਆਚਾਰ ਅਤੇ ਪਾਰਟੀ ਵਰਕਰਾਂ ਦੇ ਸਮਰਪਣ ਸਿਰ ਸਿਹਰਾ ਬੰਨ੍ਹਿਆ ਹੈ। ਪਾਰਟੀ ਹੈੱਡਕੁਆਰਟਰ ’ਤੇ ਪਾਰਟੀ ਵਰਕਰਾਂ ਨੂੰ ਤ੍ਰਿਪੁਰਾ, ਨਾਗਾਲੈਂਡ ਅਤੇ ਮੇਘਾਲਿਆ ਵਿਧਾਨ ਸਭਾ ਚੋਣਾਂ ’ਚ ਦਿਖਾਈ ਕਾਰਗੁਜ਼ਾਰੀ ਦੀ ਵਧਾਈ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਚੋਣ ਨਤੀਜੇ ਦੇਸ਼ ਅਤੇ ਦੁਨੀਆ ਨੂੰ ਦਰਸਾਉਂਦੇ ਹਨ ਕਿ ਲੋਕਾਂ ਦਾ ਲੋਕਤੰਤਰ ਅਤੇ ਜਮਹੂਰੀ ਸੰਸਥਾਵਾਂ ’ਤੇ ਪੂਰਾ ਭਰੋਸਾ ਹੈ। ਉਨ੍ਹਾਂ ਕਿਹਾ ਕਿ ਉੱਤਰ-ਪੂਰਬੀ ਸੂਬਿਆਂ ਦੇ ਚੋਣ ਨਤੀਜੇ ਦਿਖਾਉਂਦੇ ਹਨ ਕਿ ਖ਼ਿੱਤਾ ਨਾ ਦਿੱਲੀ ਅਤੇ ਨਾ ਹੀ ਦਿਲ ਤੋਂ ਦੂਰ ਹੈ। ਉਨ੍ਹਾਂ ਕਿਹਾ, ‘‘ਕੁਝ ਲੋਕ ਆਖਦੇ ਹਨ ਕਿ ਮਰ ਜਾ ਮੋਦੀ ਪਰ ਕੁਝ ਕਹਿੰਦੇ ਹਨ ਕਿ ਮਤ ਜਾ ਮੋਦੀ।’’ ਭਾਜਪਾ ਪ੍ਰਧਾਨ ਜੇ ਪੀ ਨੱਢਾ ਨੇ ਕਿਹਾ ਕਿ ਉੱਤਰ-ਪੂਰਬ ’ਚ ਪ੍ਰਧਾਨ ਮੰਤਰੀ ਵੱਲੋਂ ਖ਼ਿੱਤੇ ਨੂੰ ਮੁੱਖ ਧਾਰਾ ’ਚ ਲਿਆਉਣ ਅਤੇ ਉਸ ਦੇ ਵਿਕਾਸ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਉਥੇ ਜਿੱਤ ਮਿਲੀ ਹੈ। ਨੱਢਾ ਨੇ ਕਿਹਾ ਕਿ ਕਾਂਗਰਸ ਨੇ ਉੱਤਰ-ਪੂਰਬ ਨੂੰ ਆਪਣਾ ਏਟੀਐੱਮ ਸਮਝਿਆ ਸੀ ਪਰ ਮੋਦੀ ਨੇ ਖ਼ਿੱਤੇ ਨੂੰ ਭ੍ਰਿਸ਼ਟਾਚਾਰ ਮੁਕਤ, ਸ਼ਾਂਤੀ ਅਤੇ ਵਿਕਾਸ ਦਾ ਧੁਰਾ ਬਣਾਇਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਤਰ-ਪੂਰਬ ਲਈ ਇਤਿਹਾਸਕ ਦਿਨ ਕਰਾਰ ਦਿੱਤਾ ਅਤੇ ਕਿਹਾ ਕਿ ਲੋਕਾਂ ਨੇ ਸ਼ਾਂਤੀ, ਵਿਕਾਸ ਅਤੇ ਖ਼ੁਸ਼ਹਾਲੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਰਜੀਹ ਦਿੱਤੀ।