ਅਕਾਲੀ ਫੂਲਾ ਸਿੰਘ ਜੀ ਨਿਹੰਗ

ਅਕਾਲੀ ਫੂਲਾ ਸਿੰਘ ਜੀ ਨਿਹੰਗ

ਸ੍ਰ. ਗੁਰਚਰਨਜੀਤ ਸਿੰਘ ਲਾਂਬਾ
ਰੂਹਾਨੀਅਤ, ਕੁਰਬਾਨੀ, ਚੜ੍ਹਦੀਕਲਾ ਅਤੇ ਆਪਾ ਵਾਰਨ ਦੀ ਮਸ਼ਾਲ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹੀ ਜਗਾ ਦਿੱਤੀ ਸੀ। ਉਪਰੰਤ ਇਸ ਵਿਚ ਗੁਰੂ ਸਾਹਿਬਾਨ ਨੇ ਆਪਣਾ ਸਭ ਕੁਝ ਵਾਰ ਕੇ ਰੱਬੀ ਪੈਗਾਮ ਦਾ ਸਦੀਵੀ ਸੋਮਾਂ ਬਣਾ ਦਿੱਤਾ। ਗੁਰੂ ਸਾਹਿਬ ਦੇ ਬਾਅਦ ਇਸ ਸ਼ਮਾਂ ਦੇ ਪ੍ਰਵਾਨਿਆਂ ਨੇ ਇਸ ਲੋਅ ਨੂੰ ਨਾ ਕੇਵਲ ਬੁਝਣ ਹੀ ਨਾ ਦਿੱਤਾ ਬਲਕਿ ਇਸ ਨੂੰ ਹੋਰ ਪ੍ਰਚੰਡ ਕੀਤਾ।
ਇਸ ਪ੍ਰਚੰਡ ਕੌਮੀ ਲਹਿਰ ਵਿਚ ਅਣਗਿਣਤ ਪ੍ਰਵਾਨੇ ਆਏ ਪਰ ਕੁਝ ਐਸੀਆਂ ਰੂਹਾਂ ਵੀ ਪ੍ਰਗਟ ਹੋਈਆਂ ਜਿਹਨਾਂ ਵਲੋਂ ਸਿਰਜੇ ਇਤਿਹਾਸ ਨੇ ਸਾਰੇ ਜਗਤ ਨੂੰ ਚਕਾਚੌਂਧ ਕਰ ਦਿੱਤਾ। ਇਹਨਾਂ ਵਿਚ ਅਕਾਲੀ ਫੂਲਾ ਸਿੰਘ ਇਕ ਐਸਾ ਧ੍ਰੂਅ ਤਾਰਾ ਸੀ। ਬਾਬਾ ਜੀ ਨੇ ਆਉਣ ਵਾਲੀਆਂ ਨਸਲਾਂ ਲਈ ਗੁਰਸਿੱਖੀ ਅਤੇ ਚੜ੍ਹਦੀਕਲਾ ਦੇ ਪੈਮਾਨੇ ਨਿਸਚਤ ਕਰ ਦਿੱਤੇ। ਬਾਬਾ ਜੀ ਵਲੋਂ ਜੀਵਨ ਦੇ ਹਰ ਖੇਤਰ ਵਿਚ ਕੀਤੇ ਕਾਰਨਾਮੇ ਆਉਣ ਵਾਲੇ ਇਤਿਹਾਸ ਲਈ ਇਕ ਆਦਰਸ਼ ਅਤੇ ਚੁਣੌਤੀ ਰਹਿਣ ਗੇ।
ਜ਼ੋਰ ਦੇ ਸ਼ੋਰ ਦਾ ਜ਼ਿਕਰ ਸੁਣ ਲਓ,
ਹੈਸੀ ਨਾਲ ਸਰਕਾਰ ਦੇ ਸੰਗ ਯਾਰੋ ।
ਇਕ ਨਾਮ ਗਰਾਮੀ ਸਰਦਾਰ ਭਾਰਾ,
ਹੁਸ਼ਿਆਰ ਮਾਨਿੰਦ ਪਲੰਗ ਯਾਰੋ ।
ਮਸਤ’ ਜੰਗ ਦੇ ਵਿਚ ਅਨੰਦ ਰਹਿੰਦਾ,
ਮਸ਼ਹੂਰ ਜਹਾਨ ਅੰਦਰ।
ਫੂਲਾ – ਸਿੰਘ ਅਕਾਲੀ ਨਿਹੰਗ ਯਾਰੋ॥
(ਕਾਦਰਯਾਰ)
ਅਕਾਲੀ ਫੂਲਾ ਸਿੰਘ ਜੀ ਨੇ ਧੰਨ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿਤ ਮੈ ਜੁਧੁ ਬਿਚਾਰੈ॥ ਦੇ ਪਾਵਨ ਗੁਰਵਾਕ ਨੂੰ ਸਰਸ਼ਾਰ ਕੀਤਾ। ਇਸ ਮੁਤਾਬਕ ਅਕਾਲੀ ਜੀ ਦੇ ਜੀਵਨ ਦੇ ਕਿਸ ਪੱਖ ਨੂੰ ਚੇਤੇ ਕੀਤਾ ਜਾਏ ਅਤੇ ਕਿਸ ਪੱਖ ਨੂੰ ਛਡਿਆ ਜਾਏ। ਉਹਨਾਂ ਦੇ ਜੀਵਨ ਦੀ ਜਿਸ ਵੀ ਘਟਨਾ ਨੂੰ ਯਾਦ ਕੀਤਾ ਜਾਏ ਉਹ ਪ੍ਰੇਰਨਾ ਦਾਇਕ ਹੋ ਨਿਬੜਦੀ ਹੈ। ਵਿਸ਼ੇਸ਼ ਤੌਰ ’ਤੇ ਅਕਾਲੀ ਫੂਲਾ ਸਿੰਘ ਜੀ ਦੇ ਜੀਵਨ ਕਾਲ ਦੇ ਦੋ ਪੱਖ ਪ੍ਰਮੁਖਤਾ ਨਾਲ ਉਜਾਗਰ ਹੁੰਦੇ ਹਨ। ਇਕ ਉਹਨਾਂ ਦੀ ਬਤੌਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਅਗਵਾਈ ਅਤੇ ਦੂਸਰਾ ਇਕ ਸੂਰਮੇ ਦੇ ਤੌਰ ਤੇ ਉਹਨਾਂ ਦੀ ਸ਼ਹਾਦਤ।
ਅਕਾਲੀ ਫੂਲਾ ਸਿੰਘ ਇਤਿਹਾਸ ਦੇ ਉਸ ਦੌਰ ਵਿਚ ਆਏ ਜਦੋਂ ਇਕ ਪਾਸੇ ਮੁਗ਼ਲ-ਪਠਾਣ ਸਨ ਅਤੇ ਦੂਸਰੇ ਪਾਸੇ ਫਿਰੰਗੀ ਪੰਜਾਬ ਤੇ ਦਸਤਕ ਦੇ ਰਹੇ ਸਨ। ਪੱਛਮ ਅਤੇ ਪੂਰਬ ਦੋਨੋਂ ਪਾਸਿਆਂ ਤੋਂ ਪੰਥ ਹਮੇਸ਼ਾਂ ਹੀ ਇਕ ਤਿਕੋਨੀ ਲੜਾਈ ਵਿਚ ਉਲਝਇਆ ਰਿਹਾ ਹੈ। 1818 ਦੀ ਮੁਲਤਾਨ ਦੀ ਜੰਗ ਅਕਾਲੀ ਫੂਲਾ ਸਿੰਘ ਜੀ (1761-1823) ਦੀ ਕਮਾਨ ਵਿਚ ਹੋਈ। ਇਸ ਨੇ ਸਮੁੱਚੇ ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਲਿਆਉਣ ਅਤੇ ਬਾਅਦ ਵਿਚ ਪਠਾਣਾ ਦੇ ਅਤਿਆਚਾਰਾਂ ਨੂੰ ਵੀ ਠੱਲ ਪਾਉਣ ਵਿਚ ਅਕਾਲੀ ਫੂਲਾ ਸਿੰਘ ਜੀ ਦੇ ਨਾਲ ਸਰਦਾਰ ਹਰੀ ਸਿੰਘ ਨਲੂਆ (1791-1837) ਦੀ ਅਹਿਮ ਭੂਮਿਕਾ ਰਹੀ ।
ਇਕ ਜਥੇਦਾਰ, ਇਕ ਜਰਨੈਲ ਅਤੇ ਸਾਧਾਰਣ ਸਿੱਖ ਦੇ ਰੂਪ ਵਿਚ ਆਪ ਨੇ ਜੋ ਪੂਰਨੇ ਪਾਏ ਅਤੇ ਪੈੜਾਂ ਸਿਰਜੀਆਂ ਉਹ ਹਮੇਸ਼ਾਂ ਹੀ ਪੰਥ ਦੀ ਅਗਵਾਈ ਕਰਦੀਆਂ ਰਹਿਣ ਗੀਆਂ। ਬਾਬਾ ਜੀ ਦੇ ਜੀਵਨ ਕਾਲ ਦੇ ਇਹ ਐਸੇ ਦੋ ਪੈਮਾਨੇ ਹਨ ਜੋ ਕਿ ਕੌਮੀ ਸਿਹਤ ਦੇ ਮਿਆਰ ਨੂੰ ਦਰਸਾਉਂਦੇ ਹਨ।
ਨਿਤਾਪ੍ਰਤਿ ਅਰਦਾਸ ਵਿਚ ਜਿਹਨਾਂ ਸੂਰਮਿਆਂ ਦਾ ਧਿਆਨ ਧਰ ਕੇ ਜੈਕਾਰ ਗਜਾਇਆ ਜਾਂਦਾ ਹੈ ਉਸਦਾ ਮਕਸਦ ਕੇਵਲ ਇਕ ਰਸਮ ਦੀ ਅਦਾਇਗੀ ਨਹੀਂ ਹੈ। ਇਹ ਬੀਤ ਚੁਕੇ ਇਤਿਹਾਸ ਨੂੰ ਯਾਦ ਕਰਕੇ ਵਰਤਮਾਨ ਨੂੰ ਉਸਦੇ ਮੇਚ ਦਾ ਬਣਾਉਣ ਦੀ ਸਦਾਅ ਹੁੰਦੀ ਹੈ। ਇਸ ਤਰ੍ਹਾਂ ਜੇਕਰ ਜਾਤੀ ਅਤੇ ਜੀਵਨ ਵਿਚ ਕੋਈ ਤਬਦੀਲੀ ਨਜ਼ਰ ਨਹੀਂ ਆਈ ਪਰ ਕੇਵਲ ਪਿਛਲੇ ਇਤਿਹਾਸ ਨੂੰ ਯਾਦ ਮਾਤਰ ਕਰ ਲਿਆ ਤਾਂ ਇਹ ਫਖ਼ਰ ਨਹੀਂ ਬਲਕਿ ਨਮੋਸ਼ੀ ਦਾ ਕਾਰਣ ਹੈ। ਇਸ ਹਵਾਲੇ ਨਾਲ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਯਾਦ ਕਰਨਾ ਲਾਹੇਵੰਦ ਹੈ।
ਅਕਾਲੀ ਜੀ ਨੇ ਬਤੌਰ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਿਹੜਾ ਸਿਰੜ ਅਤੇ ਦਿ੍ਰੜਤਾ ਵਿਖਾਈ ਉਹ ਆਉਣ ਵਾਲੇ ਹਮੇਸ਼ ਕਾਲ ਤਕ ਇਕ ਐਸੇ ਪੈਮਾਨੇ ਦੇ ਤੌਰ ’ਤੇ ਰਹੇਗੀ ਜੋ ਆਉਣ ਵਾਲੇ ਹਰ ਜਥੇਦਾਰ ਦੀ ਕਾਰਵਾਈ ਅਤੇ ਫੈਸਲੇ ਨੂੰ ਮਾਪਦੀ ਤੋਲਦੀ ਰਹੇ ਗੀ। ਅਕਾਲ ਤਖ਼ਤ ਸਾਹਿਬ ਦੇ ਹਰ ਫੈਸਲੇ ਨੂੰ ਪੰਥ ਆਪ ਵਲੋਂ ਲਏ ਗਏ ਨਿਰਣੇ ਨਾਲ ਨਾਪੇਗਾ।
ਮੋਰਾਂ ਨਾਚੀ ਦੇ ਕਾਂਡ ਕਰਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਜਿਸ ਤਰੀਕੇ ਨਾਲ ਆਪ ਨੇ ਇਮਲੀ ਦੀ ਬੇਰੀ ਨਾਲ ਬੰਨ ਕੇ ਸਜ਼ਾ ਦੇਣ ਦਾ ਫੈਸਲਾ ਐਲਾਨਿਆ। ਇਸ ਮੰਨਜ਼ਰ ਨੂੰ ਪੰਥਕ ਕਵੀ ਗੁਰਦੇਵ ਸਿੰਘ ਮਾਨ ਨੇ ਬਾਖੂਬੀ ਅੰਕਤ ਕੀਤਾ ਹੈ,
ਅਕਾਲ ਤਖਤ ਦਾ ਹੁਕਮ ਮਹਾਰਾਜੇ ਉਤੇ ॥ਦੋਹਿਰਾ ॥ ਹੁਕਮ ਹੋ ਗਿਆ ਤਖਤ ਤੋਂ, ਹਾਜ਼ਰ ਹੋਣ ਹਜ਼ੂਰ ।
ਮਹਾਰਾਜਾ ਰਣਜੀਤ, ਵੱਡਾ ਸੂਰਬੀਰ, ਲੋਕ ਰਹਿਣ ਭੈ ਭੀਤ, ਜਿਸ ਦੇ ਰੁਹਬ ਤੋਂ, ਅਕਾਲ ਤਖਤ ਦੀ ਸ਼ਾਨ, ਸਾਹਵੇਂ ਤੁੱਛ ਸੀ, ਵਾਂਗ ਮੁਲਜ਼ਮਾਂ ਆਨ, ਹੱਥ ਬੰਨ੍ਹ ਖੜ੍ਹ ਗਿਆ, ਤਖਤ ਦੇ ਜਥੇਦਾਰ, ਫੂਲਾ ਸਿੰਘ ਨੇ, ਉੱਚੀ ਕਿਹਾ ਵੰਗਾਰ, ਇਉਂ ਮਹਾਰਾਜ ਨੂੰ, ‘‘ਪੜ੍ਹਦਾ ਹਾਂ ਫ਼ਰਮਾਨ, ਤਖਤ ਅਕਾਲ ਦਾ’’, ‘‘ਤਨਖਾਹ ਦਾ ਐਲਾਨ, ਤੁਹਾਨੂੰ ਕਰ ਰਿਹਾਂ’।
ਮਹਾਰਾਜੇ ਨੇ ਆਖਿਆ ਸੀਸ ਝੁਕਾਂਦਿਆਂ ਆਪਣਾ, ਸਤਿਗੁਰ ਦੀ ਬਖਸ਼ੀਸ਼, ਸਜ਼ਾ ਮੈਂ ਸਮਝਦਾਂ”।
‘‘ਮੈਂ ਹਾਂ ਤਾਬਿਆਦਾਰ, ਸਾਰੇ ਪੰਥ ਦਾ ‘‘ਜੋ ਤੁਹਾਨੂੰ ਦਰਕਾਰ, ਸਜ਼ਾ ਮਨਜ਼ੂਰ ਇਹ ਹੈ ਅਦਬ ਅਦਾਬ, ਤਖਤ ਅਕਾਲ ਦਾ, ਵਸਦਾ ਹੈ ਪੰਜਾਬ, ਇਹਦੀ ਮਿਹਰ ਥੀਂ ।
ਐਸਾ ਮਹਾਂ ਦਲੇਰ, ਜਿਹਾ ਸਨਿਮਰ ਸੀ, ਮਹਾਰਾਜਾ ਦੂਲਾ ਸ਼ੇਰ, ਸੇਵਕ ਪੰਥ ਦਾ।
ਅਕਾਲੀ ਫੂਲਾ ਸਿੰਘ ਦੇ ਕਾਲ ਤਕ ਕੈਮਰੇ ਦੀ ਆਮਦ ਤਾਂ ਨਹੀਂ ਸੀ ਹੋਈ ਪਰ ਉਸ ਸਮੇਂ ਦੇ ਨਾਮਵਰ ਮੁਸੱਵਰ ਅਤੇ ਚਿਤਰਕਾਰਾਂ ਨੇ ਉਹਨਾਂ ਨੂੰ ਕੈਨਵਸ ਤੇ ਅੰਕਤ ਕੀਤਾ। ਬਾਬਾ ਫੂਲਾ ਸਿੰਘ ਜੀ ਦੀ ਇਕ ਮਸ਼ਹੂਰ ਪੇਂਟਿੰਗ ਗੀਮਟ ਨੈਸ਼ਨਲ ਮਿਉਜਿਯਮ ਆੱਫ ਏਸ਼ੀਅਨ ਆਰਟਸ, ਪੈਰਿਸ, ਫ਼ਰਾਂਸ ਵਿਚ ਸਾਂਭੀ ਹੋਈ ਹੈ। ਇਹ ਪੇਂਟਿੰਗ ਲਾਹੌਰ ਦੇ ਇਮਾਮ ਬਖਸ਼ ਨੇ ਤਿਆਰ ਕੀਤੀ ਸੀ। ਇਸ ਵਿਚ ਅਕਾਲੀ ਜੀ ਪੂਰੇ ਜਾਹੋ ਜਲਾਲ ਵਿਚ ਅਸਤ੍ਰ ਸ਼ਸਤ੍ਰਾਂ ਨਾਲ ਲੈਸ ਤਿਆਰ ਬਰ ਤਿਆਰ ਹਨ। ਇਹਨਾਂ ਦੇ ਇਸ ਰੂਪ ਨੂੰ ਵੇਖ ਕੇ ਫਿਰੰਗੀ ਇਤਿਹਾਸਕਾਰ ਅਕਾਲੀਆਂ ਨੂੰ ਅਰਵਰਗਜਰਚਤ ਇਸ਼ਤਿਆਲ ਪਸੰਦ ਜਾਂ ਅਮਨ ਲਈ ਖ਼ਤਰਾ ਕਰ ਕੇ ਲਿਖਦੇ ਰਹੇ। ਇਕ ਅੰਗਰੇਜ਼ ਲਿਖਾਰੀ ਨੇ ਲਿਖਿਆ ਕਿ ਅਕਾਲੀਆਂ ਦੀ ਦਸਤਾਰ ਦੇ ਚੱਕਰ ਬਹੁਤ ਹੀ ਖ਼ਤਰਨਾਕ ਅਤੇ ਮਾਰੂ ਹਥਿਆਰ ਹਨ। ਇਹ ਹੋ ਸਕਦਾ ਹੈ ਕਿ ਕਈ ਵਾਰ ਇਹਨਾਂ ਦਾ ਨਿਸ਼ਾਨਾਂ ਥਾਂ ਤੇ ਨਾ ਲੱਗੇ ਪਰ ਤਮਾਸ਼ਬੀਨ ਲਈ ਜਾਨ ਲੇਵਾ ਹੋ ਸਕਦਾ ਹੈ। ਇਸ ਲਈ ਇਹਨਾਂ ਤੋਂ ਦੂਰੀ ਬਣਾ ਕੇ ਰੱਖਣ ਦੀ ਲੋੜ ਹੈ। ਹਰ ਦੁਸ਼ਮਣ ਨੂੰ ਸਿੱਖ ਇਸੇ ਰੂਪ ਵਿਚ ਨਜ਼ਰ ਆਂਦੇ ਰਹੇ ਹਨ।
ਇਸ ਦੇ ਅਲਾਵਾ ਗੁਰਦਆਰਾ ਅਕਾਲਗੜ੍ਹ ਸਾਹਿਬ, ਦੀਨੇ ਵਿਚ ਵੀ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਹਾਥੀ ਤੇ ਸਵਾਰ ਰੂਪ ਵਿਚ ਇਕ ਸ਼ਾਨਦਾਰ ਚਿੱਤਰ ਦੀਵਾਰ ਤੇ ਉਕਰਿਆ ਹੈ। ਇਤਿਹਾਸ ਨੂੰ ਸਾਂਭਦੇ ਹੋਏ ਇਹਨਾਂ ਚਿਤਰਾਂ ਵਿਚ ਇਕ ਤੱਥ ਉਜਾਗਰ ਹੁੰਦਾ ਹੈ ਕਿ ਸਿੰਘਾਂ ਦੀ ਦਸਤਾਰ ਕੇਵਲ ਵਿਖਾਣ ਮਾਤਰ ਜਾਂ ਦਿਖਾਵਟੀ ਨਹੀਂ ਸੀ ਹੁੰਦੀ ਬਲਕਿ ਇਹ ਕਿ੍ਰਪਾਨ ਦੇ ਮਿਆਨ ਅਤੇ ਤੀਰਾਂ ਦੇ ਭੱਥੇ ਦੀ ਤਰ੍ਹਾਂ ਮਾਰੂ ਅਸਤ੍ਰ ਚੱਕ੍ਰਾਂ ਨੂੰ ਸਾਂਭਣ ਦਾ ਸਾਧਨ ਵੀ ਹੁੰਦੀ ਸੀ। ਸਿੱਖ ਇਤਿਹਾਸ ਦੀ ਇਹ ਸ਼ਾਨਦਾਰ ਪਰੰਪਰਾ ਅਤੇ ਗੌਰਵ ਭਾਰਤੀ ਫੌਜ ਵਿਚ ਹੁਣ ਤਕ ਸਿੱਖ ਫੌਜੀਆਂ ਦੀ ਦਸਤਾਰ ‘ਤੇ ਚੱਕਰ ਦੇ ਰੂਪ ਵਿਚ ਸੁਸ਼ੋਭਿਤ ਹੁੰਦਾ ਹੈ। ਹੁਣ ਤਾਂ ਸਿੰਘਾਂ ਦੀ ਦਸਤਾਰ ਨੂੰ ਵੀ ਖ਼ਤਰਾ ਨਜ਼ਰ ਆ ਰਿਹਾ ਹੈ। ਸਿੰਘਾਂ ਨੂੰ ਦਸਤਾਰ-ਵਿਹੀਣ ਕਰਨ ਦਾ ਅਮਲ ਸ਼ੁਰੂ ਹੋ ਚੁਕਾ ਹੈ।
ਆਵਨੁ ਜਾਨੁ ਇਕੁ ਖੇਲੁ ਬਨਾਇਆ॥ ਪਰ ਆਵਣਾ ਉਸੇ ਦਾ ਸਫ਼ਲਾ ਗਣਿਆ ਗਿਆ ਹੈ ਜਿਸ ਦਾ ਜਾਵਣਾ ਸਫ਼ਲਾ ਹੋ ਗਿਆ।
ਕਲਗੀਧਰ ਪਿਤਾ ਦੀ ਅਰਦਾਸ ਵੀ ਤਾਂ ਇਹੀ ਹੈ,
ਅਉਰ ਨ ਮਾਗਤ ਹਉ ਤੁਮ ਤੇ ਕਛੁ ਚਾਹਤ ਹਉ ਚਿਤ ਮੈ ਸੋਈ ਕੀਜੈ॥
ਸਸਤ੍ਰਨ ਸੋ ਅਤਿ ਹੀ ਰਨ ਭੀਤਰ ਜੂਝਿ ਮਰੋ ਕਹਿ ਸਾਚ ਪਤੀਜੈ॥ (ਸ੍ਰੀ ਦਸਮ ਗ੍ਰੰਥ ਸਾਹਿਬ)
ਅਕਾਲੀ ਫੂਲਾ ਸਿੰਘ ਜੀ ਨੇ ਜੀਵਨ ਵਿਚ ਇਸ ਨੂੰ ਪੂਰੀ ਤਰ੍ਹਾਂ ਚਰਿਤ੍ਰਾਰਥ ਕੀਤਾ। ਅਕਾਲੀ ਫੂਲਾ ਸਿੰਘ ਜੀ ਦੀ ਸ਼ਹਾਦਤ ਨੂੰ ਜਿਹਲਮ ਦੇ ਮਿਸਰ ਹਰੀ ਚੰਦ ‘ਕਾਦਰਯਾਰ’ ਨੇ ਬਖੂਬੀ ਅੰਕਤ ਕੀਤਾ ਹੈ। ਬਾ-ਹੈਸੀਅਤ ਜਥੇਦਾਰ ਅਕਾਲ ਤਖ਼ਤ ਸਾਹਿਬ ਅਕਾਲੀ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਦਾ ਵੀ ਕੋਈ ਲਿਹਾਜ਼ ਨਹੀਂ ਕੀਤਾ। ਪਰ ਮੈਦਾਨੇ ਜੰਗ ਵਿਚ ਅਕਾਲੀ ਫੂਲਾ ਸਿੰਘ ਇਕ ਸਿੱਖ ਅਤੇ ਸਿਪਾਹੀ ਦੇ ਰੂਪ ਵਿਚ ਨਜ਼ਰ ਆਏ। ਇੱਥੇ ਮਹਾਰਾਜਾ ਰਣਜੀਤ ਸਿੰਘ ਖਾਲਸਾ ਫੌਜ ਦਾ ਸਿਪਾਹ ਸਾਲਾਰ ਸੀ। ਹੁਣ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਨਮੁਖ ਹੋ ਕੇ ਇਕ ਹੈਰਾਨ ਕੁਨ ਆਗਿਆ ਮੰਗੀ ਕਿ ਉਹਨਾਂ ਦੀ ਇੱਛਾ ਹੈ ਕਿ ਉਹ ਇੱਕਲੇ ਹੀ ਦੁਸ਼ਮਣ ਵਲ ਵੱਧ ਕੇ ਕੁਰਬਾਨੀ ਦੇਣ। ਸਵਾ ਲਾਖ ਸੇ ਏਕ ਲੜਾਊਂ ਅੱਜ ਫਿਰ ਪ੍ਰਤੱਖ ਹੋ ਰਿਹਾ ਸੀ। ਕਬੀਰ ਜਉ ਤੁਹਿ ਸਾਧ ਪਿਰੰਮ ਕੀ ਸੀਸੁ ਕਾਟਿ ਕਰਿ ਗੋਇ॥ ਖੇਲਤ ਖੇਲਤ ਹਾਲ ਕਰਿ ਜੋ ਕਿਛੁ ਹੋਇ ਤ ਹੋਇ॥239॥ (ਗੁ.ਗ੍ਰ.ਸਾ.1377) ਇਸ ਸੂਰਮਗਤੀ ਦੀ ਅਰੰਭਤਾ ਸਾਹਿਬਜਾਦਾ ਅਜੀਤ ਸਿੰਘ ਜੀ ਅਤੇ ਸਾਹਿਬਜਾਦਾ ਜੁਝਾਰ ਸਿੰਘ ਜੀ ਅਤੇ ਬਾਅਦ ਵਿਚ ਬਾਬਾ ਦੀਪ ਸਿੰਘ ਅਤੇ ਬਾਬਾ ਗੁਰਬਖਸ਼ ਸਿੰਘ ਨਿਹੰਗ ਵੀ ਤਾਂ ਕਰ ਚੁਕੇ ਸਨ। ਅਕਾਲੀ ਫੂਲਾ ਸਿੰਘ ਜੀ ਦੀ ਗੁਜਾਰਿਸ਼ ਸੀ,
ਸ਼ੁਕਰ ਹਜ਼ਾਰ ਗੁਜ਼ਾਰਸਾਂ ਮੈਂ,
ਦਿਓ ਹੁਕਮ ਚਲ ਵੜਾਂ ਮੈਦਾਨ ਦੇ ਵਿਚ
ਪਹਿਲੋਂ ਸਭਨਾਂ ਦੇ ਸੀਸ ਭੇਟ ਦੇ ਕੇ,
ਰੱਖਾਂ ਤੀਰ ਨੂੰ ਚਿੱਲੇ ਕਮਾਨ ਦੇ ਵਿਚ
ਸਤਿ ਸਿਰੀ ਅਕਾਲ ਦਾ ਨਾਮ ਲੈ ਕੇ,
ਮਾਰਾਂ ਖਿਚ ਕੇ ਸੀਨੇ ਪਠਾਣ ਦੇ ਵਿਚ।
ਕਾਦਰਯਾਰ, ਤੇਰੇ ਕਦਮਾਂ ਵਿਚ ਕੁੱਸਾਂ,
ਰਹਿਸੀ ਨਾਮ ਤਦ ਮੇਰਾ ਜਹਾਨ ਦੇ ਵਿਚ॥
ਸਹਿਜੇ ਅਨੁਮਾਨਿਆ ਜਾ ਸਕਦਾ ਹੈ ਕਿ ਇਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਦਿਲ ਤੇ ਕੀ ਬੀਤ ਰਹੀ ਹੋਏਗੀ।
ਹੁਣ ਪਠਾਣ ਅਤੇ ਖਾਲਸਾ ਫੌਜਾਂ ਆਹਮੋਂ ਸਾਹਮਣੇ ਸਨ। ਪਰ ਇਹਨਾਂ ਦੇ ਵਿਚਕਾਰ ਅਕਾਲੀ ਫੂਲਾ ਸਿੰਘ ਕਾਲੇ ਬਾਣੇ ਅਤੇ ਸਿਆਹ ਹਾਥੀ ਤੇ ਸਵਾਰ ਹੋ ਕੇ ਇੱਕਲੇ ਹੀ ਦੁਸ਼ਮਣ ਵਲ ਵਧੇ।
ਤੋਏ ਤਰਫ ਦੁੱਰਾਨੀਆਂ ਰਵਾਂ ਹੋਇਆ,
ਫੂਲਾ ਸਿੰਘ ਅਕਾਲੀ ਤਨਹਾ ਯਾਰੋ ।
ਡਾਢੀ ਸ਼ਕਲ ਮਤਵਾਲੀ ਸੀ ਖ਼ੌਫ਼ ਵਾਲੀ,
ਨਾਲ ਪਹਿਨੀ ਪੋਸ਼ਾਕ ਹੈ ਕਾਲੀ ਯਾਰ ।
ਖ਼ੂਨੀ ਅੱਖੀਆਂ ਕਹਿਰ ਦੇ ਨਾਲ ਭਰੀਆਂ,
ਮੂੰਹ ਤੋ ਚੋਂਵਦੀ ਕਹਿਰ ਦੀ ਲਾਲੀ ਯਾਰੋ ।
ਕਾਦਰਯਾਰ ਅਸਵਾਰ ਹੋ ਫ਼ੀਲ ਉੱਤੇ,
ਟੁਰਿਆ ਮੌਤ ਦੇ ਵੱਲ ਸਵਾਲੀ ਯਾਰੋ ॥
ਇਸ ਬਾਰੇ ਕਾਦਰਯਾਰ ਨੇ ਇਕ ਕਮਾਲ ਦੀ ਗਵਾਹੀ ਦਿੱਤੀ ਹੈ ਕਿ ਮਸਤ ਚਾਲ ਵਿਚ ਥਿਰਕਦੇ ਹਾਥੀ (ਫ਼ੀਲ) ਦੇ ਉੱਤੇ ਬੇ-ਖੌਫ਼ ਅਕਾਲੀ ਫੂਲਾ ਇਸ ਤਰ੍ਹਾਂ ਬੈਠੇ ਸਨ ਜਿਵੇਂ ਲਾਹੌਰ ਦੀ ਸੈਰ ਕਰ ਰਹੇ ਹੋਣ।
ਕਾਫ਼ ਕੰਬਦੀ ਪਈ ਜ਼ਮੀਨ ਯਾਰੋ,
ਜਿੱਥੇ ਫ਼ੀਲ ਸਰਦਾਰ ਦਾ ਪੈਰ ਧਰਦਾ ।
ਹੋਸੀ ਖੂਨੀਆਂ ਵਿਚ ਮਸ਼ਹੂਰ ਹਾਥੀ,
ਵਿਚ ਲੜਨ ਦੇ ਬਹੁਤ ਸੀ ਕਹਿਰ ਕਰਦਾ।
ਤਿਵੇਂ ਥਰਕਦਾ ਚੱਲੇ ਜ਼ਮੀਨ ਉੱਤੇ,
ਜਿਵੇਂ ਸੱਪ ਦਰਿਆ ਦੀ ਲਹਿਰ ਤਰਦਾ ।
ਕਾਦਰਯਾਰ ਬੇ-ਖੌਫ ਸਰਦਾਰ ਬੈਠਾ,
ਜਿਵੇਂ ਫਿਰ ਲਹੌਰ ਦੀ ਸੈਰ ਕਰਦਾ ।
ਸਵਾ ਲਾਖ ਸੇ ਏਕ ਲੜਾਉਂ ਨੂੰ ਪ੍ਰਤੱਖ ਕਰਦਿਆਂ ਇਕੱਲੇ ਅਕਾਲੀ ਫੂਲਾ ਸਿੰਘ ਨੇ ਹਜ਼ਾਰਾਂ ਦੀ ਗਿਣਤੀ ਦਾ ਮੁਕਾਬਲਾ ਕੀਤਾ। ਇਸ ਗਹਿ ਗੱਚ ਜੰਗ ਵਿਚ ਅਖੀਰ ਵਿਚ ਕਲਗੀਧਰ ਪਿਤਾ ਨੇ ਅਕਾਲੀ ਫੂਲਾ ਸਿੰਘ ਨੂੰ ਗੱਲ ਨਾਲ ਲਾ ਲਿਆ।
ਜੰਗ ਦੇ ਬਾਅਦ ਅਣਗਿਣਤ ਲੋਥਾਂ ਵਿਚੋਂ ਅਕਾਲੀ ਫੂਲਾਂ ਸਿੰਘ ਜੀ ਦੇ ਸਰੀਰ ਨੂੰ ਲੱਭਣਾ ਕੋਈ ਆਸਾਨ ਕੰਮ ਨਹੀਂ ਸੀ। ਪਰ ਇੱਥੇ ਮਹਾਰਾਜਾ ਰਣਜੀਤ ਸਿੰਘ ਆਪਣੇ ਹੱਥੀਂ ਅਕਾਲੀ ਜੀ ਨੂੰ ਲੱਭ ਰਹੇ ਸਨ।
ਹੱਥਾਂ ਨਾਲ ਹਟਾਂਵਦਾ ਆਪ ਮੁਰਦੇ ਐਸਾ ਸ਼ੌਕ ਸੀ ਖ਼ਾਸ ਸਰਕਾਰ ਨੂੰ ਜੀ।
ਬਿਸੀਆਰ ਤਲਾਸ਼ ਦੇ ਬਾਦ ਯਾਰੋ,
ਪੁੰਨੀ ਆਸ ਸਭ ਦੀ ਆਖ਼ਰ-ਕਾਰ ਹੈ ਜੀ ।
ਕਾਦਰਯਾਰ ਨਿਕਾਲਿਆ ਢੇਰ ਹੇਠਾਂ ਫੂਲਾ ਸਿੰਘ ਦਲੇਰ ਸਰਦਾਰ ਨੂੰ ਜੀ॥
ਇਸ ਦੇ ਬਾਅਦ ਮਹਾਰਾਜਾ ਸਾਹਿਬ ਨੇ ਅਕਾਲੀ ਜੀ ਦਾ ਸਸਕਾਰ ਕਰ ਕੇ ਉੱਥੇ ਉਹਨਾਂ ਦੀ ਯਾਦ ਵਿਚ ਸਮਾਧ ਬਣਵਾਈ। ਅਕਾਲੀ ਫੂਲਾ ਸਿੰਘ ਜੀਵਨ ਸਫ਼ਲਾ ਕਰਕੇ ਸ਼ਹਾਦਤ ਦਾ ਜਾਮ ਪੀ ਗਏ ਪਰ ਆਉਣ ਵਾਲੇ ਸਮੇਂ ਲਈ ਔਖੇ ਪਰਚੇ ਪਾ ਗਏ।
ਯੇ ਯਾਦ ਕਰ ਕੇ ਮਰਦਿਆਈ ਉਸ ਦੀ ਮਹਾਰਾਜ ਨੇ ਦਿੱਤੀ ਦੁਹਾਈ ਯਾਰੋ
ਕਰੇ ਸ਼ੁਕਰ ਅਕਾਲ ਦਾ ਫ਼ੌਜ ਸਾਰੀ ਲਾਸ਼ ਘੁੱਟ ਕੇ ਗਲੇ ਲਗਾਈ ਯਾਰੋ।
ਸਭ ਸਿੰਘ ਸਰਦਾਰ ਅਰਦਾਸ ਕਰਦੇ ਨਦੀ ਹੰਝੂ ਨਾ ਕਿਸੇ ਵਗਾਈ ਯਾਰੋ
ਕਾਦਰਯਾਰ ਸਰਕਾਰ ਅਰਦਾਸ ਕੀਤੀ ਏਥੇ ਜਾਏ ਸਮਾਧ ਬਣਾਈ ਯਾਰੋ॥32॥6॥ ॥ਖ਼ਤਮ ਸ਼ੁਦ॥
ਇਸ ਸਾਰੇ ਪ੍ਰਸੰਗ ਵਿਚ ਇਕ ਨੁਕਤਾ ਬਹੁਤ ਹੀ ਅਹਿਮ ਹੈ ਕਿ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਦੀ ਵੀ ਮਹਾਰਾਜੇ ਦੇ ਰੂਪ ਵਿਚ ਨਹੀਂ ਵੇਖਿਆ। ਦੂਸਰੇ ਪਾਸੇ ਮਹਾਰਾਜਾ ਰਣਜੀਤ ਸਿੰਘ ਵੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਸਮੇਂ ਅਤੇ ਹਮੇਸ਼ਾਂ ਹੀ ਆਪਣੇ ਆਪ ਨੂੰ ਪੰਥ ਦਾ ਇਕ ਅੰਗ ਮੰਨ ਬਤੌਰ ਇਕ ਸਿੱਖ ਦੇ ਰੂਪ ਵਿਚ ਪੇਸ਼ ਹੋਏ। ਇਹ ਨੁਕਤਾ ਹੈ ਪੰਥ ਦੀ ਚੜ੍ਹਦੀ ਕਲਾ ਅਤੇ ਸੁਨਹਿਰੇ ਭਵਿੱਖ ਦਾ।

www.santsipahi.org; santsipahi@gmail.com