ਐੱਸਜੀਪੀਸੀ ਨੂੰ ਹੀ ਪੰਥਕ ਏਕਤਾ ਦੀ ਜ਼ਮੀਨ ਤਿਆਰ ਕਰਨੀ ਚਾਹੀਦੀ ਹੈ

ਐੱਸਜੀਪੀਸੀ ਨੂੰ ਹੀ ਪੰਥਕ ਏਕਤਾ ਦੀ ਜ਼ਮੀਨ ਤਿਆਰ ਕਰਨੀ ਚਾਹੀਦੀ ਹੈ

ਤਲਵਿੰਦਰ ਸਿੰਘ ਬੁੱਟਰ
ਵਿਸ਼ਵ-ਵਿਆਪੀ ਸਿੱਖ ਕੌਮ ਸਾਹਮਣੇ ਇਸ ਵੇਲੇ ਬਹੁਤ ਸਾਰੀਆਂ ਬਾਹਰਲੀਆਂ ਅਤੇ ਅੰਦਰੂਨੀ ਚੁਣੌਤੀਆਂ ਹਨ। ਇਕ ਪਾਸੇ ਸਿੱਖ ਸਮਾਜ ਦੇ ਸਾਹਮਣੇ ਜਾਤ-ਪਾਤ, ਡੇਰਾਵਾਦ, ਧਰਮ ਪਰਿਵਰਤਨ, ਕਰਮ-ਕਾਂਡਾਂ, ਪਤਿਤਪੁਣਾ, ਨਸ਼ਾਖੋਰੀ ਆਦਿ ਅਲਾਮਤਾਂ ਮੂੰਹ ਅੱਡੀ ਖੜ੍ਹੀਆਂ ਹਨ ਅਤੇ ਦੂਜੇ ਪਾਸੇ ਪੰਥਕ ਜਥੇਬੰਦੀਆਂ ਆਪਸੀ ਵਿਚਾਰਧਾਰਕ ਮਤਭੇਦਾਂ ਅਤੇ ਵਿਵਾਦਾਂ ਵਿਚ ਉਲਝੀਆਂ ਹੋਈਆਂ ਹਨ। ਇਸ ਕਾਰਨ ਸਮੁੱਚਾ ਪੰਥ ਵੱਖ-ਵੱਖ ਧੜਿਆਂ ਅਤੇ ਵਿਚਾਰਾਂ ਵਿਚ ਵੰਡਿਆ ਜਾ ਰਿਹਾ ਹੈ।
ਇਸ ਵੇਲੇ ਸ਼੍ਰੋਮਣੀ ਕਮੇਟੀ ਅੱਗੇ ਸਭ ਤੋਂ ਵੱਡੀ ਚੁਣੌਤੀ ਸਿੱਖ ਪੰਥ ਵਿੱਚੋਂ ਵਿਚਾਰਧਾਰਕ ਮਤਭੇਦਾਂ ਅਤੇ ਪੰਥਕ ਵਿਵਾਦਾਂ ਨੂੰ ਦੂਰ ਕਰਨਾ ਹੈ। ਸਾਲ 2003 ’ਚ ਉਸ ਵੱਲੋਂ ਜਾਰੀ ਕੀਤੇ ਗਏ ਨਾਨਕਸ਼ਾਹੀ ਕੈਲੰਡਰ ’ਚ ਬਾਅਦ ਵਿਚ ਸੋਧਾਂ ਕਰਨ ਦੇ ਮਸਲੇ ਕਾਰਨ ਸਮੁੱਚੇ ਪੰਥ ’ਚ ਦੁਫਾੜ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਇੱਕੋ ਦਿਨ ਆਉਣ ਕਾਰਨ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਹਾਲਾਂਕਿ ਇਹ ਕੋਈ ਬਹੁਤਾ ਵੱਡਾ ਮਰਿਆਦਾ ਦਾ ਮੁੱਦਾ ਨਹੀਂ ਹੈ ਪਰ ਨਾਨਕਸ਼ਾਹੀ ਅਤੇ ਬਿਕਰਮੀ ਕੈਲੰਡਰ ਨੂੰ ਲੈ ਕੇ ਆਪਸੀ ਟਕਰਾਅ ਕਾਰਨ ਗੁਰਪੁਰਬਾਂ ਅਤੇ ਸ਼ਹੀਦੀ ਦਿਹਾੜਿਆਂ ਦੀਆਂ ਤਰੀਕਾਂ ਨੂੰ ਲੈ ਕੇ ਆਮ ਸੰਗਤ ਵਿਚ ਇਕ ਤਰ੍ਹਾਂ ਦਾ ਭੰਬਲਭੂਸੇ ਅਤੇ ਦੁਬਿਧਾ ਵਾਲਾ ਮਾਹੌਲ ਬਣਿਆ ਰਹਿੰਦਾ ਹੈ ਜਿਸ ਨੂੰ ਸਦੀਵੀ ਤੌਰ ’ਤੇ ਦੂਰ ਕਰਨਾ ਸ੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫ਼ਰਜ਼ ਬਣਦਾ ਹੈ।
ਸਿੱਖ ਪੰਥ ’ਚ ਖਾਨਾਜੰਗੀ ਦਾ ਕਾਰਨ ਬਣ ਰਹੇ ਦਸਮ ਗ੍ਰੰਥ ਵਿਵਾਦ ਦਾ ਸਰਬਪ੍ਰਵਾਨਿਤ ਹੱਲ ਕਰਨਾ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਾਕੀ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਪ੍ਰਤੀ ਪੰਥ ’ਚ ਪੈਦਾ ਹੋਈ ਬੇਵਿਸ਼ਵਾਸੀ ਦੂਰ ਕਰਨਾ ਅਤੇ ਤਖ਼ਤ ਸਾਹਿਬਾਨ ਤੇ ਇਨ੍ਹਾਂ ਦੇ ਜਥੇਦਾਰਾਂ ਪ੍ਰਤੀ ਪੰਥਕ ਸਨਮਾਨ ਬਹਾਲ ਕਰਨਾ, ਜਥੇਦਾਰਾਂ ਦੀ ਨਿਯੁਕਤੀ, ਕਾਰਜਪ੍ਰਣਾਲੀ ਅਤੇ ਸੇਵਾ-ਮੁਕਤੀ ਸਬੰਧੀ ਨਿਯਮਾਵਲੀ ਤਿਆਰ ਕਰਨੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਸਰਬਪ੍ਰਵਾਨਿਤ ਟੀਕਾ (ਅਰਥ) ਤਿਆਰ ਕਰਨਾ, ਸਿੱਖ ਇਤਿਹਾਸ ਵਿਚ ਪਏ ਕਥਿਤ ਰਲੇਵੇਂ ਨੂੰ ਦੂਰ ਕਰਨ ਲਈ ਗੁਰਮਤਿ ਜੁਗਤ ਦੀ ਰੌਸ਼ਨੀ ’ਚ ਮੁੜ ਸੋਧ ਕੇ ਇਕ ਸਰਬਪ੍ਰਵਾਨਿਤ ਸਿੱਕੇਬੰਦ ਸਿੱਖ ਇਤਿਹਾਸ ਦਾ ਖਰੜਾ ਤਿਆਰ ਕਰਨਾ ਆਦਿ ਸ੍ਰੋਮਣੀ ਕਮੇਟੀ ਅੱਗੇ ਗੰਭੀਰ ਤੇ ਅਹਿਮ ਜ਼ਿੰਮੇਵਾਰੀਆਂ ਹਨ। ਇਨ੍ਹਾਂ ਨੂੰ ਮੁਖਾਤਿਬ ਹੋਏ ਬਿਨਾਂ ਸ੍ਰੋਮਣੀ ਕਮੇਟੀ ਆਪਣੇ ਬੁਨਿਆਦੀ ਸਰੋਕਾਰਾਂ ਅਤੇ ਜ਼ਿੰਮੇਵਾਰੀਆਂ ਦੀ ਪੂਰਤੀ ਨਹੀਂ ਕਰ ਸਕਦੀ। ਪਿਛਲੇ ਲੰਬੇ ਸਮੇਂ ਤੋਂ ਸਿੱਖ ਸਮਾਜ ਦਾ ਵੱਡਾ ਹਿੱਸਾ ਗੁਰਮਤਿ ਫ਼ਲਸਫ਼ੇ ਦੀਆਂ ਉਨ੍ਹਾਂ ਉੱਚ ਕਦਰਾਂ-ਕੀਮਤਾਂ ਤੋਂ ਲਗਾਤਾਰ ਕਿਨਾਰਾ ਕਰੀ ਬੈਠਾ ਹੈ ਜੋ ਮਨੁੱਖੀ ਜੀਵਨ ਦੀਆਂ ਚੁਣੌਤੀਆਂ, ਸਮੱਸਿਆਵਾਂ ਨੂੰ ਪਾਰ ਕਰ ਕੇ ਸਦੀਵੀ ਆਨੰਦਮਈ ਆਦਰਸ਼ਕ ਜੀਵਨ ਦਾ ਰਾਹ ਦਿਖਾਉਂਦੀਆਂ ਹਨ। ਸ੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਸ਼ਾਖਾ ਲਈ ਅੱਜ ਇਹ ਚਿੰਤਾ ਤੇ ਚਿੰਤਨ ਦਾ ਵਿਸ਼ਾ ਹੈ ਕਿ ਸਿੱਖ ਸਮਾਜ ਅੰਦਰ ਸਿਧਾਂਤ ਅਤੇ ਜੀਵਨ ਅਮਲ ਵਿਚ ਪੈ ਰਹੇ ਵੱਡੇ ਪਾੜੇ ਦੇ ਮੂਲ ਕਾਰਨਾਂ ਨੂੰ ਲੱਭ ਕੇ ਇਸ ਦੇ ਹੱਲ ਵੱਲ ਕਿਵੇਂ ਤੁਰਿਆ ਜਾਵੇ?
ਸਮਾਜਿਕ ਜੀਵਨ ਅੰਦਰ ਦਿਖਾਵਾ, ਫ਼ਜ਼ੂਲ-ਖ਼ਰਚੀ, ਦਾਜ-ਦਹੇਜ ਅਤੇ ਹੋਰ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਵਰਗੇ ਭਖਦੇ ਸਮਾਜਿਕ ਸਰੋਕਾਰਾਂ ਨੂੰ ਮੁਖਾਤਿਬ ਹੋਏ ਬਗੈਰ ਇਸ ਵੇਲੇ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਦੀ ਗੱਲ ਕਰਨੀ ਬੇਮਾਅਨੀ ਹੋਵੇਗੀ। ਅਜਿਹਾ ਇਸ ਲਈ ਕਿਉਂਕਿ ਗੁਰੂ ਸਾਹਿਬਾਨ ਨੇ ਜੀਵਨ ਦੀ ਸਮੁੱਚਤਾ ਅਤੇ ਸਮਾਜ ਨਾਲੋਂ ਟੁੱਟੀ ਹੋਈ ਧਾਰਮਿਕਤਾ ਨੂੰ ਪ੍ਰਵਾਨ ਨਹੀਂ ਕੀਤਾ। ਗੁਰੂ ਸਾਹਿਬਾਨ ਨੇ ਜਿਸ ਹਵਾ ਨੂੰ ‘ਗੁਰੂ’, ਪਾਣੀ ਨੂੰ ‘ਪਿਤਾ’ ਅਤੇ ਧਰਤੀ ਨੂੰ ‘ਮਾਤਾ’ ਦਾ ਰੁਤਬਾ ਦਿੰਦਿਆਂ ਵਾਤਾਵਰਨ ਪ੍ਰਤੀ ਮਨੁੱਖ ਨੂੰ ਏਨੀ ਉੱਚੀ ਚੇਤਨਾ ਦਿੱਤੀ ਹੋਵੇ, ਉਸ ਮਹਾਨ ਫ਼ਲਸਫ਼ੇ ਦੇ ਵਾਰਸਾਂ ਦੀ ਧਰਤੀ ’ਤੇ ਵਾਤਾਵਰਨ ਇੰਨੀ ਵੱਡੀ ਪੱਧਰ ’ਤੇ ਵਿਗੜ ਰਿਹਾ ਹੋਵੇ ਕਿ ਹਵਾ ਮਨੁੱਖ ਦੇ ਸਾਹ ਲੈਣ ਯੋਗ, ਪਾਣੀ ਪੀਣ ਯੋਗ ਅਤੇ ਧਰਤੀ ਰਹਿਣ ਯੋਗ ਨਾ ਰਹੇ, ਇਹ ਬੇਹੱਦ ਚਿੰਤਾਜਨਕ ਹੈ। ਸ੍ਰੋਮਣੀ ਕਮੇਟੀ ਨੂੰ ਵਾਤਾਵਰਨ ਪ੍ਰਤੀ ਜਾਗਰੂਕਤਾ ਦੀ ਸਰਗਰਮ ਤੇ ਸਿੱਟਾਮੁਖੀ ਮੁਹਿੰਮ ਚਲਾਉਣੀ ਚਾਹੀਦੀ ਹੈ। ਸ੍ਰੋਮਣੀ ਕਮੇਟੀ ਦੇ ਪੰਜਾਬ ’ਚ ਕਈ ਵੱਡੇ ਤੇ ਅਤਿ-ਆਧੁਨਿਕ ਹਸਪਤਾਲ ਹਨ ਪਰ ਲੋੜ ਹੈ ਇਨ੍ਹਾਂ ਦੇ ਬੂਹੇ ਲੋੜਵੰਦ ਤੇ ਗ਼ਰੀਬ ਲੋਕਾਂ ਲਈ ਖੋਲ੍ਹਣ ਦੀ। ਜੇ ਡੇਰੇਦਾਰ ਸੰਸਥਾਵਾਂ ਲੋਕਾਂ ਨੂੰ ਆਪਣੇ ਪੈਰੋਕਾਰ ਬਣਾਉਣ ਲਈ ਵੱਡੇ ਪੱਧਰ ’ਤੇ ਗ਼ਰੀਬਾਂ ਨੂੰ ਆਧੁਨਿਕ ਹਸਪਤਾਲਾਂ ਵਿਚ ਸਸਤਾ ਤੇ ਮਿਆਰੀ ਇਲਾਜ ਦੇ ਸਕਦੀਆਂ ਹਨ ਤਾਂ ਸ੍ਰੋਮਣੀ ਕਮੇਟੀ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਇਸ ਤੋਂ ਬਿਹਤਰੀਨ ਕਾਰਜ ਕਿਉਂ ਨਹੀਂ ਕਰ ਸਕਦੀ? ਪੰਜਾਬ ’ਚ ਮਿਆਰੀ ਸਿੱਖਿਆ ਦੀ ਅਣਹੋਂਦ ਕਾਰਨ ਵੱਡੀ ਗਿਣਤੀ ਵਿਚ ਬੱਚੇ ਅਤੇ ਨੌਜਵਾਨ ਪੜ੍ਹਨ ਦੇ ਬਹਾਨੇ ਵਿਦੇਸ਼ਾਂ ਵੱਲ ਭੱਜ ਰਹੇ ਹਨ। ਪੰਜਾਬ ਦੇ ਪੇਂਡੂ ਖੇਤਰਾਂ ’ਚ ਸਿੱਖਿਆ ਦਾ ਪੱਧਰ ਬਹੁਤ ਨੀਵਾਂ ਚਲਿਆ ਗਿਆ ਹੈ। ਇਕ ਸਰਵੇਖਣ ਅਨੁਸਾਰ ਪੰਜਾਬ ਦੇ 60 ਫ਼ੀਸਦੀ ਸਿੱਖ ਨੌਜਵਾਨ ਦਸਵੀਂ ਪੱਧਰ ਦੀ ਪੜ੍ਹਾਈ ਤੋਂ ਅੱਗੇ ਨਹੀਂ ਵਧ ਰਹੇ। ਉਚੇਰੀ ਸਿੱਖਿਆ ਵਿਚ ਸਿੱਖ ਨੌਜਵਾਨਾਂ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਹੈ।
ਇਸ ਲਈ ਪੰਜਾਬ ’ਚ ਵਿਸ਼ਵ ਪੱਧਰੀ ਸਿੱਖਿਆ ਮੁਹੱਈਆ ਕਰਵਾਉਣ ਅਤੇ ਪੇਂਡੂ ਸਿੱਖ ਭਾਈਚਾਰੇ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਦੀ ਸੁਚੱਜੀ ਵਿਉਂਤਬੰਦੀ ਵਿਚ ਸਰਗਰਮ ਸ਼ਮੂਲੀਅਤ ਕਰਨੀ ਵੀ ਸ੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਲਈ ਬਣਦੇ ਸਰੋਕਾਰਾਂ ਤੋਂ ਬਾਹਰ ਨਹੀਂ ਹੈ। ਸ੍ਰੋਮਣੀ ਕਮੇਟੀ ਦੁਨਿਆਵੀ ਸਿੱਖਿਆ ਤੇ ਸਿੱਖ ਧਰਮ ਦੀ ਨੈਤਿਕਤਾ ਦੇ ਪਰਸਪਰ ਪ੍ਰਸਾਰ ਲਈ ਪੰਜਾਬ ਭਰ ’ਚ ਇਕ ਸੌ ਤੋਂ ਵੱਧ ਸਕੂਲ/ਕਾਲਜ ਤੇ ਦੋ ’ਵਰਸਿਟੀਆਂ ਵੀ ਚਲਾ ਰਹੀ ਹੈ। ਇਸ ਦੇ ਨਾਲ ਹੀ ਸਿੱਖ ਜੀਵਨ ’ਚ ਸਿਧਾਂਤਕ ਕਮਜ਼ੋਰੀਆਂ, ਸਮਰੱਥ ਸਿੱਖ ਸੰਸਥਾਵਾਂ ਦੇ ਅਣਗੌਲੇਪਣ ਕਾਰਨ ਸਿੱਖ ਸਮਾਜ ਦੇ ਆਰਥਿਕ ਤੌਰ ’ਤੇ ਪੱਛੜੇ ਇਕ ਅਹਿਮ ਹਿੱਸੇ (ਸ਼ਿਕਲੀਗਰ, ਵਣਜਾਰੇ ਤੇ ਮਜ਼੍ਹਬੀ ਸਿੱਖ) ਦਾ ਸਿੱਖ ਧਰਮ ਤੋਂ ਦੂਰ ਜਾਣਾ ਆਦਿ ਬਾਹਰਲੀਆਂ ਚੁਣੌਤੀਆਂ ਮੂੰਹ ਅੱਡੀ ਖੜ੍ਹੀਆਂ ਹਨ ਪਰ ਸਾਡੀਆਂ ਸਿੱਖ ਸੰਸਥਾਵਾਂ ਤੇ ਜਥੇਬੰਦੀਆਂ ਇਨ੍ਹਾਂ ਨੂੰ ਮੁਖਾਤਿਬ ਹੋਣ ਦੀ ਥਾਂ ਸਿਆਸੀ ਲੜਾਈਆਂ ’ਚ ਮਸ਼ਗੂਲ ਹਨ।
ਅਠਾਰਵੀਂ ਸਦੀ ਦੇ ਮਿਸਲ ਕਾਲ ਦੌਰਾਨ ਭਾਵੇਂ ਸਿੱਖ ਪੰਥ ਵੱਖ-ਵੱਖ ਮਿਸਲਾਂ ’ਚ ਵੰਡਿਆ ਹੋਇਆ ਸੀ ਅਤੇ ਇਲਾਕਿਆਂ ’ਤੇ ਕਬਜ਼ੇ ਕਰਨ ਲਈ ਸਿੱਖ ਮਿਸਲਾਂ ਦੀਆਂ ਆਪਸ ’ਚ ਤਿੱਖੀਆਂ ਦੁਸ਼ਮਣੀਆਂ ਵੀ ਹੁੰਦੀਆਂ ਸਨ ਪਰ ਗੁਰੂ-ਪੰਥ ਦੀ ਚੜ੍ਹਦੀਕਲਾ ਤੇ ਇਤਫ਼ਾਕ ਦੇ ਸਵਾਲ ’ਤੇ ਸਾਰੇ ਇਕਮੁੱਠ ਹੋ ਜਾਂਦੇ ਸਨ।
ਦੀਵਾਲੀ ਜਾਂ ਵਿਸਾਖੀ ਦੇ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਸਾਰੀਆਂ ਮਿਸਲਾਂ ਵੱਲੋਂ ਆਪਸੀ ਧੜੇਬੰਦੀਆਂ ਤੇ ਵਖਰੇਵਿਆਂ ਨੂੰ ਪਾਸੇ ਰੱਖ ਕੇ ਬਿਖੜੇ ਹਾਲਾਤ ਦਾ ਟਾਕਰਾ ਕਰਨ ਤੇ ਸਿੱਖ ਪੰਥ ਦੀ ਚੜ੍ਹਦੀਕਲਾ ਲਈ ਸਿਰ ਜੋੜ ਕੇ ਵਿਚਾਰਾਂ ਕੀਤੀਆਂ ਜਾਂਦੀਆਂ ਸਨ। ਅੱਜ ਵੀ ਸਿੱਖ ਪੰਥ ਦੀਆਂ ਧਾਰਮਿਕ ਤੇ ਸਿਆਸੀ ਜਥੇਬੰਦੀਆਂ ’ਚ ਇਹੋ ਜਿਹੇ ਇਤਫ਼ਾਕ ਦੀ ਨਿਹਾਇਤ ਲੋੜ ਹੈ। ਸਮਰੱਥ ਸੰਸਥਾ ਹੋਣ ਨਾਤੇ ਸ੍ਰੋਮਣੀ ਕਮੇਟੀ ਨੂੰ ਹੀ ਪੰਥਕ ਏਕਤਾ ਦੀ ਜ਼ਮੀਨ ਤਿਆਰ ਕਰਨੀ ਚਾਹੀਦੀ ਹੈ।