ਦਰਬਾਰ ਸਾਹਿਬ ਦੇ ਲੰਗਰ ਸਟੋਰ ਤੇ ਪਾਰਕਿੰਗ ਦੀ ਸੇਵਾ ਸ਼ੁਰੂ

ਦਰਬਾਰ ਸਾਹਿਬ ਦੇ ਲੰਗਰ ਸਟੋਰ ਤੇ ਪਾਰਕਿੰਗ ਦੀ ਸੇਵਾ ਸ਼ੁਰੂ

ਅੰਮ੍ਰਿਤਸਰ- ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜਦੀਆਂ ਸੰਗਤਾਂ ਦੀ ਸਹੂਲਤ ਲਈ ਕਾਰ ਪਾਰਕਿੰਗ ਅਤੇ ਗੁਰੂ ਰਾਮਦਾਸ ਲੰਗਰਘਰ ਦੀਆਂ ਰਸਦਾਂ ਲਈ ਸਟੋਰ ਦੀ ਇਮਾਰਤ ਵਾਸਤੇ ਉਸਾਰੀ ਲਈ ਅੱਜ ਕਾਰ ਸੇਵਾ ਦੀ ਸ਼ੁਰੂਆਤ ਕੀਤੀ ਗਈ।

ਸ਼੍ਰੋਮਣੀ ਕਮੇਟੀ ਵੱਲੋਂ ਇਹ ਕਾਰ ਪਾਰਕਿੰਗ ਅਤੇ ਰਸਦਾਂ ਲਈ ਸਟੋਰ ਰਾਮ ਤਲਾਈ ਚੌਕ ਨਜ਼ਦੀਕ ਪੁਰਾਣੀ ਹੰਸਲੀ ਦੇ ਸਥਾਨ ’ਤੇ ਬਣਾਇਆ ਜਾਵੇਗਾ, ਜਿਸ ਦੀ ਸੇਵਾ ਬਾਬਾ ਜਗਤਾਰ ਸਿੰਘ ਕਾਰਸੇਵਾ ਵਾਲਿਆਂ ਨੂੰ ਸੌਂਪੀ ਗਈ ਹੈ। ਕਾਰਸੇਵਾ ਦੀ ਆਰੰਭਤਾ ਮੌਕੇ ਖਾਲਸਾਈ ਰਵਾਇਤ ਮੁਤਾਬਕ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਸੁਲਤਾਨ ਸਿੰਘ ਨੇ ਪਾਠ ਕੀਤਾ ਅਤੇ ਅਰਦਾਸ ਭਾਈ ਸੁਖਦੇਵ ਸਿੰਘ ਵੱਲੋਂ ਕੀਤੀ ਗਈ, ਜਿਸ ਮਗਰੋਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਟੱਕ ਲਗਾ ਕੇ ਸੇਵਾ ਆਰੰਭ ਕੀਤੀ।

ਅੱਜ ਲੰਗਰ ਸਟੋਰ ਅਤੇ ਪਾਰਕਿੰਗ ਦੀ ਇਮਾਰਤ ਵਾਸਤੇ ਸੇਵਾ ਆਰੰਭ ਕਰਨ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਬਾਵਾ ਸਿੰਘ ਗੁਮਾਨਪੁਰਾ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸੁਰਜੀਤ ਸਿੰਘ ਭਿੱਟੇਵੱਡ, ਮੰਗਵਿੰਦਰ ਸਿੰਘ ਖਾਪੜਖੇੜੀ, ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਮੌਜੂਦ ਸਨ।