ਐਗਜ਼ਿਟ ਪੋਲ: ਤ੍ਰਿਪੁਰਾ ਤੇ ਨਾਗਾਲੈਂਡ ’ਚ ਮੁੜ ਭਾਜਪਾ ਗੱਠਜੋੜ ਦੀਆਂ ਸਰਕਾਰਾਂ ਬਣਨ ਦੀ ਪੇਸ਼ੀਨਗੋਈ

ਐਗਜ਼ਿਟ ਪੋਲ: ਤ੍ਰਿਪੁਰਾ ਤੇ ਨਾਗਾਲੈਂਡ ’ਚ ਮੁੜ ਭਾਜਪਾ ਗੱਠਜੋੜ ਦੀਆਂ ਸਰਕਾਰਾਂ ਬਣਨ ਦੀ ਪੇਸ਼ੀਨਗੋਈ

ਮੇਘਾਲਿਆ ਵਿੱਚ ਚਹੁੰ-ਕੋਣੀ ਮੁਕਾਬਲੇ ਦੀ ਸੰਭਾਵਨਾ
ਨਵੀਂ ਦਿੱਲੀ- ਮੇਘਾਲਿਆ ਤੇ ਨਾਗਾਲੈਂਡ ਵਿੱਚ ਅੱਜ ਅਸੈਂਬਲੀ ਚੋਣਾਂ ਦਾ ਅਮਲ ਮੁਕੰਮਲ ਹੋਣ ਮਗਰੋਂ ਜਾਰੀ ਚੋਣ ਸਰਵੇਖਣਾਂ ਵਿੱਚ ਤ੍ਰਿਪੁਰਾ ਤੇ ਨਾਗਾਲੈਂਡ ਵਿੱਚ ਮੁੜ ਭਾਜਪਾ ਗੱਠਜੋੜ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਗਿਆ ਹੈ ਜਦੋਂਕਿ ਮੇਘਾਲਿਆ ਵਿੱਚ ਚਹੁੰ-ਕੋਣੀ ਮੁਕਾਬਲੇ ਦੀ ਪੇਸ਼ੀਨਗੋਈ ਕੀਤੀ ਗਈ ਹੈ। ਨਾਗਾਲੈਂਡ ਵਿੱਚ ਭਾਜਪਾ ਤੇ ਐੱਨਡੀਪੀਪੀ ਗੱਠਜੋੜ ਨੂੰ 60 ਮੈਂਬਰੀ ਸੂਬਾਈ ਅਸੈਂਬਲੀ ਵਿੱਚ 35 ਤੋਂ 49 ਸੀਟਾਂ ਨਾਲ ਸਪਸ਼ਟ ਬਹੁਮਤ ਮਿਲਦਾ ਵਿਖਾਇਆ ਗਿਆ ਹੈ। ਉੱਤਰ ਪੂਰਬ ਦੇ ਇਨ੍ਹਾਂ ਰਾਜਾਂ ਵਿੱਚ ਵੋਟਾਂ ਦੀ ਗਿਣਤੀ 2 ਮਾਰਚ ਨੂੰ ਹੋਣੀ ਹੈ।
ਮੇਘਾਲਿਆ ਵਿੱਚ ਮੈਟਰਾਈਜ਼ ਐਗਜ਼ਿਟ ਪੋਲ ਵਿੱਚ ਐੱਨਪੀਪੀ ਨੂੰ 21 ਤੋਂ 26 ਸੀਟਾਂ, ਭਾਜਪਾ ਨੂੰ 6-11, ਤ੍ਰਿਣਮੂਲ ਕਾਂਗਰਸ 8-13, ਕਾਂਗਰਸ ਨੂੰ 3 ਤੋਂ 6 ਅਤੇ ਹੋਰਨਾਂ ਨੂੰ 10 ਤੋਂ 19 ਸੀਟਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਇੰਡੀਆ ਟੂਡੇ ਐਕਸਿਸ ਮਾਈ ਇੰਡੀਆ ਨੇ ਭਾਜਪਾ ਨੂੰ 4-8, ਕਾਂਗਰਸ ਨੂੰ 6-12, ਐੱਨਪੀਪੀ 18-24, ਟੀਐੱਮਸੀ 5-9 ਤੇ ਹੋਰਾਂ ਨੂੰ 12 ਤੋਂ 20 ਸੀਟਾਂ ਮਿਲਦੀਆਂ ਵਿਖਾਈਆਂ ਹਨ। ਪਿਛਲੀਆਂ ਅਸੈਂਬਲੀ ਚੋਣਾਂ ਵਿੱਚ 21 ਸੀਟਾਂ ਨਾਲ ਕਾਂਗਰਸ ਮੇਘਾਲਿਆ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਸੀ। ਹਾਲਾਂਕਿ ਕੋਨਰਾਡ ਸੰਗਮਾ ਦੀ ਅਗਵਾਈ ਵਾਲੀ ਨੈਸ਼ਨਲ ਪੀਪਲਜ਼ ਪਾਰਟੀ 20 ਸੀਟਾਂ ਜਿੱਤਣ ਮਗਰੋਂ ਭਾਜਪਾ ਨਾਲ ਗੱਠਜੋੜ ਸਰਕਾਰ ਬਣਾਉਣ ਵਿੱਚ ਸਫ਼ਲ ਰਹੀ ਸੀ। ਹਾਲਾਂਕਿ ਐਤਕੀਂ ਕਾਂਗਰਸ, ਭਾਜਪਾ, ਐੱਨਪੀਪੀ ਤੇ ਤ੍ਰਿਣਮੂਲ ਕਾਂਗਰਸ ਨੇ ਆਪੋ ਆਪਣੇ ਦਮ ’ਤੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਸੀ।
ਉਧਰ ਨਾਗਾਲੈਂਡ ਵਿੱਚ ਜ਼ੀ ਨਿਊਜ਼ ਮੈਟਰਿਜ਼ ਦੇ ਐਗਜ਼ਿਟ ਪੋਲ ਵਿੱਚ ਭਾਜਪਾ ਤੇ ਐੱਨਡੀਪੀਪੀ ਨੂੰ 35-23, ਕਾਂਗਰਸ 1-3, ਐੱਨਪੀਐੱਫ 2-5, ਐੱਨਪੀਪੀ 1 ਤੇ ਹੋਰਨਾਂ 6-11 ਸੀਟਾਂ ਮਿਲਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇੰਡੀਆ ਟੂਡੇ ਐਕਸਿਸ ਮਾਈ ਇੰਡੀਆ ਨੇ ਭਾਜਪਾ ਤੇ ਐੱਨਡੀਪੀਪੀ ਨੂੰ 38 ਤੋਂ 48, ਕਾਂਗਰਸ 1-2, ਐੱਨਪੀਐੱਫ 3-8 ਤੇ ਹੋਰਾਂ ਨੂੰ 5-15 ਸੀਟਾਂ ਦਿੱਤੀਆਂ ਹਨ। ਤ੍ਰਿਪੁਰਾ ਵਿੱਚ ਲਗਪਗ ਸਾਰੇ ਚੋਣ ਸਰਵੇਖਣਾਂ ਵਿੱਚ ਭਾਜਪਾ ਗੱਠਜੋੜ ਵੱਲੋਂ ਮੁੜ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ। ਇੰਡੀਆ ਟੂਡੇ ਐਕਸਿਸ ਮਾਈ ਇੰਡੀਆ ਨੇ ਭਾਜਪਾ ਗੱਠਜੋੜ ਨੂੰ 36-45, ਕਾਂਗਰਸ ਨੂੰ ਸਿਫਰ, ਖੱਬੇਪੱਖੀਆਂ ਨੂੰ 6-11, ਟਿਪਰਾ ਨੂੰ 9-16 ਤੇ ਹੋਰਨਾਂ ਨੂੰ ਸਿਫ਼ਰ ਸੀਟ ਮਿਲਦੀ ਦਰਸਾਈ ਹੈ।