ਬੇਅਦਬੀ ਇਨਸਾਫ ਮੋਰਚਾ 4 ਨੂੰ ਕਰਵਾੲੇਗਾ ਸ਼ੁਕਰਾਨਾ ਸਮਾਗਮ

ਬੇਅਦਬੀ ਇਨਸਾਫ ਮੋਰਚਾ 4 ਨੂੰ ਕਰਵਾੲੇਗਾ ਸ਼ੁਕਰਾਨਾ ਸਮਾਗਮ

ਕੋਟਕਪੂਰਾ/ਜੈਤੋ- ਬਹਿਬਲ ਕਲਾ ਬੇਅਦਬੀ ਇਨਸਾਫ ਮੋਰਚੇ ਵੱਲੋਂ 2 ਮਾਰਚ ਨੂੰ ਬਹਿਬਲ ਕਲਾਂ ਵਿਚ ਸ਼ੁਕਰਾਨਾ ਸਮਾਗਮ ਤਹਿਤ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕੀਤੇ ਜਾਣਗੇ ਜਿਸ ਦੇ 4 ਮਾਰਚ ਨੂੰ ਭੋਗ ਪਾਉਣ ਮਗਰੋਂ ਬਹਿਬਲ ਕਲਾਂ ਵਿਚ ਵੱਡਾ ਇਕੱਠ ਕਰਕੇ ਸ਼ੁਕਰਾਨਾ ਸਮਾਗਮ ਕਰਵਾਇਆ ਜਾਵੇਗਾ। 5 ਮਾਰਚ ਨੂੰ ਸ਼ੁਕਰਾਨਾ ਮਾਰਚ ਬਹਿਬਲ ਕਲਾ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਰਵਾਨਾ ਹੋਵੇਗਾ। ਬੇਅਦਬੀ ਇਨਸਾਫ ਮੋਰਚੇ ਵੱਲੋਂ ਅੱਜ ਇਹ ਫੈਸਲਾ ਪੰਥਕ ਧਿਰਾਂ ਦੀ ਹੋਈ ਸਾਂਝੀ ਬੈਠਕ ਵਿੱਚ ਲਿਆ ਗਿਆ। ਬੇਅਦਬੀ ਇਨਸਾਫ ਮੋਰਚੇ ਦੇ ਆਗੂ ਮਰਹੂਮ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨਿਆਮੀਵਾਲਾ ਨੇ ਆਖਿਆ ਕਿ ਕੋਟਕਪੂਰਾ ਗੋਲੀਕਾਂਡ ਕਾਂਡ ਦੀ ਜਾਂਚ ਕਰ ਰਹੀ ਸਪੈਸ਼ਲ ਜਾਂਚ ਟੀਮ ਵੱਲੋਂ ਫਰੀਦਕੋਟ ਦੀ ਕਚਹਿਰੀ ਅੰਦਰ ਦਾਖਲ ਕੀਤੀ 7 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਡੀਆਈਜੀ ਅਮਰ ਸਿੰਘ ਚਾਹਿਲ, ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਅਤੇ ਉਸ ਵੇਲੇ ਦੇ ਐੱਸਐੱਸਪੀ ਸੁਖਮੰਦਰ ਸਿੰਘ ਮਾਨ ਅਤੇ ਐੱਸਐੱਚਓ ਗੁਰਦੀਪ ਸਿੰਘ ਪੰਧੇਰ ਨੂੰ ਮੁਲਜ਼ਮ ਵਜੋਂ ਸ਼ਾਮਲ ਕਰਨ ਨਾਲ ਉਨ੍ਹਾਂ ਦੀ ਮੁੱਖ ਮੰਗ ਪੂਰੀ ਹੋਈ ਹੈ। ਮੋਰਚਾ ਸਮਾਪਤ ਕਰਨ ਬਾਰੇ ਫਿਲਹਾਲ ਆਗੂਆਂ ਵੱਲੋਂ ਕੁਝ ਵੀ ਸਪੱਸ਼ਟ ਨਹੀਂ ਦੱਸਿਆ ਗਿਆ। ਦੱਸਣਯੋਗ ਹੈ ਕਿ 2015 ’ਚ ਵਾਪਰੇ ਕੋਟਕਪੂਰਾ ਅਤੇ ਬਹਿਬਲ ਕਲਾ ਗੋਲੀ ਕਾਂਡ ਵਿੱਚ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ। ਇਸ ਮਗਰੋਂ ਮਾਮਲੇ ਦੀ ਜਾਂਚ ਲਈ ਤਿੰਨ ਵਿਸ਼ੇਸ਼ ਜਾਂਚ ਟੀਮਾਂ ਬਣਾਈਆਂ ਗਈਆਂ। ਹਾਈ ਕੋਰਟ ਦੇ ਹੁਕਮ ’ਤੇ ਏਡੀਜੀ ਐੱਲਕੇ ਯਾਦਵ ਦੀ ਅਗਵਾਈ ਹੇਠ ਨਵੀ ਜਾਂਚ ਟੀਮ ਬਣਾਈ ਗਈ ਜਿਸ ਨੇ ਤਿੰਨ ਦਿਨ ਪਹਿਲਾਂ ਫਰੀਦਕੋਟ ਅਦਾਲਤ ਵਿੱਚ ਚਾਰਜਸ਼ੀਟ ਦਾਖਲ ਕੀਤੀ।