ਭਗਵੰਤ ਮਾਨ ਵੱਲੋਂ ਗੁਜਰਾਤ ਦੇ ਕਿਸਾਨਾਂ ਨੂੰ ਪਿਆਜ਼ ਖਰੀਦਣ ਦਾ ਭਰੋਸਾ

ਭਗਵੰਤ ਮਾਨ ਵੱਲੋਂ ਗੁਜਰਾਤ ਦੇ ਕਿਸਾਨਾਂ ਨੂੰ ਪਿਆਜ਼ ਖਰੀਦਣ ਦਾ ਭਰੋਸਾ

ਭਾਵਨਗਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਗੁਜਰਾਤ ’ਚ ਭਾਵਨਗਰ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਦੀਆਂ ਪੰਜਾਬ ਤੇ ਦਿੱਲੀ ਵਿਚਲੀਆਂ ਸਰਕਾਰਾਂ ਉਨ੍ਹਾਂ ਦੇ ਪਿਆਜ਼ ਖਰੀਦਣਗੀਆਂ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਘਾਟਾ ਨਹੀਂ ਝੱਲਣਾ ਪਵੇਗਾ। ਇੱਥੇ ਸਰਕਟ ਹਾਊਸ ਵਿੱਚ ਅੱਜ ਭਾਵਨਗਰ ਜ਼ਿਲ੍ਹੇ ਦੇ ਕਈ ਕਿਸਾਨਾਂ ਵੱਲੋਂ ਮਾਨ ਨਾਲ ਮੁਲਾਕਾਤ ਕੀਤੀ ਗਈ। ਉਨ੍ਹਾਂ ਮਾਨ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਇੱਥੇ ਭਰਵੀਂ ਪੈਦਾਵਾਰ ਹੋਣ ਕਾਰਨ ਪਿਆਜ਼ ਦੀਆਂ ਕੀਮਤਾਂ ਬਹੁਤ ਹੇਠਾਂ ਗਈਆਂ ਹਨ।

ਮਾਨ ਨੇ ‘ਆਪ’ ਦੀ ਗੁਜਰਾਤ ਇਕਾਈ ਦੇ ਪ੍ਰਧਾਨ ਇਸੂਦਾਨ ਗੜਵੀ ਨੂੰ ਕਿਸਾਨਾਂ ਦੇ ਵੇਰਵੇ ਇਕੱਠੇ ਕਰਨ ਲਈ ਕਿਹਾ ਤਾਂ ਜੋ ਪਾਰਟੀ ਇਹ ਮੁੱਦਾ ਆਗਾਮੀ ਪਾਰਟੀਮੈਂਟ ਦੇ ਸੈਸ਼ਨ ਦੌਰਾਨ ਲੋਕ ਸਭਾ ਤੇ ਰਾਜ ਸਭਾ ਵਿੱਚ ਚੁੱਕ ਸਕੇ। ਮੁੱਖ ਮੰਤਰੀ ਮਾਨ ਨੇ ਕਿਹਾ,‘ਕਿਸਾਨ ਦਾ ਪੁੱਤ ਹੋਣ ਦੇ ਨਾਤੇ ਮੈਂ ਤੁਹਾਡੀ ਤਕਲੀਫ ਸਮਝਦਾ ਹਾਂ। ਆਪਣੀ ਫ਼ਸਲ ਬਰਬਾਦ ਨਾ ਕਰੋ। ਮੈਂ ਪੰਜਾਬ ਤੇ ਦਿੱਲੀ ਵਿੱਚ ਪਿਆਜ਼ ਦੀ ਮੰਗ ਬਾਰੇ ਪਤਾ ਕਰਵਾਵਾਂਗਾ ਅਤੇ ਇੱਥੋਂ ਰੇਲਗੱਡੀ ਰਾਹੀਂ ਤੁਹਾਡਾ ਪਿਆਜ਼ ਉੱਥੇ ਭੇਜਿਆ ਜਾਵੇਗਾ।’