ਮੂਸੇਵਾਲਾ ਕਤਲ ਕਾਂਡ ਵਿੱਚ ਫੜੇ ਗਏ ਦੋ ਗੈਂਗਸਟਰਾਂ ਦੀ ਜੇਲ੍ਹ ’ਚ ਝੜਪ ਦੌਰਾਨ ਮੌਤ

ਮੂਸੇਵਾਲਾ ਕਤਲ ਕਾਂਡ ਵਿੱਚ ਫੜੇ ਗਏ ਦੋ ਗੈਂਗਸਟਰਾਂ ਦੀ ਜੇਲ੍ਹ ’ਚ ਝੜਪ ਦੌਰਾਨ ਮੌਤ

ਅੱਧੀ ਦਰਜਨ ਦੇ ਕਰੀਬ ਜ਼ਖਮੀ; ਕੇਸ ਦਰਜ
ਸ੍ਰੀ ਗੋਇੰਦਵਾਲ ਸਾਹਿਬ,-ਇੱਥੋਂ ਦੀ ਕੇਂਦਰੀ ਜੇਲ੍ਹ ਵਿੱਚ ਅੱਜ ਗੈਂਗਸਟਰਾਂ ਦੇ ਦੋ ਧੜਿਆਂ ਵਿਚਾਲੇ ਹੋਈ ਝੜਪ ਮਗਰੋਂ ਮੂਸੇਵਾਲਾ ਕਤਲ ਕਾਂਡ ਨਾਲ ਜੁੜੇ ਦੋ ਗੈਂਗਸਟਰਾਂ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਜੇਲ੍ਹ ਵਿੱਚ ਬੰਦ ਮੂਸੇਵਾਲਾ ਕਤਲ ਕਾਂਡ ਨਾਲ ਸਬੰਧਤ ਗੈਂਗਸਟਰਾਂ ਦਾ ਦੂਜੇ ਧੜੇ ਨਾਲ ਪਿਛਲੇ ਕਈ ਦਿਨਾਂ ਤੋਂ ਟਕਰਾਅ ਚੱਲ ਰਿਹਾ ਸੀ। ਇਹ ਟਕਰਾਅ ਅੱਜ ਖੂਨੀ ਝੜਪ ਵਿੱਚ ਤਬਦੀਲ ਹੋ ਗਿਆ। ਝੜਪ ਵਿੱਚ ਪੰਜ ਹੋਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਤਰਨ ਤਾਰਨ ਦੇ ਹਸਪਤਾਲ ਲਿਜਾਇਆ ਗਿਆ। ਮ੍ਰਿਤਕਾਂ ਦੀ ਪਛਾਣ ਮਨਦੀਪ ਸਿੰਘ ਤੂਫਾਨ ਤੇ ਮਨਮੋਹਨ ਸਿੰਘ ਮੋਹਨਾ ਦੇ ਤੌਰ ’ਤੇ ਹੋਈ ਹੈ ਜੋ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸ਼ੁੱਭ ਮੂਸੇਵਾਲਾ ਕਤਲ ਕਾਂਡ ਵਿੱਚ ਨਾਮਜ਼ਦ ਸਨ। ਐੱਸਐੱਚਓ ਰਾਜਿੰਦਰ ਨੇ ਦੱਸਿਆ ਕਿ ਜੇਲ੍ਹ ਵਿੱਚ ਹੋਈ ਖੂਨੀ ਝੜਪ ਵਿੱਚ ਦੋ ਗੈਂਗਸਟਰਾਂ ਦੀ ਮੌਤ ਹੋ ਗਈ ਹੈ ਜਦਕਿ ਕੇਸ਼ਵ ਨਾਮੀ ਗੈਂਗਸਟਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਲਿਜਾਇਆ ਗਿਆ ਹੈ। ਬਾਕੀ ਜ਼ਖਮੀ ਹੋਏ ਗੈਂਗਸਟਰਾਂ ਨੂੰ ਤਰਨ ਤਾਰਨ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਟਕਰਾਅ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਜੇਲ੍ਹ ਵਿੱਚ ਬੰਦ ਮੁਲਜ਼ਮਾਂ ਕੋਲ ਤੇਜ਼ਧਾਰ ਹਥਿਆਰ ਪਹੁੰਚਣ ਸਬੰਧੀ ਜੇਲ੍ਹ ਅਧਿਕਾਰੀਆਂ ਨੇ ਚੁੱਪੀ ਧਾਰੀ ਹੋਈ ਹੈ। ਇਸ ਦੌਰਾਨ ਗੈਂਗਸਟਰ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ ਪਰ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ ਹੈ।