ਆਰਥਿਕ ਪਤਨ ਦੀ ਕਗਾਰ ’ਤੇ ਕੈਨੇਡਾ

ਆਰਥਿਕ ਪਤਨ ਦੀ ਕਗਾਰ ’ਤੇ ਕੈਨੇਡਾ

ਦਰਬਾਰਾ ਸਿੰਘ ਕਾਹਲੋਂ

ਕੀ ਕੈਨੇਡਾ ਆਰਥਿਕ ਪੱਖੋਂ ਜਿੱਲ੍ਹਣ ਵੱਲ ਵਧ ਰਿਹਾ ਹੈ? ਕੀ ਇਸ ਦੀ ਅਜੋਕੀ ਰਾਜਨੀਤਕ ਲੀਡਰਸ਼ਿਪ ਆਰਥਿਕ ਦਿਸ਼ਾਹੀਣਤਾ ਦਾ ਸ਼ਿਕਾਰ ਹੋ ਚੁੱਕੀ ਹੈ? ਕੀ 22 ਬਿਲੀਅਨ ਦੀ ਸਾਲਾਨਾ ਪਰਵਾਸੀ ਵਿਦਿਆਰਥੀਆਂ ਆਧਾਰਿਤ ਮਾਰਕਿਟ ਵੀ ਇਸ ਦੀ ਰੋੜ੍ਹੇ ਪਈ ਆਰਥਿਕਤਾ ਨੂੰ ਠੁੰਮਣਾ ਦੇਣ ਤੋਂ ਨਾਕਾਮ ਰਹਿ ਰਹੀ ਹੈ? ਕੀ ਲਿੰਗ ਤੇ ਸਮਾਜਿਕ ਅਸਮਾਨਤਾ, ਆਰਥਿਕ ਤੇ ਉਜਰਤਾਂ ਵਿਚ ਵਧਦੇ ਪਾੜੇ ਭਰੀ ਬੇਇਨਸਾਫੀ ਨੇ ਕੈਨੇਡੀਅਨਾਂ ਨੂੰ ਘੋਰ ਨਿਰਾਸ਼ਾ ਅਤੇ ਉਤਸ਼ਾਹਹੀਣਤਾ ਦੇ ਆਲਮ ਵੱਲ ਧੱਕ ਦਿਤਾ ਹੈ? ਕੋਵਿਡ-19 ਮਹਾਮਾਰੀ ਬਾਅਦ ਹਲਾਤ ਇੰਨੇ ਸੰਗੀਨ ਬਣ ਚੁੱਕੇ ਹਨ ਕਿ ਆਏ ਦਿਨ ਰੋਜ਼ਾਨਾ ਜ਼ਰੂਰੀਆਤ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਵਾਧਾ ਘਰੇਲੂ ਆਰਥਿਕਤਾ ਨੂੰ ਨਿੰਬੂ ਵਾਂਗ ਨਿਚੋੜ ਰਿਹਾ ਹੈ। ਪਰਿਵਾਰ ਲਈ 500-600 ਡਾਲਰ ਦੀ ਮਾਸਿਕ ਗਰਾਸਰੀ ਹੁਣ 1500-2000 ਡਾਲਰ ਤਕ ਪਹੁੰਚ ਗਈ ਹੈ। ਵਿਆਜ ਦਰਾਂ ਵਿਚ ਵਾਧੇ (4.5 ਪ੍ਰਤੀਸ਼ਤ) ਨੇ ਗਰੀਬ ਅਤੇ ਮੱਧ ਵਰਗ ਦਾ ਲੱਕ ਤੋੜ ਕੇ ਰਖ ਦਿਤਾ ਹੈ। ਔਰਤਾਂ ਅਤੇ ਨੌਜਵਾਨ ਵਰਗ ਅਤਿ ਪੀੜਤ ਮਹਿਸੂਸ ਕਰ ਰਿਹਾ ਹੈ।

ਲੇਗਰ ਸਰਵੇ ਅਨੁਸਾਰ ਦੇਸ਼ ਦੀ ਵੱਡੀ ਬਹੁਗਿਣਤੀ ਇੰਝ ਮਹਿਸੂਸ ਕਰ ਰਹੀ ਹੈ ਜਿਵੇਂ ਦੇਸ਼ ਅੰਦਰ ਹਰ ਚੀਜ਼ ਟੁੱਟਣ ਦੇ ਦਹਾਨੇ ’ਤੇ ਖੜ੍ਹੀ ਹੈ। 55 ਸਾਲ ਤੋਂ ਉੱਪਰ ਵਾਲੇ 64 ਪ੍ਰਤੀਸ਼ਤ ਆਦਮੀ ਅਤੇ 70 ਪ੍ਰਤੀਸ਼ਤ ਔਰਤਾਂ ਦਾ ਮੰਨਣਾ ਹੈ ਕਿ ਕੈਨੇਡਾ ਆਰਥਿਕ, ਸਮਾਜਿਕ, ਜਨਤਕ ਸੇਵਾਵਾਂ ਪੱਖੋਂ ਨਾਕਾਮ ਸਿੱਧ ਹੋ ਰਿਹਾ ਹੈ। ਅਮਰੀਕਾ ਅਤੇ ਪੱਛਮੀ ਦੇਸ਼ਾਂ ਦੇ ਰਾਜਨੀਤਕ ਆਗੂ ਸਮਝਦੇ ਹਨ ਕਿ ਕੈਨੇਡੀਅਨ ਨਾਗਰਿਕ ਉਨ੍ਹਾਂ ਦੇ ਦੇਸ਼ਾਂ ਦੇ ਨਾਗਰਿਕਾਂ ਨੂੰ ਮਿਲ ਰਹੀਆਂ ਸਹੂਲਤਾਂ, ਤਨਖਾਹਾਂ, ਰੋਜ਼ਾਨਾ ਉਜਰਤਾਂ, ਜਨਤਕ ਸੇਵਾਵਾਂ ਤੋਂ ਪੱਛੜੇ ਮਹਿਸੂਸ ਕਰ ਰਹੇ ਹਨ। ਪੱਛਮੀ ਦੇਸ਼ ਹੀ ਨਹੀਂ ਬਲਕਿ ਕੈਨੇਡਾ ਦੇ ਮਨੀਟੋਬਾ, ਸਸਕੈਚਵਨ, ਅਲਬਰਟਾ ਸੂਬਿਆਂ ਦੇ ਲੋਕ ਸਮਝ ਰਹੇ ਹਨ ਕਿ ਦੇਸ਼ ਮਾਰੂ ਖੜੋਤ ਦਾ ਸ਼ਿਕਾਰ ਹੈ। ਫਰਾਂਸੀਸੀ ਭਾਸ਼ਾਈ ਸੂਬੇ ਕਿਊਬੈਕ ਦੇ 59 ਪ੍ਰਤੀਸ਼ਤ ਲੋਕ ਵੀ ਆਰਥਿਕ ਪੱਖੋਂ ਹਨੇਰੀਆਂ ਗਲੀਆਂ ਦੇ ਸ਼ਿਕਾਰ ਮਹਿਸੂਸ ਕਰ ਰਹੇ ਹਨ।

ਸਤੰਬਰ 2004 ਵਿਚ ਕੈਨੇਡਾ ਦੇ 21ਵੇਂ ਪ੍ਰਧਾਨ ਮੰਤਰੀ ਪਾਲਮਾਰਟਨ ਨੇ ਦੇਸ਼ ਦੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵਿਆਪਕ ਸਿਹਤ ਸਮਝੌਤਾ ਕੀਤਾ ਤਾਂ ਕਿ ਦੇਸ਼ ਅੰਦਰ ਫੇਲ੍ਹ ਹੋਈਆਂ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਇਆ ਜਾ ਸਕੇ। ਮਕਸਦ ਸੀ ਕਿ ਹਰ ਨਾਗਰਿਕ ਤੱਕ ਬਰਾਬਰ ਕੁਆਲਿਟੀ ਸਿਹਤ ਸੇਵਾਵਾਂ ਪਹੁੰਚਣ। ਉਸ ਸਮੇਂ ਅੱਖਾਂ, ਗੋਡੇ ਬਦਲਣ, ਚੂਲਿਆਂ ਦੇ ਟੁੱਟਣ ਸੰਬੰਧੀ ਸਰਜਰੀਆਂ ਲਈ ਡਾਕਟਰੀ ਸੇਵਾਵਾਂ ਦੀ ਵੱਡੀ ਘਾਟ ਸੀ। ਪਰਿਵਾਰਾਂ ਸੰਬੰਧੀ ਡਾਕਟਰਾਂ ਤੋਂ ਸਿਹਤ ਸੰਬੰਧੀ ਮੁਲਾਕਾਤਾਂ ਦਾ ਸਮਾਂ ਲੈਣਾ ਬਹੁਤ ਔਖਾ ਸੀ ਲੇਕਿਨ ਕੁਝ ਸਮੇਂ ਬਾਅਦ ਨਵੀਂ ਨੀਤੀ ਫੇਲ੍ਹ ਹੋਣ ਲੱਗੀ। 2014 ਵਿਚ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਇਨ੍ਹਾਂ ਵਿਚ ਵੱਡੇ ਬਦਲਾਉ ਲਿਆਉਣ ਲਈ ਰਾਜਾਂ ਨੂੰ ਅਧਿਕਾਰ ਦੇਣ ਦਾ ਫੈਸਲਾ ਤਾਂ ਕੀਤਾ ਪਰ ਫੈਡਰਲ ਸਰਕਾਰ ਵੱਲੋਂ ਰਾਜਾਂ ਨੂੰ ਫੰਡ ਜਾਰੀ ਕਰਨ ਤੋਂ ਹੱਥ ਪਿਛੇ ਖਿੱਚਣ ਕਰ ਕੇ ਇਹ ਬਦਲ ਸਿਰੇ ਨਾ ਚੜ੍ਹਿਆ। ਅੱਜ ਹਾਲਤ 2004 ਤੋਂ ਵੀ ਮਾੜੇ ਹਨ। ਅੱਖਾਂ, ਗੋਡੇ ਬਦਲਣ, ਚੂਲਿਆਂ ਸੰਬੰਧੀ ਸਰਜਰੀਆਂ ਅਤੇ ਫੈਮਲੀ ਡਾਕਟਰਾਂ ਨਾਲ ਸਮੇਂ ਸਿਰ ਮੁਲਾਕਾਤਾਂ ਦਾ ਸਮਾਂ ਨਹੀਂ ਮਿਲ ਰਿਹਾ। ਬਹੁਤ ਸਾਰੇ ਭਾਰਤੀ ਤੁਰੰਤ ਇਲਾਜ ਲਈ ਭਾਰਤ ਚਲੇ ਜਾਂਦੇ ਹਨ।

ਨਵੀਂ ਸਟੈਟਿਸਟਿਕਸ ਰਿਪੋਰਟ ਦਰਸਾਉਂਦੀ ਹੈ ਕਿ ਨੌਜਵਾਨ ਬਾਲਗ ਕੈਨੇਡੀਅਨ ਸ਼ਹਿਰੀਆਂ ਦੀ ਵਿੱਤੀ ਹਾਲਤ ਇੰਨੀ ਗੰਭੀਰ ਅਤੇ ਚਿੰਤਾਜਨਕ ਦੌਰ ਵਿਚ ਪੁੱਜ ਗਈ ਹੈ ਕਿ ਉਹ ਸਮਾਜ ਵਿਚ ਜਿਊਣ ਤੇ ਵਿਚਰਨ ਲਈ ਮਾਨਸਿਕ ਤੌਰ ’ਤੇ ਪੀੜਾਦਾਇਕ ਦਬਾਅ ਹੇਠ ਮਹਿਸੂਸ ਕਰ ਰਹੇ ਹਨ। 35 ਪ੍ਰਤੀਸ਼ਤ ਕੈਨੇਡੀਅਨ ਦੱਸਦੇ ਹਨ ਕਿ ਪਿਛਲੇ ਵਰ੍ਹੇ ਉਹ ਅਤਿ ਦੀ ਘਰੇਲੂ ਵਿੱਤੀ ਘੁਟਣ ਵਿਚੋਂ ਗੁਜ਼ਰੇ ਹਨ; ਉਨ੍ਹਾਂ ਲਈ ਘਰੇਲੂ ਜ਼ਰੂਰਤਾਂ ਦੀ ਪੂਰਤੀ ਅਸੰਭਵ ਹੋ ਗਈ ਹੈ। ਕਰੀਬ ਅੱਠ ਜ਼ਰੂਰੀ ਵਸਤਾਂ ਦੇ ਖਪਤਕਾਰ ਕੀਮਤ ਇੰਡੈਕਸ ਵਿਚ 1982 ਤੋਂ ਬਾਅਦ ਇੰਨੇ ਵੱਡੇ ਪੱਧਰ ’ਤੇ ਵਾਧਾ ਹੋਇਆ ਕਿ ਉਹ ਉਨ੍ਹਾਂ ਦੀ ਵਿੱਤੀ ਸਮਰੱਥਾ ਤੋਂ ਬਾਹਰ ਹੋ ਰਹੀਆਂ ਮਹਿਸੂਸ ਹੋ ਗਈਆਂ। ਇਨ੍ਹਾਂ ਵਿਚ ਮੁੱਖ ਤੌਰ ’ਤੇ ਆਵਾਜਾਈ, ਖਾਣ-ਪੀਣ ਦੀਆਂ ਵਸਤਾਂ ਅਤੇ ਮਕਾਨ ਸ਼ਾਮਿਲ ਹਨ।

35 ਤੋਂ 44 ਸਾਲ ਦੀ ਉਮਰ ਵਾਲੇ 50 ਪ੍ਰਤੀਸ਼ਤ, 45 ਤੋਂ 54 ਸਾਲ ਦੀ ਉਮਰ ਵਾਲੇ 41 ਪ੍ਰਤੀਸ਼ਤ ਅਤੇ 65 ਸਾਲ ਤੋਂ ਉੱਪਰ ਦੀ ਉਮਰ ਵਾਲੇ 25 ਪ੍ਰਤੀਸ਼ਤ ਲੋਕ ਆਪਣੀਆਂ ਵਿੱਤੀ ਜ਼ਰੂਰਤਾਂ ਪੂਰੀਆਂ ਕਰਨ ਵਿਚ ਔਖ ਮਹਿਸੂਸ ਕਰਨ ਕਰ ਕੇ ਬਾਹਾਂ ਖੜ੍ਹੀਆਂ ਕਰਨ ਲਈ ਮਜਬੂਰ ਹਨ। 2022 ਵਿਚ ਮਕਾਨ ਕਿਰਾਇਆ ਕੌਮੀ ਪੱਧਰ ’ਤੇ 11 ਪ੍ਰਤੀਸ਼ਤ ਵਧ ਗਿਆ। ਕਦੇ ਦੁਨੀਆ ਦੇ ਅਤਿ ਵਿਕਸਤ, ਖੂਬਸੂਰਤ ਅਤੇ ਵਿੱਤੀ ਜ਼ਰੂਰਤਾਂ ਪ੍ਰਤੀ ਸਮਰੱਥ ਅਤੇ ਖੁਸ਼ਹਾਲ ਦੇਸ਼ ਅਖਵਾਉਣ ਵਾਲੇ ਕੈਨੇਡਾ ਵਿਚ ਅੱਜ ਚਾਰ ਵਿਅਕਤੀਆਂ ਵਿਚੋਂ ਅਚਾਨਕ ਲੋੜ ਦੀ ਪੂਰਤੀ ਲਈ 500 ਡਾਲਰ ਉਪਲੱਬਧ ਨਹੀਂ ਹਨ। ਲੋਕ ਠੱਗੀਆਂ ਮਾਰਨ ’ਤੇ ਉਤਾਰੂ ਹਨ।

15 ਤੋਂ 24 ਸਾਲ ਦੇ 60 ਪ੍ਰਤੀਸ਼ਤ, 24 ਤੋਂ 34 ਸਾਲ ਦੇ 56 ਪ੍ਰਤੀਸ਼ਤ ਲੋਕ ਮਕਾਨ ਜਾਂ ਕਿਰਾਏ ਲਈ ਧਨ ਜੁਟਾਉਣ ਤੋਂ ਅਸਮਰੱਥਾ ਜ਼ਾਹਿਰ ਕਰਦੇ ਹਨ ਲੇਕਿਨ 65 ਸਾਲ ਤੋਂ ਉਪਰ ਵਾਲੇ ਇਸ ਸੂਚੀ ਵਿਚ ਆਉਣ ਵਾਲੇ 27 ਪ੍ਰਤੀਸ਼ਤ ਹਨ। 2021 ਦੇ ਕੈਨੇਡੀਅਨ ਹਾਊਸਿੰਗ ਸਰਵੇ ਅਨੁਸਾਰ ਪਿਛਲੇ ਦਹਾਕੇ 2010 ਤੋਂ 2020 ਨਾਲੋਂ ਚਾਲੂ ਦਹਾਕੇ ਵਿਚ ਨੌਜਵਾਨਾਂ ਵਿਚ ਮਕਾਨ ਖਰੀਦਣ ਦੀ ਵਿੱਤੀ ਸਮਰੱਥਾ ਵਿਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਪਹਿਲਾਂ ਜਿਸ ਮਕਾਨ ਦੇ ਕਰਜ਼ੇ ਦੀਆਂ ਕਿਸ਼ਤਾਂ ਇਕ ਪੀੜ੍ਹੀ ਉਤਾਰ ਸਕਣਯੋਗ ਸੀ, ਹੁਣ ਇਹ ਭਾਰ ਦੂਸਰੀ ਪੀੜ੍ਹੀ ਨੂੰ ਵੀ ਉਤਾਰਨਾ ਪਵੇਗਾ। 74 ਪ੍ਰਤੀਸ਼ਤ ਕਾਲੇ ਅਤੇ 65 ਪ੍ਰਤੀਸ਼ਤ ਸਾਊਥ ਏਸ਼ੀਅਨ ਕੈਨੇਡੀਅਨਾਂ ਨੂੰ ਜੀਵਨ ਵਿਚ ਮਕਾਨ ਖਰੀਦਣ ਦਾ ਸੁਫਨਾ ਸਕਾਰ ਹੁੰਦਾ ਦਿਖਾਈ ਨਹੀਂ ਦਿੰਦਾ ਲੱਗਦਾ। ਬੈਂਕ ਆਫ ਕੈਨੇਡਾ ਦੇ ਪਿਛਲੇ ਮਹੀਨੇ ਦੇ ਸਰਵੇ ਅਨੁਸਾਰ 58.33% ਕੈਨੇਡੀਅਨ ਆਪਣੀ ਮਾਸਿਕ ਕਰਿਆਨਾ ਅਤੇ 50 ਪ੍ਰਤੀਸ਼ਤ ਆਪਣੇ ਆਵਾਜਾਈ ਦੇ ਖਰਚਿਆਂ ਵਿਚ ਕਟੌਤੀ ਕਰਨ ਲਈ ਮਜਬੂਰ ਹੋਏ ਹਨ।

ਪਿਛਲੇ 12 ਮਹੀਨਿਆਂ ਵਿਚ 38 ਪ੍ਰਤੀਸ਼ਤ ਅਟਲਾਂਟਾ ਤੇ ਪ੍ਰੇਰੀ, 29 ਪ੍ਰਤੀਸ਼ਤ ਕਿਊਬੈਕ ਨਿਵਾਸੀ ਆਪਣੀਆਂ ਘਰੇਲੂ ਜ਼ਰੂਰਤਾਂ ਦੀ ਪੂਰਤੀ ਲਈ ਬੁਰੀ ਤਰ੍ਹਾਂ ਬੇਜ਼ਾਰ ਨਜ਼ਰ ਆਏ ਹਨ। 47 ਪ੍ਰਤੀਸ਼ਤ ਓਂਟਾਰੀਅਨਜ਼ ਅਤੇ 46 ਪ੍ਰਤੀਸ਼ਤ ਬ੍ਰਿਟਿਸ਼ ਕੋਲੰਬੀਅਨ ਘਰਾਂ ਦੀਆਂ ਕੀਮਤਾਂ ਅਸਮਾਨੀ ਚੜ੍ਹਨ ਕਰ ਕੇ ਹੈਰਾਨ-ਪ੍ਰੇਸ਼ਾਨ ਹਨ। ਫਿਰ ਵੀ 37 ਪ੍ਰਤੀਸ਼ਤ 25 ਤੋਂ 34 ਅਤੇ 10 ਕੁ ਪ੍ਰਤੀਸ਼ਤ 65 ਸਾਲਾਂ ਤੋਂ ਉਪਰ ਵਾਲੇ ਕੈਨੇਡੀਅਨ ਇਕ ਸਾਲ ਵਿਚ ਵਿੱਤੀ ਹਾਲਤ ਸੁਧਰਨ ਦੀ ਆਸ ਰੱਖਦੇ ਹਨ।

ਕੀਮਤਾਂ ਨੂੰ ਕੱਸ ਕੇ ਲਗਾਮ ਦੇਣ ਵਾਲਾ ਨਿਜ਼ਾਮ ਪ੍ਰਧਾਨ ਮੰਤਰੀ ਟਰੂਡੋ ਦੇ ਪ੍ਰਸ਼ਾਸਨ ਦੇ ਨੱਕ ਹੇਠ ਗਰਕ ਗਿਆ ਹੈ। ਕਾਰਪੋਰੇਟਵਾਦ, ਲੈਂਡ, ਹਾਊਸਿੰਗ, ਡਰੱਗ ਮਾਫੀਆ ਬੇਲਗਾਮ ਦਨ-ਦਨਾ ਰਿਹਾ ਹੈ। ਵਿਰੋਧੀ ਧਿਰ ਦੇ ਕੰਜ਼ਰਵੇਟਿਵ ਆਗੂ ਪੈਰੇ ਪੋਲੀਵਰ ਅਨੁਸਾਰ ਮਹਿੰਗਾਈ ਤੋਂ ਹਾਊਸਿੰਗ ਕੀਮਤਾਂ, ਵਿਆਜ ਦਰਾਂ ਤੋਂ ਅਪਰਾਧ ਦਰਾਂ ਦੇ ਵਾਧੇ, ਨਸ਼ੀਲੇ ਪਦਾਰਥਾਂ ਦੀ ਮਹਾਮਾਰੀ ਤੋਂ ਹਵਾਈ ਅੱਡਾ ਭੀੜਾਂ ਅਤੇ ਗੈਰ-ਕਾਨੂੰਨੀ ਸਰਹੱਦੀ ਉਲੰਘਣਾਵਾਂ ਇਸ ਦੇਸ਼ ਨੂੰ ਹਰ ਪਾਸਿਓਂ ਤੋੜ ਅਤੇ ਬਰਬਾਦ ਕਰ ਰਹੀਆਂ ਹਨ। ਏਸ਼ੀਅਨ, ਲਾਤੀਨੀ ਅਤੇ ਪੱਛਮੀ ਦੇਸ਼ਾਂ ਦੇ ਲੋਕਾਂ ਵਲੋਂ ਕੈਨੇਡਾ ਨਾ ਛੱਡਣ ਦੇ ਚਰਚੇ ਹਨ।

ਅਮਰੀਕੀ ਲੋਕ ਵੀ ਮਹਿੰਗਾਈ ਦੀ ਮਾਰ, ਸਿਹਤ ਤੇ ਸਿਖਿਆ ਸੇਵਾਵਾਂ ਵਿਚ ਨਿਘਾਰ ਅਤੇ ਅਸੁਰੱਖਿਅਤ ਭਵਿੱਖ ਤੋਂ ਇੰਨੇ ਮਾਯੂਸ ਹਨ ਕਿ ਉਹ ਚਾਹੁੰਦੇ ਹਨ ਕਿ ਅਮਰੀਕਾ ਅੰਦਰ ਪੱਛਮ ਵਾਂਗ ਉਜਰਤਾਂ ਵਿਚੋਂ ਭਾਵੇਂ 50 ਪ੍ਰਤੀਸ਼ਤ ਕਟੌਤੀ ਕਰ ਲਵੇ ਪਰ ਉਨ੍ਹਾਂ ਵਰਗੀਆਂ ਸਿਹਤ, ਸਿਖਿਆ ਅਤੇ ਜਨਤਕ ਸੇਵਾਵਾਂ ਮੁਹੱਈਆ ਕਰਵਾਏ। ਆਮ ਅਮਰੀਕੀ ਦੇਸ਼ ਦੀਆਂ ਗਲੋਬਲ ਚੌਧਰਵਾਦੀ ਨੀਤੀਆਂ ਤੋਂ ਤੰਗ ਹੈ।

ਪੂਰੇ ਗਲੋਬ ਦੇ ਭੂਗੋਲ ਅਤੇ ਜਨਤਕ ਰਹਿਣ-ਸਹਿਣ ’ਤੇ ਡੂੰਘੀ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਧਰਤੀ ਉਤੇ ਕਿਧਰੇ ਵੀ ਪੰਜਾਬ ਵਰਗੀ ਜ਼ਰਖੇਜ਼ ਮਿੱਟੀ, ਮਨਮੋਹਕ ਵਾਤਾਵਰਨ, ਮਾਨਵ ਸ਼ਕਤੀ ਭਰਿਆ ਦੇਸ਼ ਨਹੀਂ। ਬਸਤੀਵਾਦੀ ਬ੍ਰਿਟਿਸ਼ ਅਤੇ ਅਮਰੀਕੀ ਸਾਮਰਾਜ ਨੇ ਇਸ ਦੇ ਫਿਰਕੂ ਜ਼ਹਿਰ ਆਧਾਰਿਤ ਸਾਜਿ਼ਸ਼ ਰਾਹੀਂ 1947 ਵਿਚੋਂ ਦੋ ਟੋਟੇ ਕਰ ਦਿਤੇ। ਭਰਾਵਾਂ ਤੋਂ ਭਰਾ ਮਰਵਾ ਦਿੱਤੇ। ਦਸ ਲੱਖ ਪੰਜਾਬੀ ਮਾਰੇ ਗਏ। ਪੰਜਾਬ ਦੀ ਪੱਤ ਰੁਲ ਗਈ। ਪੂਰਬੀ ਪੰਜਾਬ ਨੂੰ ਭਾਰਤ ਰੋਟੀ ਖਾਤਰ ਚੱਟ ਗਿਆ। ਪੱਛਮੀ ਪੰਜਾਬ ਫੌਜੀ ਜਨਰਲਾਂ, ਸਾਮੰਤਵਾਦੀ ਜਾਗੀਰਦਾਰੀ ਅਤੇ ਕੱਟੜਵਾਦੀ ਮੁਲਾਣਾਵਾਦ ਚੱਟ ਗਿਆ। ਪੰਜਾਬੀ ਪੰਜਾਬ ਛੱਡਣ ਲਈ ਮਜਬੂਰ ਹੋ ਗਏ। ਅੱਜ ਸੰਸਾਰ ਦੇ ਹਰ ਕੋਨੇ ਵਿਚ ਪੰਜਾਬੀਆਂ, ਖਾਸਕਰ ਸਿੱਖ ਭਾਈਚਾਰੇ ਦਾ ਬੋਲਬਾਲਾ ਹੈ। ਜਿਥੇ ਕੈਨੇਡਾ, ਅਮਰੀਕਾ, ਪੱਛਮੀ ਦੇਸ਼ ਮਹਿੰਗਾਈ, ਕੋਵਿਡ-19 ਮਹਾਮਾਰੀ, ਸਰਮਾਏਦਾਰਾਨਾ ਕਰੋਨੀ ਕਾਰਪੋਰੇਟਵਾਦ, ਆਰਥਿਕ ਅਤੇ ਵਿੱਤੀ ਮੰਦਹਾਲੀ ਤੋਂ ਬੁਰੀ ਤਰ੍ਹਾਂ ਹਾਲੋ-ਬੇਹਾਲ ਹਨ, ਪੰਜਾਬੀ ਚੜ੍ਹਦੀਕਲਾ ਅਤੇ ਲੋੜਵੰਦਾਂ ਦੀ ਸੇਵਾ ਸੰਭਾਲ ਵੱਲ ਰੁਚਿਤ ਹਨ। ਅਮਰੀਕੀ ਰਾਸ਼ਟਰਪਤੀ, ਕਈ ਰਾਜਾਂ ਦੇ ਗਵਰਨਰ, ਕੈਨੇਡੀਅਨ ਪ੍ਰਧਾਨ ਮੰਤਰੀ ਮੰਨ ਚੁੱਕੇ ਹਨ ਕਿ ਕੁਦਰਤੀ ਕਰੋਪੀਆਂ, ਆਰਥਿਕਤਾ ਅਤੇ ਵਿੱਤੀ ਮੰਦਹਾਲੀਆਂ ਵੇਲੇ ਜਨਤਕ ਸਾਂਭ-ਸੰਭਾਲ ਲਈ ਪੰਜਾਬੀ, ਖਾਸਕਰ ਸਿੱਖ ਭਾਈਚਾਰਾ ਹਰ ਪ੍ਰਾਂਤ ਵਿਚ ਲੋੜੀਂਦਾ ਹੈ।