ਘਾਂਗਾ ਦੀ ਟੀਮ ਨੇ ਕਬੱਡੀ ਕੱਪ ਜਿੱਤਿਆ

ਘਾਂਗਾ ਦੀ ਟੀਮ ਨੇ ਕਬੱਡੀ ਕੱਪ ਜਿੱਤਿਆ

ਮੰਡੀ ਅਹਿਮਦਗੜ੍ਹ: ਗਰੇਵਾਲ ਸਪੋਰਟਸ ਕਲੱਬ ਨਾਰੰਗਵਾਲ ਵੱਲੋਂ ਕਬੱਡੀ ਕੱਪ ਟੂਰਨਾਮੈਂਟ ਗੋਬਿੰਦ ਨੈਸ਼ਨਲ ਕਾਲਜ਼ ਨਾਰੰਗਵਾਲ ਵਿੱਚ ਕਰਵਾਇਆ ਗਿਆ ਜਿਸ ਵਿੱਚ ਘਾਂਗਾ ਅਤੇ ਘੱਲ ਕਲਾਂ ਦੀਆਂ ਟੀਮਾਂ ਨੇ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕਰਕੇ ਕ੍ਰਮਵਾਰ ਇੱਕ ਲੱਖ ਰੁਪਏ ਅਤੇ 71 ਹਜ਼ਾਰ ਰੁਪਏ ਦੇ ਇਨਾਮ ਜਿੱਤੇ। ਬਿੱਕਾ ਛਾਤਰ ਅਤੇ ਬਲਕਰਨ ਕਲਿਆਣ ਸਰਬੋਤਮ ਧਾਵੀ ਅਤੇ ਗੁਰਵਿੰਦਰ ਘਾਂਗਾ ਤੇ ਪੰਮਾ ਮਹੋਲੀ ਬੈਸਟ ਜਾਫੀ ਐਲਾਨੇ ਗਏ। ਫਤਿਹਗੜ੍ਹ ਸਾਹਿਬ ਹਲਕੇ ਦੇ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਬੋਪਾਰਾਏ ਦੀ ਅਗਵਾਈ ਹੇਠ ਕਰਵਾਏ ਗਏ ਟੂਰਨਾਮੈਂਟ ਦਾ ਉਦਘਾਟਨ ਕਾਮਿਲ ਬੋਪਾਰਾਏ ਨੇ ਕੀਤਾ ਜਦਕਿ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਤੇ ਜੱਸੀ ਖੰਗੂੜਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਟੂਰਨਾਮੈਂਟ ਦੇ ਸੰਚਾਲਕ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਭਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਨਾਰੰਗਵਾਲ ਤੇ ਮਹਿਮਾ ਸਿੰਘ ਵਾਲਾ ਪਿੰਡਾਂ ਦੇ ਐੱਨਆਈਆਰ ਭਰਾਵਾਂ ਤੇ ਸੰਸਥਾਵਾਂ ਵੱਲੋਂ ਕਰਵਾਏ ਗਏ ਟੂਰਨਾਮੈਂਟ ਵਿੱਚ ਪੰਜਾਬ ਤੇ ਲਾਗਲੇ ਸੂਬਿਆਂ ਦੀਆਂ ਪ੍ਰਮੁੱਖ ਕਬੱਡੀ ਟੀਮਾਂ ਨੇ ਹਿੱਸਾ ਲਿਆ ਅਤੇ ਜੇਤੂਆਂ ਨੂੰ ਦਿਲਕਸ਼ ਇਨਾਮ ਦਿੱਤੇ ਗਏ।